(ਸਮਾਜ ਵੀਕਲੀ)
ਹੋਲੀ ਕਹੋ ਜਾਂ ਹੋਲਾ ਕਹਿ ਲਓ
ਪਰ ਅੰਦਰ ਦੀ ਗੱਲ ਵੀ ਸਮਝੋ
ਜੋ ਗੱਲ ਗੁਰੂ ਦੀ ਓਸ ਸਮੇਂ ਦੀ
ਅੱਜ ਵੀ ਸਮਝੋ ਕੱਲ ਵੀ ਸਮਝੋ
ਹੋਲੀ ਨੂੰ ਹੋਲਾ ਕਿਉਂ ਬਣਾਇਆ
ਪਾਪੀ ਤੇ ਹੱਲਾ ਕਿਉਂ ਕਰਾਇਆ
ਮਰਜ਼ ਨੂੰ ਰਾਜ਼ੀ ਕਰਨ ਦੇ ਲਈ
ਕੱਢਿਆ ਸੀ ਜੋ ਹੱਲ ਵੀ ਸਮਝੋ
ਕਿੰਦਾਂ ਮਸਨੂਈ ਜੰਗ ਕਰਾ ਕੇ
ਤੇ ਆਪਸ ਦੇ ਹੀ ਵਿੱਚ ਲੜਾ ਕੇ
ਚਿਹਰਿਆਂ ਉੱਤੇ ਰੰਗ ਲਗਾ ਕੇ
ਜਿਹੜੇ ਪਕਾਏ ਫਲ ਵੀ ਸਮਝੋ
ਜਦੋਂ ਕੱਢ ਕੇ ਮਹੱਲੇ ਜਿੱਤਾਂ ਵਾਲੇ
ਜੋ ਮੁਰਦੇ ਕਰ ਸੁਰਜੀਤ ਉਠਾਲੇ
ਦੁਸ਼ਮਣਾਂ ਨੂੰ ਪਾਈਆਂ ਭਾਜੜਾਂ
ਤੇ ਪਾਈ ਸੀ ਜੋ ਠੱਲ ਵੀ ਸਮਝੋ
ਤਨ ਵੀ ਰੰਗੇ ਸੀ ਮਨ ਵੀ ਰੰਗੇ
ਮੁਗਲਾਂ ਨੂੰ ਸੀ ਪਾਏ ਐਸੇ ਪੰਗੇ
ਚੁਣ ਚੁਣ ਮਾਰੇ ਜੋ ਸੀ ਹੁੜਦੰਗੇ
ਜੋ ਹੋਈ ਚੱਲੋ ਚੱਲ ਵੀ ਸਮਝੋ
ਜਾਤ ਪਾਤ ਦੇ ਸਭ ਭੇਦ ਮਿਟਾਏ
ਸੀ ਰੰਗ-ਰੂਪ ਸਭ ਇੱਕ ਬਣਾਏ
ਪ੍ਰਤੀਕ ਬਣਾ ਕੇ ਨਿਰਭਯਤਾ ਦਾ
ਮੈਦਾਨ ਲਏ ਸੀ ਮੱਲ ਵੀ ਸਮਝੋ
ਅਰਬੀ ਹੂਲ ਤੋਂ ਬਣਿਆ ਹੋਲਾ
ਕੱਢ ਕੇ ਸਿਰ ਹੈ ਤਨਿਆ ਹੋਲਾ
ਸੀ ਭਲੇ ਕੰਮ ਲਈ ਬਣੇ ਜੁਝਾਰੂ
ਸੀ ਦੁੱਖ ਗਏ ਜੋ ਝੱਲ ਵੀ ਸਮਝੋ
ਪਿਛੋਕੜ ਦੇ ਵੱਲ ਨਜ਼ਰਾਂ ਮਾਰੋ
ਬਸ ਫੋਕੇ ਨਾਹਰੇ ਮਾਰ ਨਾ ਸਾਰੋ
ਤੇ ਹੋਲੇ ਨੂੰ ਜੀਵਨ ਵਿੱਚ ਉਤਾਰੋ
“ਇੰਦਰ” ਜੋ ਤਰਥੱਲ ਵੀ ਸਮਝੋ