ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਕੌਮਾਂਤਰੀ ਨਾਰੀ ਦਿਵਸ ਮਨਾਇਆ ਗਿਆ

“ਸਿੱਖਿਆ ਹੀ ਹਰ ਔਰਤ ਦਾ ਅਸਲ ਗਹਿਣਾ ਹੈ। ਤੁਸੀਂ ਆਪਣੇ ਹੱਕਾਂ ਲਈ ਆਵਾਜ਼ ਬੁਲੰਦ ਕਰੋ”- ਪ੍ਰਿੰ. ਡਾ. ਪਰਮਜੀਤ ਕੌਰ ਜੱਸਲ

ਫਿਲੌਰ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਫਿਲੌਰ – ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਫਿਲੌਰ ਵਿਖੇ ਕਾਲਜ ਦੀ ਕਾਵਿ-ਕਸੀਦਾ ਪੰਜਾਬੀ ਸਾਹਿਤ ਸਭਾ ਵੱਲੋਂ 08 ਮਾਰਚ ਦੇ “ਕੌਮਾਂਤਰੀ ਨਾਰੀ ਦਿਵਸ” ਨੂੰ ਮੁੱਖ ਰੱਖਦਿਆਂ ਸ਼ਾਨਦਾਰ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਪ੍ਰਿੰਸੀਪਲ ਡਾ. ਪਰਮਜੀਤ ਕੌਰ ਜੱਸਲ ਹੁਰਾਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਦੀ ਹਾਜ਼ਰੀ ਵਿੱਚ ਸਮਾਗਮ ਦਾ ਆਗਾਜ਼ ‘ਨਾਰੀ ਚੇਤਨਾ ਭਾਸ਼ਣ’ ਕਰਵਾਇਆ ਗਿਆ। ਜਿਸ ਵਿੱਚ ਔਰਤਾਂ ਦੇ ਹੱਕਾਂ/ਅਧਿਕਾਰਾਂ ਤੇ ਸਮਾਜ ਵਿੱਚ ਬਰਾਬਰ ਦੀ ਰਹਿਣੀ ਬਹਿਣੀ ਪ੍ਰਤੀ ਚਿੰਤਨ ਕੀਤਾ ਗਿਆ। ਪ੍ਰਿੰ. ਡਾ. ਪਰਮਜੀਤ ਕੌਰ ਜੱਸਲ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਔਰਤਾਂ ਨੂੰ ਆਪਣੇ ਵਿਹਾਰ ਤੇ ਸੰਗੀ ਮਰਦ ਦੀ ਖੁੱਲ੍ਹ ਦਾ ਦਾਇਰਾ ਖ਼ੁਦ ਨਿਸ਼ਚਿਤ ਕਰਨਾ ਚਾਹੀਦਾ ਹੈ। ਔਰਤ, ਸਮਾਜ ਦਾ ਕੇਂਦਰ ਹੈ। ਜਿਸ ਦੁਆਲੇ ਸੰਸਾਰਕ ਕਾਰ ਵਿਹਾਰ ਚੱਲਦਾ ਹੈ।

ਇਸ ਲਈ ਔਰਤਾਂ ਦਾ ਚੇਤੰਨ ਤੇ ਆਤਮ ਵਿਸ਼ਵਾਸ ਬਲਵਾਨ ਹੋਣਾ ਅਤਿ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੀਵਨ ਵਿੱਚ ਉਤਸ਼ਾਹ ਤੇ ਢਾਰਸ ਦੀ ਜ਼ਰੂਰਤ ਹਮੇਸ਼ਾ ਰਹਿੰਦੀ ਹੈ ਇਸ ਲਈ ਸਾਥੀ ਦੀ ਚੋਣ ਕਰਨ ਲੱਗਿਆਂ ਕਾਹਲ ਨਹੀਂ, ਸੁਚੇਤਤਾ ਤੋਂ ਕੰਮ ਲੈਣਾ ਚਾਹੀਦਾ ਹੈ।ਇਸ ਦੌਰਾਨ ਵਿਦਿਆਰਥਣ ਗੀਤਾ ਨੇ ਭਾਸ਼ਣ, ਵਿਦਿਆਰਥਣਾਂ ਜਸਪ੍ਰੀਤ ਕੌਰ, ਪਰਮਿੰਦਰ ਕੌਰ ਤੇ ਅਕਸ਼ੈ ਨੇ ਸੋਲੋ ਪ੍ਰਫਾਰਮਸ ਦਿੱਤੀਆਂ ਜਦਕਿ ਵਿਦਿਆਰਥਣਾਂ ਕੋਮਲ ਤੇ ਤਨੂੰ ਨੇ ਕਵਿਤਾਵਾਂ ਦਾ ਪਾਠ ਕੀਤਾ ਅਤੇ ਝੂਮਰ ਤੇ ਲੋਕ ਨਾਚ ਗਿੱਧੇ ਵਿੱਚ ਵਿਦਿਆਰਥਣਾਂ ਗੁਰਲੀਨ ਕੌਰ, ਲਵਲੀਨ ਕੌਰ, ਮਨਦੀਪ ਕੌਰ ਤੇ ਪ੍ਰੇਰਨਾ ਆਦਿ ਨੇ ਭਾਗ ਲਿਆ ਅਤੇ ਆਪਣੀ ਪੇਸ਼ਕਾਰੀ ਨੂੰ ਬਾਖ਼ੂਬੀ ਨਿਭਾਇਆ। ਪ੍ਰੋ. ਪਰਮਜੀਤ ਕੌਰ ਹੁਰਾਂ ਇਸ ਸਾਰੇ ਸਮਾਗਮ ਦੀ ਨਿਗਰਾਨ ਵਜੋਂ ਜ਼ਿੰਮੇਵਾਰੀ ਨਿਭਾਈ ਅਤੇ ਪ੍ਰੋ. ਜਸਵੀਰ ਸਿੰਘ ‘ਸ਼ਾਇਰ’ ਨੇ ਹਮੇਸ਼ਾ ਦੀ ਤਰ੍ਹਾਂ ਮੰਚ ਸੰਚਾਲਕ ਦੀ ਭੂਮਿਕਾ ਨਿਭਾਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਆਦਿ ਹਾਜ਼ਰ ਰਹੇ।

 

Previous articleਭਾਰਤੀ ਕਿਸਾਨ ਯੂਨੀਅਨ (ਦੋਆਬਾ) ਦੀ ਪਿੰਡ ਬੱਸੀਆਂ ਇਕਾਈ ਦਾ ਗਠਨ, ਦਰਸ਼ਨ ਸਿੰਘ ਢੇਸੀ ਨੂੰ ਚੁਣਿਆ ਪ੍ਰਧਾਨ
Next articleਪਾਰਟੀ ਵੱਲੋਂ ਇੱਕ ਸਾਲ ਮੁਕੰਮਲ ਹੋਣ ਤੇ ਅਰਦਾਸ ਕੀਤੀ