ਇਨਕਾਰੀ ਬਿਰਤੀ ਦੇ ਗੁਲਾਮ ਹਾਂ ਅਸੀਂ !

ਸਾਹਿਬ ਸਿੰਘ

(ਸਮਾਜ ਵੀਕਲੀ)

ਏਸੇ ਲਈ ਹੱਲ ਨਹੀਂ ਲੱਭਦੇ!!

ਕਿਸੇ ਵੀ ਸਮੱਸਿਆ ਜਾਂ ਮਸਲੇ ਦਾ ਹੱਲ ਲੱਭਣ ਲਈ ਉਚੀ ਉਚੀ ਟਾਹਰਾਂ ਮਾਰਨੀਆਂ..ਇਕ ਦੂਜੇ ਨੂੰ ਬੁਰਾ ਭਲਾ ਕਹਿਣਾ..ਧਿਰ ਬਣਾ ਕੇ ਅਲੋਚਨਾ ਕਰਨਾ ਕਦੇ ਵੀ ਸਹਾਈ ਨਹੀਂ ਹੁੰਦਾ !..ਹਮੇਸ਼ਾਂ ਹੱਲ ਉਦੋਂ ਹੀ ਨਿਕਲਦੈ ਜਦੋਂ ਮਸਲੇ ਦੀ ਜੜ੍ਹ ਫੜ ਲਈਏ ਤੇ ਜੋ ਖੁਦ ਗਲਤ ਕਰ ਚੁਕੇ ਹਾਂ ਜਾਂ ਕਰ ਰਹੇ ਹਾਂ ,ਉਸਨੂੰ ਸਮਝ ਕੇ ਮੰਨ ਲਈਏ..ਤੇ ਫੇਰ ਸਹੀ ਕਰਨ ਦੀ ਕੋਸ਼ਿਸ਼ ਕਰੀਏ .ਪਰ ਅਫ਼ਸੋਸ ..ਅਸੀਂ ਇਨਕਾਰੀ ਬਿਰਤੀ ਦੇ ਮਾਲਿਕ ਬਣ ਗਏ ਹਾਂ ..ਅੰਗਰੇਜ਼ੀ ਆਲ਼ੇ ਜਿਸਨੂੰ Denial Mode ਕਹਿੰਦੇ ਨੇ..ਕੁੱਝ ਵੀ ਮੰਨਦੇ ਨਹੀਂ ..ਬਸ ਜ਼ਿੱਦੀ ਹੋ ਗਏ ਹਾਂ ..ਸਾਡੇ ਸਿਆਸੀ ਤੇ ਧਾਰਮਿਕ ਆਗੂ ਸਾਡੇ ਇਸ ‘ਗੁਣ’ ਨੂੰ ਹੋਰ ਪਕੇਰਾ ਕਰਨ ‘ਚ ਮਦਦ ਕਰ ਰਹੇ ਨੇ..ਕਿਵੇਂ ..ਕਿਉਂ !!

ਪਿਛਲੇ ਦਿਨਾਂ ‘ਚ ਕੁੱਝ ਬਹੁਤ ਬੁਰਾ ਵਾਪਰਿਆ ..ਦੋ ਮਨੁੱਖੀ ਜਾਨਾਂ ਗਈਆਂ..ਇਕ ਗੱਭਰੂ ਅਣਿਆਈ ਮੌਤ ਮਾਰਿਆ ਗਿਆ ..ਇਕ ਮੁਟਿਆਰ ਜ਼ਲਾਲਤ ਸਹਿੰਦੀ ਸਹਿੰਦੀ ਮੁੱਕ ਗਈ..ਕੌਣ ਇਨਸਾਨ ਹੋ ਸਕਦਾ ਜੋ ਇਹਨਾਂ ਮੌਤਾਂ ਤੋਂ ਦੁਖੀ ਨਾ ਹੋਵੇਗਾ..ਇਹ ਦੋਵੇਂ ਕਿਸੇ ਜੰਗ ‘ਚ ਨਹੀਂ ਮਰੇ..ਕਿਸੇ ਮਕਸਦ ਤੋਂ ਕੁਰਬਾਨ ਨਹੀਂ ਹੋਏ..ਪਰ ਮਾਰੇ ਗਏ..ਹਜੂਮ ਦੇ ਹੱਥੋਂ ..ਇਕ ਹਜੂਮ ਜੋ ਜੋੜ ਮੇਲੇ ‘ਚ ਭੂਤਰੇ ਸਾਹਨ ਦੀ ਤਰ੍ਹਾਂ ਮੇਲਾ ਮੇਲਾ ਕਰਦੈ..ਤੇ ਦੂਜਾ ਹਜੂਮ ਜੋ ‘ਉਚ ਜ਼ਾਤ’ ਦੇ ਅੱਥਰੇ ਘੋੜੇ ‘ਤੇ ਸਵਾਰ ਹਰ ‘ਨਿੱਕ ਸੁੱਕ’ ਨੂੰ ਠੱਠਾ ਕਰਨਾ ਆਮ ਗੱਲ ਸਮਝਦੈ!..ਦੋਵੇਂ ਹਜੂਮ ਪੈਦਾ ਕਿਸਨੇ ਕੀਤੇ!..ਅਸੀਂ ਕੀਤੇ..ਖੁਦ..ਆਪਣੀ ਮੂਰਖਤਾ ਕਾਰਣ ਤੇ ਅਣਗਹਿਲੀ ਕਾਰਣ!

“ਜ਼ਾਤ ਗੋਤ ਸਿੰਘਨ ਕੀ ਦੰਗਾ, ਦੰਗਾ ਹੀ ਇਨ ਗੁਰ ਤੇ ਮੰਗਾ..ਪਚੇ ਨਾ ਅੰਨ ਕਰੇ ਬਿਨ ਦੰਗਾ, ਔਰਨ ਨਹੀਂ ਤੋ ਆਪਨ ਸੰਗਾ!!”..ਇਹ ਸਤਰਾਂ ਕਿਹਨੇ ਲਿਖੀਆਂ !..ਕਿਉਂ ਪ੍ਰਵਾਨ ਕਰ ਲਈਆਂ !!..ਕਿਹਨੇ ਮੋਹਰ ਲਾਈ ਇਹਨਾਂ ਸਤਰਾਂ ‘ਤੇ!!..ਮਹਾਂ ਉਜੱਡ ਪ੍ਰੀਭਾਸ਼ਾ..ਉਹ ਵੀ ਸਿੰਘਾਂ ਦੀ..ਤੇ ਸਿੰਘ ਮਾਣ ਕਰਦੇ ਰਹਿਣ ਇਸ ‘ਤੇ!!..ਜਦੋਂ ਕੋਈ “ਕੌਮ ਦਾ ਆਗੂ” ਹੁੱਬ ਕੇ ਇਹ ਚੌਪਈ ਸੁਣਾਉਂਦਾ ਤਾਂ ਅਸੀਂ ਵਿਰੋਧ ਕਿਉਂ ਨਹੀਂ ਕਰਦੇ..ਕਿਉਂ ਨਹੀਂ ਕਹਿੰਦੇ ਕਿ “ਭਾਈ, ਅਸੀਂ ਤੇਰੇ ਨਾਲ ਹਾਂ ਪਰ ਗਲਤ ਗੱਲ ਨਾ ਕਰ!..ਖਾਲਸਾ ਤਾਂ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਹੀ ਇਸ ਕਰਕੇ ਸੀ ਕਿ ਇਕ ਅਨੁਸ਼ਾਸਿਤ ਫੌਜ ਤਿਆਰ ਕੀਤੀ ਜਾ ਸਕੇ..ਨਹੀਂ ਤਾਂ ਲੜ ਤਾਂ ਸਿੰਘ ਉਸਤੋਂ ਪਹਿਲਾਂ ਵੀ ਰਹੇ ਹੀ ਸੀ!”

..ਸਿੰਘ ਦੰਗਈ ਕਿਉਂ ਬਣਾ ਦਿਤੇ ਇਕ ਕਵੀ ਨੇ!..ਭਾਵੇਂ ਕਿ ਉਹ ਕਵੀ ਉਸ ਕਵਿਤਾ ‘ਚ ਕੁੱਝ ਬਹੁਤ ਖੂਬਸੂਰਤ ਗੱਲਾਂ ਵੀ ਕਰਦੈ ਜਿਵੇਂ ਕਹਿੰਦਾ ਹੈ,” ਜਾਤ ਅਰ ਪਾਤ ਗੁਰੂ ਹਮਰੇ ਮਿਟਾਈ..ਜਬ ਪਾਂਚ ਸਿੰਘ ਹਮ ਪਹੁਲ ਪਿਲਾਈ!”..ਪਰ “ਕੌਮ ਦੇ ਆਗੂਆਂ ” ਨੇ ਸਿਰਫ ਦੰਗੇ ਵਾਲ਼ੀ ਸਤਰ ਨੂੰ ਪ੍ਰਚਾਰ ਕੇ ਨਿਹੰਗ ਸਿੰਘਾਂ ਦੀ ਹਰ ਚੰਗੀ ਮਾੜੀ ਕਾਰਵਾਈ ਨੂੰ ਜਾਇਜ਼ ਬਣਾ ਦਿਤੈ..ਹੁਣ ਦੰਗਾ, ਰੌਲ਼ਾ,ਹੁੜਦੰਗਬਾਜ਼ੀ ਪੰਜਾਬੀ ਯੂਥ ਦਾ “ਕੌਮੀ ਚਿੰਨ੍ਹ” ਬਣ ਗਿਆ ..ਤੇ ਉਸ ਫੂਹੜ ਫੁਕਰੇਪਣ ਦਾ ਸ਼ਿਕਾਰ ਇਕ ਗੱਭਰੂ ਬਣ ਗਿਆ ..ਪਰ ਅਸੀਂ ਮੰਨਣ ਨੂੰ ਤਿਆਰ ਨਹੀਂ ਕਿ ਸਾਨੂੰ ਗਲਤ ਅਗਵਾਈ ਮਿਲ ਰਹੀ ਹੈ..ਅਸੀਂ ਮੰਨਣ ਨੂੰ ਤਿਆਰ ਨਹੀਂ ਕਿ ਸਾਨੂੰ ਸਿੱਖੀ ਪਿਲਾਈ ਤਾਂ ਜਾ ਰਹੀ ਹੈ ਪਰ ਸਮਝਾਈ ਨਹੀਂ ਜਾ ਰਹੀ..ਗਿਣਤੀ ਤਾਂ ਵਧਾਈ ਜਾ ਰਹੀ ਹੈ ਪਰ ਸਿੱਖੀ ਦੀ ਗੁਣਵੱਤਾ ਫਿਕਰਾਂ ‘ਚ ਸ਼ਾਮਿਲ ਨਹੀਂ ..

ਸਵਾ ਲਾਖ ਸੇ ਏਕ ਲੜਾਊਂ ਕਹਿਣ ਵਾਲ਼ੇ ਗੁਰੂ ਦਾ ਦਾਰਸ਼ਨਿਕ ਹੁਕਮ ਭੁੱਲ ਗਏ ਹਾਂ ਕਿ ਜੇ ਸੱਚੀਂ ਸਿੰਘ ਹੈੰ ਤਾਂ ਭੀੜ ਨਾਲ ਵੀ ਟੱਕਰ ਲੈ ਸਕਦੈੰ..!..ਹੁਣ ਭੀੜ ਪੈਦਾ ਕੀਤੀ ਜਾ ਰਹੀ ਹੈ..ਤੇ ਅਫਸੋਸ ਇਹ ਕਿ ਮੇਰੇ ਉਸੇ ਦਸਮ ਪਿਤਾ ਦੇ ਨਾਮ ‘ਤੇ ਕੀਤੀ ਜਾ ਰਹੀ ਹੈ..ਪਰ ਅਸੀਂ ਸਮਝਣ ਨੂੰ ਤਿਆਰ ਨਹੀਂ ..ਅਸੀਂ ਇਨਕਾਰੀ ਬਿਰਤੀ ਦੇ ਮਾਲਿਕ ਹੋ ਗਏ ਹਾਂ..ਨੌਜਵਾਨ ਪੀੜ੍ਹੀ ਨੂੰ ਅਸੀਂ ਮਿਲ ਕੇ ਇਕ ਅੰਨ੍ਹੇ ਖੂਹ ਵਲ ਧੱਕੀ ਜਾ ਰਹੇ ਹਾਂ ..ਜਿਹੜਾ ਸਿਆਣੀ ਗੱਲ ਕਰ ਕੇ ਉਹਨਾਂ ਨੂੰ ਰੋਕਣਾ ਟੋਕਣਾ ਚਾਹੁੰਦਾ ,ਉਹਨੂੰ ਅਸੀਂ ਦੁਤਕਾਰਨ ਦੇ ਰਾਹ ਪੈ ਗਏ ਹਾਂ ..ਲਗਦੈ ਇਹਨਾਂ ਮੁੰਡਿਆਂ ਨੇ ਛੇਤੀ ਮਰ ਜਾਣੈ!

ਹੁਣ ਅਮ੍ਰਿਤਸਰ ‘ਚ ਇਕ ਕੁੜੀ ਨੂੰ ਉਸਦੀ ਲਿਆਕਤ ਕਾਰਣ ਕੋਟੇ ਦੇ ਰੂਪ ‘ਚ ਡਾਕਟਰੀ ਦੀ ਪੜ੍ਹਾਈ ਦਾ ਮੌਕਾ ਮਿਲ਼ਿਆ ਸੀ.ਪਰ ਨਿੱਤ ਦੀ ਜ਼ਲਾਲਤ ਨੇ ਉਸਨੂੰ ਖੁਦਕੁਸ਼ੀ ਲਈ ਮਜਬੂਰ ਕਰਤਾ..ਜ਼ਾਤੀ ਸੂਚਕ ਸ਼ਬਦ ਤੇ ਕਿਸੇ ਦੀ ਸਮਾਜਿਕ ਹਾਲਤ ਦਾ ਮਜ਼ਾਕ ਉਡਾਉਣੈ..ਮਹਿਸੂਸ ਕਰ ਕੇ ਦੇਖੋ ਕਿ ਕਿਹੋ ਜਿਹੀ ਮਾਨਸਿਕ ਹਾਲਤ ਹੁੰਦੀ ਹੋਏਗੀ..ਉਸ ਕੁੜੀ ਦੀ ਮਾਂ ਦੇ ਬੋਲ ਸੁਣੋ..ਪੱਥਰ ਦਿਲ ਵੀ ਪਿਘਲ ਜਾਏਗਾ..ਪਰ ਅਸੀਂ ਇਕ ਸਤਰ ‘ਚ ਗੱਲ ਮੁਕਾ ਦੇਨੇ ਆਂ,” ਨਾ ਜੀ.ਹੁਣ ਤਾਂ ਵਿਤਕਰਾ ਹੈ ਈ ਨਹੀਂ !”..ਅਸੀਂ ਇਨਕਾਰੀ ਹੋ ਗਏ ਹਾਂ !..ਮੇਰਾ ਜਨਮ ਜੱਟ ਪਰਿਵਾਰ ‘ਚ ਹੋਇਆ ..ਜ਼ਿੰਦਗੀ ‘ਚ ਕੁੱਝ ਮੌਕਿਆਂ ‘ਤੇ ਆਪਣੇ ਲਈ ਭੈੜੇ ਵਿਸ਼ੇਸ਼ਣ ਸੁਣੇ..ਸਹੇ..ਪਰ ਸੰਭਲਣ ‘ਚ ਸਮਾਂ ਲੱਗਾ..ਤੇ ਜੋ ਪੈਦਾ ਹੀ ਭੈੜੇ ਵਿਸ਼ੇਸ਼ਣਾਂ ਦੀ ਭਰਮਾਰ ‘ਚ ਹੋਏ ਨੇ, ਉਹਨਾਂ ਬਾਰੇ ਸੋਚ ਕੇ ਤਾਂ ਦੇਖੋ..ਪੜ੍ਹ ਲਿਖ ਕੇ ਉਚ ਅਹੁਦਿਆਂ ‘ਤੇ ਵੀ ਪਹੁੰਚ ਗਏ ਪਰ ਸਾਡੇ ਮਿਹਣਿਆਂ ਤੋਂ ਬਚਦੇ ਫੇਰ ਵੀ ਨਹੀਂ ..ਕੋਈ ਲਿਬੜਿਆ ਤਿਬੜਿਆ ਬੂਝੜ “ਉਚ ਜ਼ਾਤੀ ਮਨੁੱਖ” ਝੱਟ ਕਹਿ ਦਿੰਦੈ,” ਸਾਲ਼ੇ ਚਮਾਰ ਸਾਡੇ ਸਿਰਾਂ ‘ਤੇ ਬਹਾ ਤੇ..ਸਾਲ਼ੀਆਂ ਢੇਡਾਂ ਮੂਹਰੇ ਹੱਥ ਜੋੜਨੇ ਪੈ ਗਏ!”..ਏਦਾਂ ਦਾ ਬਹੁਤ ਕੁੱਝ ਹੋ ਰਿਹੈ..ਪਰ ਅਸੀਂ ਹੱਲ ਕਦੋਂ ਕਰਾਂਗੇ ..ਅਸੀਂ ਤਾਂ ਇਨਕਾਰੀ ਹੋ ਗਏ ਹਾਂ ! ..

ਕੁੱਝ ਦੋਸਤ ਫੋਨ ਕਰ ਕੇ ਲੜਦੇ ਨੇ ਕਿ “ਲੱਛੂ ਕਬਾੜੀਆ ਖੇਡ ਕੇ ਮੈਂ ਨਫ਼ਰਤ ਫੈਲਾ ਰਿਹਾਂ..ਜਦੋਂ ਕਿ ਹੁਣ ਕੋਈ “ਉਹਨਾਂ” ਨੂੰ ਕੁੱਝ ਗਲਤ ਕਹਿੰਦਾ ਹੀ ਨਹੀਂ !”..ਜਦੋਂ ਮੈਂ ਕਹਿੰਦਾ ਕਿ ਆ ਜਾਓ..ਮੇਰੇ ਨਾਲ ਚੱਲੋ..ਤੁਹਾਨੂੰ ਦਿਖਾ ਦਿਨਾਂ ਕਿ ਕਿਥੇ ਕੀ ਹੋ ਰਿਹੈ..ਤਾਂ ਮੁਕਰ ਜਾਂਦੇ ਨੇ..ਬਸ ਮੰਨਣਾ ਨਹੀਂ ਕੁੱਝ ਵੀ!..ਅਜੇ ਤਾਂ ਬਹੁਤੀ ਪੁਰਾਣੀ ਗੱਲ ਨਹੀਂ ..ਪੰਥਕ ਸਰਕਾਰ ਹੋਣ ਦਾ ਦਾਅਵਾ ਕਰਨ ਵਾਲੀ ਸਿਆਸੀ ਪਾਰਟੀ ਦਾ ਪ੍ਰਮੁੱਖ ਆਗੂ ਵੋਟਾਂ ਵੇਲ਼ੇ ਆਪਣੇ ਵਰਕਰਾਂ ਨੂੰ ਕਹਿੰਦਾ ਸੀ,” ਇਹਨਾਂ ਦੀਆਂ ਵੋਟਾਂ ਲੈਣੀਆਂ ਕੀ ਔਖੀਆਂ..ਪੰਜ ਸੌ ‘ਚ ਭੇਡ ਵਿਕਦੀ ਐ ਤੇ ਢਾਈ ਸੌ ‘ਚ ਢੇਡ!”..( ਮੁਕਤਸਰ ਵਲ ਦਲਿਤਾਂ ਲਈ ਢੇਡ ਲਫ਼ਜ਼ ਵਰਤਿਆ ਜਾਂਦਾ !)..ਅਜੇ ਤਾਂ ਕੱਲ੍ਹ ਗੁਰਦੁਆਰਿਆਂ ਤੋਂ ਬਾਈਕਾਟ ਪੜ੍ਹੇ ਜਾ ਰਹੇ ਸੀ..ਅਸੀਂ ਇਨਕਾਰੀ ਕਿਉਂ ਹੋ ਗਏ ਹਾਂ !

ਇਕ ਦਲੀਲ ਦਿਤੀ ਜਾਂਦੀ ਐ,” ਅਸੀਂ ਤਾਂ ਨਹੀਂ ਕਰਦੇ ਵਿਤਕਰਾ ..ਸਾਡੇ ਇਲਾਕੇ ‘ਚ ਤਾਂ ਨਹੀਂ ਹੁੰਦਾ ਏਦਾਂ ਦਾ ਕੁਸ਼!”..ਚੰਗੀ ਗੱਲ ਹੈ..ਹੋਰ ਵੀ ਬਹੁਤ ਨੇ ਜੋ ਵਿਤਕਰਾ ਨਹੀਂ ਕਰਦੇ..ਹੋਰ ਵੀ ਇਲਾਕੇ ਲੱਭੀਏ ਜਿਥੇ ਵਿਤਕਰਾ ਨਹੀਂ ਹੁੰਦਾ ..ਫੇਰ ਜਿਥੇ ਹੁੰਦਾ ,ਉਥੇ ਚਲੀਏ..ਵਿਚਾਰ ਕਰੀਏ..ਨੁਕਸ ਲੱਭੀਏ..ਬਹਿ ਕੇ..ਖਹਿਬੜ ਕੇ ਨਹੀਂ ..ਬਾਬੇ ਵਾਲ਼ੀ ਗੋਸ਼ਟੀ ਰਚਾਈਏ..ਤੇ ਯਾਦ ਰੱਖੀਏ ਕਿ ਹੱਲ ਉਦੋਂ ਨਿਕਲਣੈ ਜਦੋਂ ‘ਆਪਣਿਆਂ’ ਨੂੰ ਕਹਿਣ ਦੀ ਹਿੰਮਤ ਕਰਨ ਲੱਗ ਪਏ ਕਿ ਏਥੇ ਗਲਤ ਹੋ!..ਬਾਬਾ ਨਾਨਕ ਨੇ ਕਿਹਨਾਂ ਨੂੰ ਕਿਹਾ ਸੀ ਕਿ ਫਲਾਣੀ ਫਲਾਣੀ ਰਸਮ ਪਖੰਡ ਹੈ..ਹਿੰਦੂਆਂ ਨੂੰ ! ਤੇ ਬਾਬਾ ਖੁਦ ਕਿਸ ਪਰਿਵਾਰ ‘ਚ ਜਨਮਿਆ ਸੀ.ਹਿੰਦੂਆਂ ‘ਚ!.ਅਰਥਾਤ ਬਾਬੇ ਨੇ ਜੁਅਰਤ ਕੀਤੀ ਸੀ ਆਪਣਿਆਂ ਨੂੰ ਟੋਕਣ ਤੇ ਰੋਕਣ ਦੀ!..ਆਓ ਤਰਕ ਦੇ ਰਾਹ ਪਈਏ..ਭੀੜ ਮਾਨਸਿਕਤਾ ਦਾ ਤਿਆਗ ਕਰੀਏ..ਜ਼ਰਾ ਹੋਸ਼ ਵਾਲ਼ੇ ਕੰਮ ਕਰੀਏ..ਆਪਣੇ ਗਿਰੇਬਾਨ ‘ਚ ਝਾਕੀਏ….ਕਿਥੇ…ਕੀ.ਕਿਸਤੋੰ..ਕਿਉਂ ਤੇ ਕਿਵੇਂ ਗਲਤ ਹੋ ਰਿਹੈ..ਸਮਝ ਕੇ ਮੰਨ ਲਈਏ..ਤੇ ਹੱਲ ਕੱਢੀਏ!.Denial mode ਤੋਂ ਬਾਹਰ ਆਈਏ ਤੇ ਅੱਗੇ ਵਧੀਏ!
ਦੋਵਾਂ ਜੁਆਨ ਮੌਤਾਂ ਦੇ ਦੁੱਖ ‘ਚ ਸ਼ਾਮਿਲ

ਸਾਹਿਬ ਸਿੰਘ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਧੀ ਦੀ ਆਮਦ ਲਈ ਅਰਦਾਸ
Next articleਅਰੋਗਿਆ -ਸਮੁੱਚੀ ਸਿਹਤ ਪ੍ਰੋਗਰਾਮ ਤਹਿਤ ਟੀ ਬੀ ਰੋਗ ਬਾਰੇ ਸਿਹਤ ਮੇਲਿਆਂ ਦਾ ਆਯੋਜਨ