ਕਵਿਤਾ

ਨਵਜੋਤ ਕੌਰ ਨਿਮਾਣੀ

(ਸਮਾਜ ਵੀਕਲੀ)

ਬੀਤੇ ਦਿਨ ਕਦ ਵਾਪਿਸ ਆਉਂਦੇ
ਕਈ ਉਮਰਾਂ ਦੀ ਮਾਰ ਕਹਿਣ
ਕਈ ਆ ਹੱਥੋਂ ਰੇਤ ਵਾਂਗ ਕਿਰ ਜਾਂਦੇ
ਉਹ ਹਾਸੇ ਠੱਠੇ ਬਾਬਲੇ ਦੀ ਛੱਤ ਥੱਲੇ
ਬੇਫਿਕਰੀਆਂ ਦੇ ਡੇਰੇ

ਉਹ ਨੱਚਣਾ ਟੱਪਣਾ ਗਾਉਣਾ
ਚੀਂ ਚੀਂ ਚਿੜੀਆਂ ਵਾਂਗ ਸ਼ੋਰ ਪਾਉਣਾ
ਸਖ਼ੀਆਂ ਦੇ ਹੱਕ ਜਮਾਉਣਾ
ਰੋਅਬ ਪਾਉਣਾ ਤੇ ਕਦੀ ਸਹਿਣਾ
ਨਿੱਕੀਆਂ ਨਿੱਕੀਆਂ ਗੱਲਾਂ ਨਾਲ
ਮਾਂ ਤੋਂ ਆਪਣੀ ਈਂਨ ਮਨਵਾਉਣਾ
ਕਈ ਵਾਰ ਮਾਂ ਦੇ ਪਤਿਆਇਆਂ
ਜ਼ਲਦੀ ਮਨ ਜਾਣਾ

ਛਾਈਂ ਛਮਾਈ ਕਿਤੇ ਇੱਕ ਸੂਟ ਮਿਲਣਾ
ਪਾਇ ਪਿੰਡੇ ਸ਼ੀਸ਼ੇ ਮੁਹਰੇ ਖੜ੍ਹਨਾਂ
ਨਿੱਕੀ ਨਿੱਕੀ ਬੇਮੁੱਲੀ ਚੀਜ਼ ਨਾਲ
ਖੁਸ਼ੀ ਚ ਅਨੰਦਿਤ ਹੋ ਜਾਣਾ
ਭੈਣਾਂ ਭਰਾਵਾਂ ਇੱਕ ਦੂਜੇ ਦੇ ਪੁੱਠੇ ਨਾਵੇਂ ਰੱਖਣਾ
ਐਵੇਂ ਤਾਹਨੇ ਮਿਹਣੇ ਕਸਦੇ ਤੇ ਹੱਸਦੇ ਰਹਿਣਾ
ਲੜ ਝਗੜ ਫਿਰ ਇਕਠੇ ਹੋ ਜਾਣਾ
ਪਿਤਾ ਦੀ ਇੱਕ ਘੂਰੀ ਤੇ ਸਭਨੇ
ਕਿਤਾਬ ਫੜ ਜਾਂ ਆਪਣੇ ਕੰਮੀਂ ਲੱਗ ਜਾਣਾ

ਕੁੜੀਆਂ ਚਿੜੀਆਂ ਕੱਦ ਬਾਬਲੇ ਨੇ ਘਰ ਰੱਖੀਆਂ
ਬਣ ਡਾਰਾਂ ਕਿਸੇ ਦੂਰ ਕਿਸੇ ਲਾਗੇ ਕੂਚ ਕਰ ਜਾਣਾ
ਗ੍ਰਹਿਸਤੀ ਦੇ ਬੋਝਾਂ ਚ ਦੱਬਦੇ ਜਾਣਾ
ਹਾਸਿਆਂ ਦਾ ਖੰਭ ਲੱਗ ਉਡ ਜਾਣਾ
ਮੂੰਹ ਤੇ ਫ਼ਿਕਰਾਂ ਦੀਆਂ ਲਕੀਰਾਂ ਦਾ ਪੈ ਜਾਣਾ
ਵਾਲਾ ਦੀ ਸਫੇਦੀ ਦਾ
ਜ਼ਿੰਦਗੀ ਦੇ ਸਾਲਾਂ ਦੇ ਤਜਰਬੇ ਦੱਸਦੇ ਜਾਣਾ
ਵਕਤ ਨੇ ਚਲਦੇ ਜਾਣਾ, ਚਲਦੇ ਜਾਣਾ
ਇਸ ਨੇ ਨਾ ਰੁਕਣਾ ਨਾ ਕਿਸੇ ਤੋਂ ਥੰਮਿਆ ਜਾਣਾ
ਹੋਲੀ ਹੋਲੀ ਦਿਨ ਸੁਆਸਾਂ ਦੇ ਮੁਕਣ ਦੇ ਆਉਂਦੇ
ਪਰ ਬੀਤੇ ਦਿਨ ਕਦ ਵਾਪਿਸ ਆਉਂਦੇ

ਨਵਜੋਤ ਕੌਰ ਨਿਮਾਣੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਥਾਹ ਸ਼ਾਂਤੀ
Next articleਪਵਿੱਤਰ ਗ੍ਰੰਥ