ਅਮਰੀਕਨ ਸਿਟੀਜਨ ਮਹਿਲਾ ਜਸਵਿੰਦਰ ਕੌਰ ਉੱਪਲ ਦਾ ਅੰਤਰਰਾਸ਼ਟਰੀ ਮਹਿਲਾ ਦਿਵਸ ‘ਤੇ ਕੀਤਾ ਸਨਮਾਨ – ਲਾਇਨ ਸੋਮਿਨਾਂ ਸੰਧੂ

ਫੋਟੋ : ਕਲੱਬ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਕਲੱਬ ਦੇ ਅਫ਼ਸਰਾਂ ਨਾਲ ਇੰਟਰਨੈਸ਼ਨਲ ਵੋਮੈਨ ਦਿਵਸ ਤੇ ਸ਼੍ਰੀਮਤੀ ਜਸਵਿੰਦਰ ਕੌਰ ਉੱਪਲ ਅਤੇ ਸ਼੍ਰੀ ਅਮਰੀਕ ਸਿੰਘ ਉੱਪਲ ਦਾ ਸਨਮਾਨ ਕਰਦੇ ਹੋਏ।

21ਵੀਂ ਸਦੀ ਵਿੱਚ ਵੀ ਔਰਤਾਂ ਨੂੰ ਦਬਾਕੇ ਰੱਖਣਾ ਚਾਹੁੰਦੇ ਹਨ ਜਿਆਦਾਤਰ ਮਰਦ – ਅਮਰੀਕ ਸਿੰਘ ਉੱਪਲ ਯੂ.ਐੱਸ.ਏ

ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਔਰਤਾਂ ਅੱਜ 21ਵੀਂ ਸਦੀ ਦੇ ਦੌਰ ਵਿੱਚ ਹੋਣ ਦੇ ਬਾਵਜੂਦ ਵੀ ਜਬਰ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਹਨ, ਚਾਹੇ ਸਾਡੇ ਗੁਰੂ ਪੀਰ ਸਾਹਿਬਾਨਾਂ ਨੇ ਯੁੱਗਾਂ ਯੁਗਾਂਤਰਾਂ ਤੋਂ ਔਰਤਾਂ ਨੂੰ ਦੁਨੀਆਂ ਦਾ ਸਰਵੋਚਮ ਸਥਾਨ ਦੇਣ ਦੀ ਪ੍ਰਬਲ ਕੋਸ਼ਿਸ਼ ਕੀਤੀ ਹੈ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਵੀ ਆਪਣੇ ਅਨਮੋਲ ਵਚਨਾਂ ਰਾਹੀਂ ਕਿਹਾ ਕਿ ” ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ ” ਪਰ ਨਿੱਤ ਔਰਤਾਂ ਨਾਲ ਹੋ ਰਹੀਆਂ ਵਧੀਕੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਜੋ ਗੁਰੂ ਸਾਹਿਬਾਨਾਂ ਦੇ ਹੁਕਮਾਂ ਦੀ ਅਵੱਗਿਆ ਦਾ ਨਿੱਤ ਦਾ ਪ੍ਰਮਾਣ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਸੋਮਿਨਾਂ ਸੰਧੂ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਪਿੰਡ ਤਲਵਣ ਦੀ ਜੰਮਪਲ, ਅਮਰੀਕਨ ਸਿਟੀਜਨ ਮਹਿਲਾ ਜਸਵਿੰਦਰ ਕੌਰ ਉੱਪਲ ਦਾ ਸਨਮਾਨ ਕਰਦੇ ਹੋਏ ਕੀਤਾ।

ਇਸ ਮੌਕੇ ਮਿਸ ਸੋਮਿਨਾਂ ਸੰਧੂ ਨੇ ਕਿਹਾ ਕਿ ਅੱਜ ਕਾਨੂੰਨੀ ਤੌਰ ਤੇ ਮਹਿਲਾਵਾਂ ਨੂੰ ਭਾਰਤ ਵਿੱਚ ਜੋ ਸਨਮਾਨ/ਅਧਿਕਾਰ ਮਿਲ ਰਹੇ ਹਨ ਉਸਦਾ ਸਿਹਰਾ ਡਾ: ਭੀਮ ਰਾਓ ਅੰਬੇਡਕਰ ਬਾਬਾ ਸਾਹਿਬ ਨੂੰ ਜਾਂਦਾ ਹੈ। ਕਲੱਬ ਨੇ ਜਿੱਥੇ ਸ਼੍ਰੀਮਤੀ ਜਸਵਿੰਦਰ ਕੌਰ ਉੱਪਲ ਦਾ ਸਨਮਾਨ ਕੀਤਾ ਉੱਥੇ ਉਹਨਾਂ ਦੇ ਜੀਵਨ ਸਾਥੀ ਅਮਰੀਕਨ ਸਿਟੀਜਨ ਸ਼੍ਰੀ ਅਮਰੀਕ ਸਿੰਘ ਉੱਪਲ ਦਾ ਵੀ ਭਰਵਾਂ ਸਵਾਗਤ ਕੀਤਾ। ਸ਼੍ਰੀ ਅਮਰੀਕ ਸਿੰਘ ਉੱਪਲ ਨੇ ਕਿਹਾ ਬਿਨਾ ਸ਼ਕ ਭਾਰਤੀ ਲੋਕ ਕਾਫ਼ੀ ਪੜ੍ਹ ਲਿੱਖ ਗਏ ਹਨ ਪਰ ਜ਼ਿਆਦਾਤਰ ਮਰਦ ਔਰਤਾਂ ਨੂੰ ਦਬਾਕੇ ਰੱਖਣਾ ਹੀ ਪਸੰਦ ਕਰਦੇ ਹਨ। ਉਹਨਾਂ ਕਿਹਾ ਭਾਵੇਂ ਔਰਤਾਂ ਪੰਚ-ਸਰਪੰਚ-ਕੌਂਸਲਰ ਜਾਂ ਵਿਧਾਇਕ ਵੀ ਬਣ ਗਈਆਂ ਹਨ ਪਰ ਉਹਨਾਂ ਦੇ ਪਤੀ ਜਾਂ ਹੋਰ ਪਰਿਵਾਰਿਕ ਮੈਂਬਰ ਪੂਰੀ ਅਜ਼ਾਦੀ ਨਾਲ ਅੱਗੇ ਆਉਣ ਨਹੀਂ ਦਿੰਦੇ, ਬੀਤੀ 8 ਫ਼ਰਵਰੀ ਨੂੰ ਸੂਬੇ ਦੀ ਸੱਤਾਧਾਰੀ ਪਾਰਟੀ ਦੀ ਵਿਧਾਇਕ ਦੇ ਪਤੀ ਨੇ ਸੰਗਰੂਰ ਵਿਖੇ ਮਹਿਲਾ ਵਿਧਾਇਕ ਨੂੰ ਪਿੱਛੇ ਰੱਖ ਖੁਦ ਇੱਕ ਪ੍ਰਾਜੈਕਟ ਦਾ ਉਦਘਾਟਨ ਕੀਤਾ ਜੋ ਪ੍ਰਮਾਣ ਹੈ ਕਿ ਮਰਦ ਔਰਤ ਨੂੰ ਬਰਾਬਰ ਦਾ ਰੁਤਬਾ ਦੇਣ ਤੋਂ ਡਾਢਾ ਗੁਰੇਜ਼ ਕਰਦੇ ਹਨ।

ਇਸ ਮੌਕੇ ਕਲੱਬ ਦੇ ਅਫ਼ਸਰ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਅਤੇ ਲਾਇਨ ਬਬਿਤਾ ਸੰਧੂ ਕਲੱਬ ਡਾਇਰੈਕਟਰ, ਲਾਇਨ ਰੋਹਿਤ ਸੰਧੂ ਪੀ.ਆਰ.ਓ, ਲਾਇਨ ਆਂਚਲ ਸੰਧੂ ਸੋਖਲ ਮੈਂਬਰਸ਼ਿਪ ਚੇਅਰਪਰਸਨ, ਲਾਇਨ ਜਸਪ੍ਰੀਤ ਕੌਰ ਸੰਧੂ ਕਲੱਬ ਸਰਵਿਸ ਚੇਅਰਪਰਸਨ ਨੇ ਸਮਾਜ ਸੇਵੀ ਸੀਤਾ ਰਾਮ ਸੋਖਲ, ਅਜਮੇਰ ਸਿੰਘ ਜੌਹਲ ਅਤੇ ਹਰਿੰਦਰ ਕੌਰ ਜੌਹਲ ਤਲਵਣ, ਰਮਾ ਸੋਖਲ ਅਤੇ ਗੁਰਛਾਇਆ ਸੋਖਲ ਦਾ ਗਾਰਲੈਂਡਿੰਗ ਕਰਕੇ ਸਵਾਗਤ ਕੀਤਾ। ਆਖਿਰ ਸਾਰਿਆਂ ਨੇ ਮਿਲਕੇ ਅਮਰੀਕਨ ਸਿਟੀਜਨ ਸ਼੍ਰੀਮਤੀ ਜਸਵਿੰਦਰ ਕੌਰ ਉੱਪਲ ਅਤੇ ਸ਼੍ਰੀ ਅਮਰੀਕ ਸਿੰਘ ਉੱਪਲ ਨੂੰ ਖੂਬਸੂਰਤ ਸਨਮਾਨ ਚਿੰਨ੍ਹ ਦੇ ਕੇ ਨਵਾਜ਼ਿਆ।

 

Previous articleਬਿਜਲੀ ਬੋਰਡ ਮਹਿਤਪੁਰ ਚੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ
Next articleਕਾਂਗਰਸ ਪਾਰਟੀ ਵਲੋਂ ਹਰੇਕ ਵਿਅਕਤੀ ਤੱਕ ਆਪਣੀ ਪਹੁੰਚ ਬਨਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਹੱਥ ਨਾਲ ਹੱਥ ਜੋੜੋ ਮੁਹਿੰਮ ਸਬੰਧੀ ਐਮ.ਪੀ ਡਾ. ਅਮਰ ਸਿੰਘ ਵਲੋਂ ਅੱਜ ਸਥਾਨਕ ਸ਼ਹੀਦ ਭਗਤ ਸਿੰਘ ਕਮਿਊਨਟੀ ਹਾਲ ਵਿੱਚ ਹਲਕਾ ਰਾਏਕੋਟ ਦੇ ਕਾਂਗਰਸੀ ਵਰਕਰਾਂ ਨਾਲ ਇੱਕ ਮੀਟਿੰਗ ਕੀਤੀ ਗਈ