(ਸਮਾਜ ਵੀਕਲੀ)
ਜਾਨਵਰ ਸਾਡੇ ਮੁਤਾਬਿਕ ਬੇਜ਼ੁਬਾਨ ਜਰੂਰ ਹੁੰਦੇ ਨੇ, ਪਰ ਅਸੀਂ ਇਨ੍ਹਾਂ ਨੂੰ ਬੇਸਮਝ ਨਾ ਮੰਨੀਏ, ਬਾਕੀ ਸਾਡੇ ਨਾਲੋਂ ਕਿਤੇ ਵੱਧ ਵਫ਼ਾਦਾਰੀ ਹੈ ਇਨ੍ਹਾਂ ਪੱਲੇ, ਅਸੀਂ ਇਨ੍ਹਾਂ ਤੋਂ ਦੁੱਧ ਜਹੀ ਨਿਆਮਤ ਤੋਂ ਸ਼ੁਰੂ ਹੋ ਕੇ, ਭਾਰ ਢੋਣ ਤੋਂ ਲੈ ਕੇ ਅਨੇਕਾਂ ਹੋਰ ਕਾਰਜਾਂ ਵਿਚ ਲੋੜ ਮਹਿਸੂਸ ਕਰਦੇ ਹਾਂ, ਅਸੀਂ ਇਨ੍ਹਾਂ ਦਾ ਮਾਸ ਤੱਕ ਵੀ ਖਾਂ ਜਾਂਦੇ ਹਾਂ, ਬਾਕੀ ਬਚਦਾ ਪਿੰਜਰ ਤੇ ਚਮੜੀ ਵੀ ਵਰਤੋਂ ਵਿਚ ਲਿਆਉਂਦੇ ਹਾਂ, ਹੋਰ ਕੀ ਗੁਣ ਦੱਸਾਂ ਇਨ੍ਹਾਂ ਦਰਵੇਸ਼ਾਂ ਦੇ, ਸਾਡੀ ਸਮਝਦਾਰਾਂ ਦੀ ਤਾਂ ਆਖਿਰ ਨੂੰ ਰਾਖ ਹੀ ਬਣਦੀ ਹੈ!
ਇਸ ਤਸਵੀਰ ਦੀ ਸਚਾਈ ਜਾਣਕੇ, ਮੈਨੂੰ ਸਾਥੋਂ ਜਾਨਵਰ ਚੰਗੇ ਲੱਗੇ, ਪੜ੍ਹਕੇ ਜਾਣਕਾਰੀ ਹਾਸਿਲ ਹੋਈ ਕਿ ਖੱਬੇ ਪਾਸੇ ਵਾਲਾ ਘੋੜਾ ਨੇਤਰਹੀਣ ਹੈ, ਤੇ ਸੱਜੇ ਪਾਸੇ ਵਾਲਾ ਘੋੜਾ ਮਦਦ ਕਰ ਟੱਬ ਫੜ ਕੇ ਉਸ ਨੂੰ ਕੁੱਝ ਖਿਲਾ-ਪਿਲਾ ਰਿਹਾ ਹੈ। ਕੁਦਰਤ ਨੂੰ ਧੰਨ ਮੰਨਦਿਆ ਮੈਂ ਮਹਿਸੂਸ ਕੀਤਾ ਕਿ… *ਕੁਦਰਤ ਸਾਡੇ ਵਾਸਤੇ ਬਹੁਤ ਵੱਡਾ ਸਕੂਲ ਹੈ, ਇੱਥੇ ਸਾਨੂੰ ਉਸ ਦੁਆਰਾ ਹਰ ਕਿਰਿਆ ਦਾ ਪ੍ਰਯੋਗ ਕਰਕੇ ਸਿਖਾਇਆ ਜਾਂਦਾ ਹੈ।*
ਕਿੰਨਾ ਚੰਗਾ ਹੋਵੇ ਜੇਕਰ ਅਸੀਂ ਮਨੁੱਖ ਵੀ ਆਪਣੇ ਤੋਂ ਕਮਜ਼ੋਰ ਤੇ ਬੇਵੱਸ਼ ਲੋਕਾਂ ਨਾਲ ਇਹੋ ਜਿਹਾ ਸਲੂਕ ਕਰੀਏ। ਲਗਦੇ ਇਨਸਾਨ ਹੋ ਕੇ ਸਾਨੂੰ ਜਾਨਵਰਾਂ ਤੋਂ ਸਿੱਖਣ ਦੀ ਜਰੂਰਤ ਹੈ। ਕੁਦਰਤ ਮੇਹਰ ਕਰੇ ਸਾਡਾ ਆਪਸ ਵਿਚ ਵਰਤਾਰਾ ਵੀ ਇਹੋ ਜਿਹਾ ਹੋਵੇ ਤਾਂ ਸਾਰੇ ਕਲੇਸ ਝੰਜਟ ਹੀ ਮੁਕ ਜਾਣ, ਸਭ ਦੀ ਜ਼ਿੰਦਗੀ ਖੂਬਸੂਰਤ ਹੋਵੇ!
ਸਾਨੂੰ ਪਤਾ ਨਹੀਂ ਕਿਉਂ ਸਮਝ ਨਹੀਂ ਆਉਂਦਾ ਕਿ ਚੰਗੀਆਂ ਆਦਤਾਂ, ਚੰਗੀਆਂ ਸੋਚਾਂ, ਚੰਗੀਆਂ ਵਿਉਂਤਾ, ਚੰਗੇ ਸਬੰਧ ਤੇ ਚੰਗੇ ਰਿਸ਼ਤੇ ਖ਼ੁਸ਼ਹਾਲੀ ਦੇ ਸਰੋਤ ਹੁੰਦੇ ਹਨ। ਹੈਂਕੜ ਨਾਲ, ਸਾਰੇ ਰਿਸ਼ਤਿਆਂ ਦੇ ਬੂਹੇ ਬੰਦ ਹੋ ਜਾਂਦੇ ਨੇ! ਸੱਚੀ ਹਮਦਰਦੀ ਸਾਨੂੰ ਥਕਾਉਂਦੀ ਨਹੀਂ, ਸਗੋਂ ਸਾਡੀ ਥਕਾਵਟ ਘਟਾਉਂਦੀ ਹੈ ਤੇ ਮਨਾਂ ਅੰਦਰ ਸਤਿਕਾਰ ਵਧਾਉਂਦੀ ਹੈ।
ਪਰ ਆਪਾਂ ਇਨਸਾਨ ਹੋ ਕੇ, ਵਰਤਮਾਨ ਨੂੰ ਇੰਨਾ ਗੁੰਝਲਦਾਰ ਬਣਾ ਲਿਆ, ਕਿ ਭਵਿੱਖ ਦੀਆਂ ਆਸਾਂ ਲਾਉਣੀਆਂ ਹੀ ਭੁੱਲ ਬੈਠੇ ਹਾਂ! ਮੰਨਿਆ ਜ਼ਿੰਦਗੀ ਸਾਨੂੰ ਸਮੱਸਿਆਵਾਂ ਦਿੰਦੀ ਹੈ, ਆਓ ਰਲ-ਮਿਲ ਕੇ ਇਨ੍ਹਾਂ ਨੂੰ ਹੱਲ ਕਰੀਏ। ਸਾਡਾ ਦਿਲ ਜਦੋਂ ਦੂਜਿਆਂ ਲਈ ਧੜਕਦਾ ਹੈ, ਉਦੋਂ ਇਹ ਸਭ ਤੋਂ ਪਵਿੱਤਰ ਕਾਰਜ਼ ਕਰਦਾ ਹੋਇਆ, ਸਭ ਤੋਂ ਵੱਧ ਖ਼ੁਸ਼ ਹੁੰਦਾ ਹੈ।
ਕੁਦਰਤ ਸਭ ਨੂੰ ਖ਼ੁਸ਼ ਰੱਖੇ, ਆਪਾਂ ਵੀ ਇਨਸਾਨੀ ਫਰਜਾਂ ਨੂੰ ਨਿਭਾਉਂਦੇ ਹੋਏ ਪੀੜਤਾਂ ਨੂੰ ਖ਼ੁਸ਼ੀ ਦੇਈਏ, ਇਸ ਤੋਂ ਵੱਡਾ ਦੁਨੀਆ ਤੇ ਕੋਈ ਹੋਰ ਦਾਨ ਹੈਨੀ! ਭਾਵੇਂ ਆਪਾਂ ਸਾਰੀ ਉਮਰ ਸਿੱਖਦੇ ਹਾਂ, ਪਰ ਮਰਦੇ ਨਾਦਾਨ ਹੀ ਫਿਰ ਵੀ ਜਿਉਂਦੇ ਜੀਅ ਹਰ ਸੰਭਵ ਯਤਨ ਕਰੀਏ ਕਿ ਸਾਡਾ ਮਰਨਾ ਸਫ਼ਲ ਹੋਵੇ! ਮੇਰੀ ਹੈਰਾਨੀ ਦੀ ਕੋਈ ਹੱਦ ਨਹੀਂ ਰਹਿੰਦੀ ਜਦੋਂ ਦੇਖਦਾ ਹਾਂ… *ਪੁਣ ਕੇ ਪਾਣੀ ਪੀਣ ਵਾਲੇ ਲੋਕ, ਗ਼ਰੀਬਾਂ ਦਾ ਖੂਨ ਅਣਪੁਣਿਆ ਹੀ ਪੀ ਜਾਂਦੇ ਨੇ, ਓ… ਹੋ!*
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly