ਐਮਚਿਊਰ ਸਪੋਰਟਸ ਐਵਾਰਡ ਵਲੋਂ ਸ਼ਾਨਦਾਰ ਸਮਾਗਮ ਦਾ ਆਯੋਜਨ

ਮੁੱਖ ਮਹਿਮਾਨ ਪ੍ਰਗਟ ਸਿੰਘ ਤੇ ਹੋਰਾਂ ਵਲੋਂ ਜੇਤੂ ਖਿਡਾਰੀਆਂ ਦਾ ਸਨਮਾਨ

ਕਨੇਡਾ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਬੀਤੀ ਰਾਤ ਜ਼ੀ ਨਿਊਜ ਕੈਨੇਡਾ ਤੇ ਐਮਚਿਊਰ ਸਪੋਰਟਸ ਐਵਾਰਡ ਵਲੋਂ ਆਰੀਆ ਬੈਂਕੁਇਟ ਹਾਲ ਸਰੀ ਵਿਖੇ ਕੈਨੇਡਾ ਭਰ ਦੇ ਹੋਣਹਾਰ , ਮੈਡਲਿਸਟ ਤੇ ਵਿਲੱਖਣ ਪ੍ਰਾਪਤੀਆਂ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਸ਼ਾਨਦਾਰ ਐਵਾਰਡ ਵੰਡ ਸਮਾਗਮ ਆਯੋਜਿਤ ਕੀਤਾ ਗਿਆ। ਇਸ ਮੌਕੇ ਸਾਬਕਾ ਹਾਕੀ ਉਲੰਪੀਅਨ ਤੇ ਜਲੰਧਰ ਕੈਂਟ ਤੋ ਐਮ ਐਲ ਏ ਪਦਮਸ੍ਰੀ ਪ੍ਰਗਟ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਹੋਰ ਵਿਸ਼ੇਸ਼ ਮਹਿਮਾਨਾਂ ਵਿਚ ਬੀ ਸੀ ਦੇ ਕੈਬਨਿਟ ਮੰਤਰੀ ਹੈਰੀ ਬੈਂਸ, ਰਵੀ ਕਾਹਲੋਂ, ਰਚਨਾ ਸਿੰਘ, ਐਮ ਐਲ ਏ ਜਿੰਨੀ ਸਿਮਸ, ਐਮ ਪੀ ਸੁੱਖ ਧਾਲੀਵਾਲ, ਬੀ ਸੀ ਲਿਬਰਲ ਪਾਰਟੀ ਦੇ ਆਗੂ ਕੇਵਿਨ ਫਾਲਕਨ, ਭਾਰਤੀ ਕੌਂਸਲ ਜਨਰਲ ਸ੍ਰੀ ਮਨੀਸ਼, ਪ੍ਰੋ ਵਿਨੋਦ ਖੰਨਾ ਤੇ ਹੋਰ ਹਾਜ਼ਰ ਸਨ। ਇਹਨਾਂ ਪ੍ਰਮੁੱਖ ਸ਼ਖਸੀਅਤਾਂ ਤੇ ਸਪਾਸਂਰਜ ਵਲੋਂ ਹੋਣਹਾਰ ਤੇ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਸ ਪ੍ਰਗਟ ਸਿੰਘ ਨੇ ਪ੍ਰਬੰਧਕਾਂ ਨੂੰ ਇਸ ਸ਼ਾਨਦਾਰ ਸਮਾਗਮ ਦੀ ਸਫਲਤਾ ਲਈ ਵਧਾਈ ਦਿੰਦਿਆਂ ਐਵਾਰਡ ਜੇਤੂ ਖਿਡਾਰੀਆਂ ਨੂੰ ਖੇਡਾਂ ਵਿਚ ਹੋਰ ਨਾਮਣਾ ਖੱਟਣ ਲਈ ਸ਼ੁਭਕਾਮਨਾਵਾਂ ਦਿੱਤੀਆਂ।

ਉਹਨਾਂ ਮਨੁੱਖ ਦੀ ਜ਼ਿੰਦਗੀ ਵਿਚ ਖੇਡਾਂ ਦੇ ਮਹੱਤਵ ਦੀ ਗੱਲ ਕਰਦਿਆਂ ਕਿਹਾ ਕਿ ਇਹ ਖੇਡਾਂ ਹੀ ਹਨ ਜੋ ਵਿਸ਼ਵ ਭਾਈਚਾਰੇ ਦੀ ਮਜ਼ਬੂਤੀ ਦੇ ਨਾਲ ਇਨਸਾਨੀਅਤ ਨੂੰ ਬੜਾਵਾ ਦਿਂਦੀਆਂ ਹਨ। ਉਹਨਾਂ ਕਿਹਾ ਕਿ ਜਿੰਦਗੀ ਦੇ ਸਾਰੇ ਖੇਤਰਾਂ ਚੋ ਖੇਡਾਂ ਹੀ ਇਕ ਅਜਿਹਾ ਖੇਤਰ ਵਿਚ ਇਨਸਾਨੀਅਤ ਕਦਰਾਂ ਕੀਮਤਾਂ ਦੀ ਰਾਖੀ ਦੇ ਨਾਲ ਮਨੁੱਖ ਨੂੰ ਅੱਗੇ ਵਧਣ ਲਈ ਪ੍ਰੇਰਦੀਆਂ ਹਨ।ਉਲੰਪਿਕ ਜੇਤੂ ਪਹਿਲਵਾਨ ਅਰਜਨ ਭੁੱਲਰ ਤੇ ਕੌਮਾਂਤਰੀ ਪਹਿਲਵਾਨ ਜੈਸੀ ਸਹੋਤਾ ਨੇ ਐਵਾਰਡ ਪ੍ਰਾਪਤ ਕਰਦਿਆਂ ਆਪਣੇ ਸੰਬੋਧਨ ਵਿਚ ਕਮਿਊਨਿਟੀ ਵਲੋ ਸਹਿਯੋਗ ਤੇ ਸਨਮਾਨ ਲਈ ਵਿਸ਼ੇਸ਼ ਧੰਨਵਾਦ ਕੀਤਾ।ਐਮਚਿਊਰ ਸਪੋਰਟਸ ਐਵਾਰਡ ਵਲੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਇਹ ਈਵੈਂਟ ਕੌਮੀ ਤੇ ਕੌਮਾਂਤਰੀ ਪੱਧਰ ਤੇ ਪ੍ਰਾਪਤੀ ਕਰਨ ਵਾਲੇ ਅਥਲੀਟਾਂ ਨੂੰ ਇਕ ਪਲੇਟਫਾਰਮ ਮੁਹੱਈਆ ਕਰਵਾਉਣ ਦੇ ਨਾਲ, ਉਹਨਾਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦੇਣ ਅਤੇ ਹੋਰ ਨੌਜਵਾਨ ਖਿਡਾਰੀਆਂ ਨੂੰ ਉਤਸ਼ਾਹਤ ਕਰਦਾ ਹੈ।ਇਸ ਮੌਕੇ ਕੌਮਾਂਤਰੀ ਪ੍ਰਸਿਧੀ ਪ੍ਰਾਪਤ ਗਾਇਕ ਜਗਪ੍ਰੀਤ ਬਾਜਵਾ ਨੇ ਖੇਡ ਪ੍ਰੇਰਨਾ ਨੂੰ ਉਤਸ਼ਾਹਿਤ ਕਰਦਿਆਂ ਚੱਕਦੇ ਇੰਡੀਆ ਗੀਤ ਨਾਲ ਸਮਾਗਮ ਦੀ ਸ਼ੁਰੂਆਤ ਕੀਤੀ। ਸਮਾਗਮ ਦੇ ਅੰਤ ਵਿਚ ਪ੍ਰਬੰਧਕਾਂ ਰੌਨ ਧਾਲੀਵਾਲ, ਅਮਿਤ ਖੰਨਾ ਤੇ ਲੱਕੀ ਕੁਰਾਲੀ ਨੇ ਆਏ ਮਹਿਮਾਨਾਂ, ਸਪਾਂਸਰਜ਼ ਤੇ ਖਿਡਾਰੀਆਂ ਦਾ ਧੰਨਵਾਦ ਕੀਤਾ।

 

Previous article10ਵਾਂ ਯੂ. ਕੇ. ਗੋਲਡ ਕਬੱਡੀ ਕੱਪ ਜਗਰਾਉਂ ਮੌਕੇ ਮਨਪ੍ਰੀਤ ਸਿੰਘ ਬੱਧਨੀ ਕਲਾਂ ਯੂ ਕੇ ਦਾ ਪ੍ਰਬੰਧਕ ਕਮੇਟੀ ਵੱਲੋਂ ਗੋਲਡ ਮੈਡਲ ਨਾਲ ਸਨਮਾਨ
Next articleਸਮੇਂ ਦੀ ਗੱਲ”