ਏਹੁ ਹਮਾਰਾ ਜੀਵਣਾ ਹੈ -224

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਗੁਰੂ ਨਾਨਕ ਦੇਵ ਜੀ ਦੇ ਮਹਾਂ ਵਾਕ “ਨਾਨਕ ਫਿਕੈ ਬੋਲਿਐ ਤਨੁ ਮਨੁ ਫਿਕਾ ਹੋਇ” ਅਨੁਸਾਰ ਮਨੁੱਖੀ ਜੀਵਨ ਵਿੱਚ ਫ਼ਿੱਕਾ ਬੋਲਣ ਵਾਲੇ ਦੀ ਅਵਸਥਾ ਦਾ ਸਹਿਜ ਸੁਭਾਅ ਹੀ ਪਤਾ ਲੱਗਦਾ ਹੈ ਕਿ ਜਿਹੜਾ ਮਨੁੱਖ ਦੂਜਿਆਂ ਨੂੰ ਫਿੱਕੇ ਜਾਂ ਕੌੜੇ ਬੋਲ ਬੋਲਦਾ ਹੈ ਪਹਿਲਾਂ ਤਾਂ ਉਸ ਦੇ ਮਨ ਅੰਦਰ ਭੈੜੇ ਵਿਚਾਰ ਉਤਪੰਨ ਹੋ ਕੇ ਉਹ ਜ਼ੁਬਾਨ ਰਾਹੀਂ ਬਾਹਰ ਆਉਂਦੇ ਹਨ। ਫਿਰ ਇਹੋ ਜਿਹੇ ਭੈੜੇ ਬਚਨ ਬੋਲਣ ਵਾਲੇ ਦਾ ਸਮਾਜ ਵਿੱਚ ਵੀ ਕੋਈ ਸਤਿਕਾਰ ਨਹੀਂ ਰਹਿ ਜਾਂਦਾ।ਇਸ ਦੀ ਪ੍ਰਤੀਕਿਰਿਆ ਇਹ ਹੁੰਦੀ ਹੈ ਕਿ ਜਦੋਂ ਕੋਈ ਕਿਸੇ ਨੂੰ ਕੌੜੇ ਬੋਲ ਬੋਲਦਾ ਹੈ ਤਾਂ ਬੁਰਾ ਬੋਲਣ ਵਾਲੇ ਦਾ ਮਨ ਵੀ ਅੰਦਰੋ ਅੰਦਰ ਖਿਝਦਾ ਸੜਦਾ ਰਹਿੰਦਾ ਹੈ,ਹਰ ਵੇਲ਼ੇ ਖਿਝੇ ਸੜੇ ਰਹਿਣ ਕਾਰਨ ਸਿਹਤਮੰਦ ਵਿਅਕਤੀ ਵੀ ਛੱਤੀ ਰੋਗ ਸਹੇੜ ਲੈਂਦਾ ਹੈ।

ਅੱਜ ਦੇ ਜ਼ਮਾਨੇ ਵਿੱਚ ਸਮੇਂ ਦੇ ਬਦਲਾਅ ਦੇ ਨਾਲ ਨਾਲ ਕੌੜਾ ਬੋਲਣ ਦਾ ਤਰੀਕਾ ਵੀ ਬਦਲ ਰਿਹਾ ਹੈ,ਜਿਹੜੀ ਮਨ ਵਿੱਚ ਪਾਲ਼ੀ ਹੋਈ ਕੁੜੱਤਣ ਸਾਹਮਣੇ ਆ ਕੇ ਨਾ ਬੋਲੀ ਜਾਵੇ ਤਾਂ ਉਸ ਨੂੰ ਆਪਣੇ ਲਫ਼ਜ਼ਾਂ ਰਾਹੀਂ ਜਾਂ ਫੋਨ ਤੇ ਭੜਾਸ ਕੱਢ ਕੇ ਬਿਆਨ ਕੀਤੀ ਜਾਂਦੀ ਹੈ। ਇਹ ਤਰੀਕਾ ਆਮ ਕਰਕੇ ਸੋਸ਼ਲ ਮੀਡੀਆ ਤੇ ਵਰਤਿਆ ਜਾਂਦਾ ਹੈ। ਕੋਈ ਖ਼ਬਰਾਂ ਦੇ ਚੈਨਲਾਂ ਜਾਂ ਵੱਡੀਆਂ ਸ਼ਖ਼ਸੀਅਤਾਂ ਦੀਆਂ ਪੋਸਟਾਂ ਤੇ ਕੀਤੇ ਹੋਏ ਕੁਮੈਂਟਾਂ ਰਾਹੀਂ ਐਨੀ ਭੱਦੀ ਅਤੇ ਅਸਭਿਅਕ ਭਾਸ਼ਾ ਦੀ ਵਰਤੋਂ ਕੀਤੀ ਜਾਂਦੀ ਹੈ ਕਿ ਪੜ੍ਹਨ ਵਾਲੇ ਨੂੰ ਸ਼ਰਮ ਮਹਿਸੂਸ ਹੁੰਦੀ ਹੈ। ਦੂਜਿਆਂ ਪ੍ਰਤੀ ਵਰਤੀ ਗਈ ਭੱਦੀ ਭਾਸ਼ਾ ਰਾਹੀਂ ਉਹੋ ਜਿਹੇ ਲੋਕਾਂ ਦੀ ਰਹਿਣੀ ਬਹਿਣੀ, ਪਰਿਵਾਰਕ ਪਿਛੋਕੜ,ਪਰਵਰਿਸ਼,ਸੰਸਕਾਰ ਅਤੇ ਸੋਚ ਦੀ ਨੁਮਾਇਸ਼ ਲੱਗਦੀ ਹੈ ਜਿਸਨੂੰ ਪੜ੍ਹਕੇ ਹਰ ਕੋਈ ਉਹੋ ਜਿਹੇ ਲੋਕਾਂ ਦੇ ਬਹੁਤ ਘਟੀਆ ਆਚਰਣ ਦੇ ਮਾਲਕ ਹੋਣ ਦਾ ਸਹਿਜੇ ਹੀ ਅੰਦਾਜ਼ਾ ਲਗਾ ਸਕਦਾ ਹੈ।

ਵੈਸੇ ਵੀ ਅੱਜਕਲ੍ਹ ਬਹੁਤੇ ਲੋਕਾਂ ਦੇ ਅੰਦਰੀਂ ਮਿੱਠਾ (ਸ਼ੂਗਰ) ਅਤੇ ਜ਼ੁਬਾਨ ਤੇ ਕੁੜੱਤਣ ਭਰੀ ਪਈ ਹੈ। ਜ਼ੁਬਾਨ ਦੀ ਕੁੜੱਤਣ ਕਾਰਨ ਜਿੱਥੇ ਇਹੋ ਜਿਹੇ ਲੋਕ ਆਪ ਕਦੇ ਖੁਸ਼ ਨਹੀਂ ਰਹਿ ਸਕਦੇ,ਉੱਥੇ ਇਹੋ ਜਿਹੇ ਬੰਦੇ ਕੌੜੇ ਬੋਲ ਬੋਲ ਕੇ ਚੰਗੇ ਭਲੇ ਹੱਸਦੇ ਮਨੁੱਖ ਦੀ ਰੂਹ ਨੂੰ ਸਾੜ ਕੇ ਰੱਖ ਦਿੰਦੇ ਹਨ।ਇਹੋ ਜਿਹੇ ਲੋਕ ਆਪਣਾ ਆਲ਼ਾ ਦੁਆਲਾ ਤਾਂ ਤਣਾਅ ਭਰਪੂਰ ਰੱਖਦੇ ਹੀ ਹਨ, ਆਪਣੇ ਆਲ਼ੇ ਦੁਆਲ਼ੇ ਵਿੱਚ ਵਿਚਰਦੇ ਹੋਏ ਲੋਕਾਂ ਦਾ ਮਾਹੌਲ ਵੀ ਤਣਾਅ ਭਰਪੂਰ ਕਰ ਦਿੰਦੇ ਹਨ। ਕੌੜੇ ਬੋਲ ਬੋਲਣ‌ ਵਾਲਿਆਂ ਕਾਰਨ ਕਈ ਵਾਰ ਵੱਡੇ ਵੱਡੇ ਕਾਰਜਾਂ ਵਿੱਚ ਵਿਘਨ ਪੈ ਜਾਂਦੇ ਹਨ।ਖੁਸ਼ੀਆਂ ਦੇ ਮਾਹੌਲ ਨੂੰ ਲੜਾਈਆਂ ਝਗੜਿਆਂ ਵਿੱਚ ਬਦਲਣ ਵਾਲੇ ਇਹੋ ਜਿਹੇ ਲੋਕ ਹੀ ਹੁੰਦੇ ਹਨ।

ਇਹ ਉਹ ਲੋਕ ਹੁੰਦੇ ਹਨ ਜੋ ਦੂਜਿਆਂ ਦੀ ਆਲੋਚਨਾ ਕਰਨਾ,ਰੁੱਖਾ ਬੋਲਣਾ ਅਤੇ ਦੂਜੇ ਨੂੰ ਨੀਵਾਂ ਦਿਖਾਉਣਾ ਆਪਣਾ ਪਰਮ ਧਰਮ ਸਮਝਦੇ ਹਨ।ਇਹ ਲੋਕ ਬਾਕੀ ਲੋਕਾਂ ਤੋਂ ਆਪਣੇ ਆਪ ਨੂੰ ਵੱਡਾ ਅਤੇ ਦੂਜਿਆਂ ਨੂੰ ਛੋਟਾ ਤੇ ਘਟੀਆ ਜਿਹਾ ਸਮਝ ਕੇ ਆਪਣੀ ਅਕਲ ਦੇ ਵੱਖਰੇ ਹੀ ਘੋੜੇ ਦੜਾਉਂਦੇ ਰਹਿੰਦੇ ਹਨ। ਇਹਨਾਂ ਦੀ ਨਿਗਾਹ ਐਨੀ ਫੁੱਲੀ ਹੋਈ ਹੁੰਦੀ ਹੈ ਕਿ ਆਪਣੇ ਅਖੌਤੀ ਉੱਚੇ ਕੱਦ ਹੇਠ ਸਾਰੀ ਦੁਨੀਆਂ ਬੌਣੀ ਜਾਪਦੀ ਹੈ।

ਕੌੜਾ ਬੋਲਣ ਵਾਲੇ ਲੋਕਾਂ ਨੇ ਜਿੱਥੇ ਸਮਾਜ, ਰਿਸ਼ਤਿਆਂ ਜਾਂ ਆਪਣੇ ਦਫ਼ਤਰੀ ਮਾਹੌਲ ਨੂੰ ਖ਼ਰਾਬ ਕਰਨ ਦਾ ਠੇਕਾ ਲੈ ਰੱਖਿਆ ਹੁੰਦਾ ਹੈ ਉੱਥੇ ਆਪਣੇ ਘਰ ਮਾਹੌਲ ਵੀ ਬਹੁਤ ਸੌੜਾ ਕਰਕੇ ਰੱਖਿਆ ਹੁੰਦਾ ਹੈ। ਜਿਸ ਵਿੱਚ ਨਾ ਕੋਈ ਖੁੱਲ੍ਹ ਕੇ ਹੱਸ ਸਕਦਾ ਹੁੰਦਾ ਹੈ ਤੇ ਨਾ ਹੀ ਕੋਈ ਆਪਣੇ ਦਿਲ ਦੀ ਗੱਲ ਦੂਜਿਆਂ ਅੱਗੇ ਪੇਸ਼ ਕਰ ਸਕਦਾ ਹੈ।ਇਹੋ ਜਿਹੇ ਲੋਕਾਂ ਦੇ ਬੱਚੇ ਡਰੇ ਡਰੇ ਤੇ ਸਹਿਮੇ ਸਹਿਮੇ ਦਿਖਾਈ ਦਿੰਦੇ ਹਨ ਤੇ ਮੌਕਾ ਮਿਲਦੇ ਹੀ ਲੱਤ ਮਾਰ ਕੇ ਦੂਰ ਹੋ ਜਾਂਦੇ ਹਨ। ਇਹੋ ਜਿਹੇ ਇਨਸਾਨ ਦੇ ਜੀਵਨ ਸਾਥੀ ਦਾ ਤਾਂ ਦੁਨੀਆ ਤੇ ਆਉਣਾ ਹੀ ਬੇਕਾਰ ਹੋ ਜਾਂਦਾ ਹੈ। ਇੱਕ ਫਿੱਕਾ ਬੋਲਣ ਵਾਲੇ ਇਨਸਾਨ ਕਾਰਨ ਕਿੰਨੇ ਲੋਕ ਦੁਖੀ ਹੁੰਦੇ ਹਨ ਇਸ ਦਾ ਉਸ ਨੂੰ ਕੋਈ ਅੰਦਾਜ਼ਾ ਨਹੀਂ ਹੁੰਦਾ,ਉਹ ਤਾਂ ਸਿਰਫ਼ ਆਪਣੇ ਤਾਨਾਸ਼ਾਹੀ ਰਵੱਈਏ ਰਾਹੀਂ ਲੋਕਾਂ ਤੇ ਹਾਵੀ ਹੋਣ ਨੂੰ ਆਪਣਾ ਵਡੱਪਣ ਸਮਝਦੇ ਹਨ ਜਦ ਕਿ ਇਸ ਤੋਂ ਛੁੱਟਦਿਲਾਪਣ ਹੋਰ ਕੁਝ ਹੋ ਨਹੀਂ ਸਕਦਾ।

ਸਿਆਣਿਆਂ ਨੇ ਠੀਕ ਹੀ ਕਿਹਾ ਹੈ ਕਿ ਤਲਵਾਰ ਦੇ ਫੱਟ ਤਾਂ ਮਿਟ ਜਾਂਦੇ ਹਨ ਪਰ ਜ਼ੁਬਾਨ ਦੇ ਫੱਟ ਕਦੇ ਨਹੀਂ ਮਿਟਦੇ। ਕਿਸੇ ਮਨੁੱਖ ਦੁਆਰਾ ਵੀ ਦੂਜਿਆਂ ਲਈ ਬੋਲੇ ਫਿੱਕੇ,ਮੰਦੇ, ਮਾੜੇ ਜਾਂ ਕੌੜੇ ਬੋਲ ਕਦੇ ਨਹੀਂ ਮਿਟਦੇ ਚਾਹੇ ਸੌ ਵਾਰ ਉਹੀ ਇਨਸਾਨ ਚੰਗਾ ਬਣ ਕੇ ਦੂਜੇ ਅੱਗੇ ਚਲਿਆ ਜਾਵੇ।ਇਸ ਤੋਂ ਉਲਟ “ਮਿਠਤੁ ਨੀਵੀ ਨਾਨਕਾ ਗੁਣ ਚੰਗਿਆਈਆ ਤਤੁ” ਦੇ ਵਾਕ ਅਨੁਸਾਰ ਮਿੱਠੇ ਬੋਲ ਬੋਲਣ ਲਈ ਸਾਨੂੰ ਕੋਈ ਕ਼ੀਮਤ ਨਹੀਂ ਅਦਾ ਕਰਨੀ ਪੈਂਦੀ, ਸਗੋਂ ਸਭ ਤੋਂ ਹਰ ਥਾਂ ਵਡਿਆਈ, ਪਿਆਰ ਅਤੇ ਸਤਿਕਾਰ ਮਿਲਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

Previous articleਬੇਗਾਨੇ ਬੋਹੜ ਦੀ ਛਾਂ
Next articleਸਕੂਲ ਵਿੱਚ ਕਰਵਾਈ ਹਫ਼ਤਾਵਾਰੀ ਬਾਲ – ਸਭਾ