(ਸਮਾਜ ਵੀਕਲੀ)
ਕੇਵਲ ਧਾਲੀਵਾਲ ..ਨਾਮ ਹੀ ਕਾਫ਼ੀ ਹੈ..ਜਦੋਂ ਉਹ ਰੰਗਮੰਚ ਦੀ ਉਚ ਸਿਖਲਾਈ ਲਈ ਨੈਸ਼ਨਲ ਸਕੂਲ ਆਫ ਡਰਾਮਾ ਗਿਆ ਸੀ, ਖਾਲੀ ਹੱਥ ਨਹੀਂ ਸੀ ਗਿਆ ..ਗੁਰਸ਼ਰਨ ਸਿੰਘ ਦੇ ਇਨਕਲਾਬੀ ਰੰਗਮੰਚ ਦੀ ਵਿਰਾਸਤ ਉਹਦੇ ਕੋਲ ਸੀ..ਜਦ ਸਿੱਖ ਕੇ ਮੁੜਿਆ ਤਾਂ ਤਕਨੀਕੀ ਗਿਆਨ ਦਾ ਭੰਡਾਰ ਉਹਦੀ ਝੋਲ਼ੀ ‘ਚ ਸੀ..ਉਸ ਆਉੰਦਿਆਂ ਈ ਨਗਾਰੇ ‘ਤੇ ਚੋਟ ਮਾਰੀ..ਤੇ ਉਹਦੀ ਧਮਕ ਚਹੁੰ ਪਾਸੇ ਸੁਣਾਈ ਦਿਤੀ..ਵੈਸੇ ਕਹਿਣਾ ਚਾਹੀਦੈ ਕਿ ਦਿਖਾਈ ਦਿਤੀ..ਕਿਉਂਕਿ ਕੇਵਲ ਨੇ ਮੰਚ ਰੰਗਾਂ ਨਾਲ ਭਰ ਦਿਤਾ ਸੀ..ਉਸਨੇ ਆਪਣੀ ਸੰਸਥਾ ਬਣਾਈ..ਨਾਮ ਰੱਖਿਆ ..ਮੰਚ ਰੰਗਮੰਚ ..1991 ਦੀ ਗੱਲ ਐ..ਨਾਟਕ ਖੇਡਿਆ “ਮਾਂ “..ਹੁਨਰਮੰਦ ਬੱਚੇ ਨੇ ਮੰਚ ਰੰਗਮੰਚ ਦੀ ਪਹਿਲੀ ਪੇਸ਼ਕਾਰੀ ਮਾਂ ਦੇ ਚਰਨਾਂ ‘ਚ ਭੇਂਟ ਕੀਤੀ ..ਮੈਂ ਉਸਨੂੰ ਅਕਸਰ ਪੁੱਛਦਾ ਹਾਂ ,” ਏਨਾ ਕੰਮ..ਏਨੀ ਊਰਜਾ..!?”..ਉਹ ਦੱਸਦਾ ਹੈ,”ਮੇਰੀ ਮਾਂ ਵੀ ਬਹੁਤ ਕੰਮ ਕਰਦੀ ਸੀ।”
33 ਸਾਲ ਹੋ ਗਏ..ਨਾ ਉਸਦੇ ਮੰਚ ਰੰਗਮੰਚ ਦੁਆਰਾ ਕੀਤੇ ਜਾਣ ਵਾਲ਼ੇ ਕਾਰਜ ਦੀ ਰਫ਼ਤਾਰ ਘਟੀ..ਤੇ ਨਾ ਉਸਦੀ ਆਪਣੀ ਊਰਜਾ ‘ਚ ਕੋਈ ਫਰਕ ਪਿਆ..ਨਾਟਕ ‘ਤੇ ਨਾਟਕ ..ਜਿਵੇਂ ਉਹਦੀ ਆਪਣੇ ਆਪ ਨਾਲ ਕੋਈ ਦੌੜ ਲੱਗੀ ਹੋਵੇ..ਏਦਾਂ ਕੌਣ ਕਰਦੈ ਯਾਰ!!?..ਏਦਾਂ ਕੇਵਲ ਕਰਦੈ!!..ਫਿਰ ਉਸਨੇ ਰੰਗਮੰਚ ਉਤਸਵ ਰਚਾਉਣੇ ਸ਼ੁਰੂ ਕਰਤੇ..ਭਰਪੂਰ ਨਾਟ ਮੇਲੇ..ਏਸ ਵਾਰ 20ਵਾਂ ਨੈਸ਼ਨਲ ਥੀਏਟਰ ਫੈਸਟੀਵਲ ਹੋ ਰਿਹਾ..10 ਦਿਨ ਦਾ..ਵਿਰਸਾ ਵਿਹਾਰ ਅਮ੍ਰਿਤਸਰ ਵਿਖੇ..ਵੰਨ ਸੁਵੰਨੇ ਨਾਟਕ..2 ਨਾਟਕ ਉਸਦੇ ਆਪਣੇ ..ਤੇ ਇਕ ਨਾਟਕ ਉਸ ਮੇਲੇ ‘ਚ ਮੈਂ ਵੀ ਖੇਡ ਰਿਹਾਂ..”ਸੰਮਾਂ ਵਾਲ਼ੀ ਡਾਂਗ”..ਮੌਕਾ ਮੇਲ ਹੀ ਸਮਝੋ..ਇਹ ਸੰਮਾਂ ਵਾਲ਼ੀ ਡਾਂਗ ਦੀ 100ਵੀਂ ਪੇਸ਼ਕਾਰੀ ਹੈ..ਬਹੁਤਿਆਂ ਨੂੰ ਨਹੀਂ ਪਤਾ ਹੋਣਾ..ਇਸ ਨਾਟਕ ਦੀ ਪਹਿਲੀ ਪੇਸ਼ਕਾਰੀ ਵੀ ਕੇਵਲ ਧਾਲੀਵਾਲ ਨੇ ਹੀ ਕਰਵਾਈ ਸੀ..ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ..18 ਸਿਤੰਬਰ 2019..ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ..ਉਸਤੋਂ ਬਾਅਦ ਪਿੰਡ ਪਿੰਡ ਦੇਸ਼ ਵਿਦੇਸ਼ ਘੁੰਮਦਾ ਹੁਣ ਅਮ੍ਰਿਤਸਰ ਪਹੁੰਚਿਆ ਹੈ..ਸੰਮਾਂ ਵਾਲ਼ੀ ਡਾਂਗ !
ਅਮ੍ਰਿਤਸਰ ‘ਚ ਨਾਟਕ ਕਰਨਾ ਮਾਣ ਵਾਲ਼ੀ ਗੱਲ ..ਕੇਵਲ ਧਾਲੀਵਾਲ ਜਦੋਂ ਵਾਪਸ ਆਇਆ ਤਾਂ ਉਸਦੇ ਦਿਲ ‘ਚ ਇਕ ਮਿਹਣਾ ਕੰਡੇ ਦੀ ਤਰ੍ਹਾਂ ਰੜਕਦਾ ਸੀ..”ਪੰਜਾਬੀ ਰੰਗਮੰਚ ਬਾਕੀ ਭਾਸ਼ਾਵਾਂ ਦੇ ਹਾਣ ਦਾ ਨਹੀਂ !”..ਵੱਖ ਵੱਖ ਮੰਚਾਂ ਤੋਂ ਗੂੰਜਦਾ ਇਹ ਮਿਹਣਾ ਉਹਨੂੰ ਇਵੇਂ ਲਗਦੈ ਜਿਵੇਂ ਉਸਨੂੰ ਸੁਣਾਇਆ ਜਾ ਰਿਹੈ..ਉਹਨੇ ਚੁਣੌਤੀ ਕਬੂਲੀ..ਤੇ ਅੱਜ ਉਸਦੇ ਪੰਜਾਬੀ ਨਾਟਕ ਭਾਰਤ ਦੇ ਹਰ ਸੂਬੇ ‘ਚ ਹੋਣ ਵਾਲ਼ੇ ਕੌਮੀ ਰੰਗਮੰਚ ਮੇਲਿਆਂ ‘ਚ ਮਾਣ ਨਾਲ ਹਾਜ਼ਰੀ ਭਰਦੇ ਨੇ..ਅਮ੍ਰਿਤਸਰ ਪੰਜਾਬੀ ਰੰਗਮੰਚ ਦੀ ਰਾਜਧਾਨੀ ਆਖਿਆ ਜਾਣ ਲਗ ਪਿਆ..ਕੇਵਲ ਦਾ ਅਮ੍ਰਿਤਸਰ !..ਮੈਂ ਸਿਆਸੀ ਰਾਜਧਾਨੀ ਤੋਂ ਚੱਲ ਕੇ ਰੰਗਮੰਚ ਦੀ ਰਾਜਧਾਨੀ ਨਾਟਕ ਖੇਡਣ ਜਾਣੈ..ਚਾਅ ਤਾਂ ਬਣਦੈ..ਕਿ ਨਹੀਂ !
ਕੇਵਲ ਦਾ ਭਰਾਵਾਂ ਅਰਗਾ ਦੋਸਤ
ਸਾਹਿਬ ਸਿੰਘ