(ਸਮਾਜ ਵੀਕਲੀ)- ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ਦੇ ਸਾਂਝੇ ਯਤਨਾਂ ਨਾਲ ਮਹੀਨਾਵਾਰ ਸਿਰਜਣਾ ਦੇ ਆਰ ਪਾਰ ਔਨਲਾਈਨ ਪ੍ਰੋਗਰਾਮ ਡਾ ਸਰਬਜੀਤ ਕੌਰ ਸੋਹਲ ਜੀ ਅਤੇ ਰਮਿੰਦਰ ਰੰਮੀ ਦੀ ਅਗਵਾਈ ਵਿੱਚ ਕਰਵਾਇਆ ਗਿਆ।ਇਸ ਪ੍ਰੋਗਰਾਮ ਵਿੱਚ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸਰਪ੍ਰਸਤ ਪ੍ਰਸਿੱਧ ਪੰਜਾਬੀ ਲੇਖਿਕਾ ਸੁਰਜੀਤ ਟਰਾਂਟੋ ਨੇ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ ਸੁਖਵਿੰਦਰ ਅੰਮ੍ਰਿਤ ਨੂੰ ਨਿੱਘੀ ਜੀ ਆਇਆਂ ਆਖਿਆ। ਉਪਰੰਤ ਪ੍ਰੋ ਕੁਲਜੀਤ ਕੌਰ ਨੇ ਸੁਖਵਿੰਦਰ ਅੰਮ੍ਰਿਤ ਦੀ ਸਾਹਿਤਕ ਦੇਣ ਬਾਰੇ ਜਾਣਕਾਰੀ ਦਿੱਤੀ। ਉਹਨਾਂ ਸੁਖਵਿੰਦਰ ਅੰਮ੍ਰਿਤ ਨੂੰ ਵੀਹਵੀਂ ਸਦੀ ਦੇ ਆਖਰੀ ਦਹਾਕੇ ਤੋਂ ਹੁਣ ਤੱਕ ਨਾਰੀ ਕਾਵਿ ਦੀ ਯੁੱਗ ਨਾਇਕਾ ਦੱਸਿਆ। ਸੁਖਵਿੰਦਰ ਅੰਮ੍ਰਿਤ ਨੇ ਆਪਣੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ। ਉਹਨਾਂ ਨਿੱਜੀ ਜੀਵਨ ਦੀਆਂ ਚੁਨੌਤੀਆਂ ਨੂੰ ਸਵੀਕਾਰ ਕੀਤਾ ਪਰ ਕਦੇ ਨਿਰਾਸ਼ ਨਾ ਹੋ ਕੇ ਆਪਣੀ ਵਿਦਿਆ ਪ੍ਰਾਪਤੀ, ਕਲਮ ਨਾਲ ਸਾਂਝ ਨੂੰ ਹੋਰ ਪੱਕਾ ਕੀਤਾ। ਇਕ ਘਰੇਲੂ ਜੀਵਨ ਦੀ ਵਲਗਣ ਵਿੱਚੋਂ ਨਿਕਲ ਕੇ ਸਾਹਿਤਕ ਅੰਬਰ ਤੇ ਉਡਾਰੀ ਭਰਨ ਵਾਲੀ ਸੁਖਵਿੰਦਰ ਅੰਮ੍ਰਿਤ ਨੇ ਨੌਂ ਪੁਸਤਕਾਂ ਪੰਜਾਬੀ ਕਾਵਿ ਜਗਤ ਨੂੰ ਦਿੱਤੀਆਂ ਜਿਹਨਾਂ ਵਿਚ ਸੂਰਜ ਦੀ ਦਹਿਲੀਜ਼, ਕਣੀਆਂ, ਧੁੱਪ ਦੀ ਚੁੰਨੀ, ਚਿਰਾਗਾਂ ਦੀ ਡਾਰ, ਚਿੜੀਆਂ, ਪੱਤਝੜ ਵਿਚ ਪੁੰਗਰਦੇ ਪੱਤੇ ਪ੍ਰਮੁੱਖ ਹਨ। ਅੰਮ੍ਰਿਤ ਨੇ ਦੇਰ ਨਾਲ ਲਿਖਣਾ ਸ਼ੁਰੂ ਕੀਤਾ ਪਰ ਨਿਰੰਤਰ ਕਾਵਿ ਸਿਰਜਣਾ ਕਰਦੀ ਰਹੀ।ਉਹਨਾਂ ਨੇ ਨਾਰੀ ਪੁਰਸ਼ ਬਰਾਬਰੀ, ਨਾਰੀ ਸੰਵੇਦਨਾ, ਸਮਾਜਿਕ ਸਰੋਕਾਰ, ਮਾਂ, ਭੈਣ, ਧੀ, ਪਤਨੀ ਆਦਿ ਰਿਸ਼ਤਿਆਂ ਵਿੱਚ ਔਰਤ ਦੀ ਭੂਮਿਕਾ ਅਤੇ ਸਮਿਸਆਵਾਂ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ। ਉਹਨਾਂ ਆਪਣੀਆਂ ਕਵਿਤਾਵਾਂ ਰਾਹੀਂ ਵੀ ਆਪਣੇ ਮਨੋਭਾਵਾਂ ਦਾ ਪ੍ਰਗਟਾਵਾ ਕੀਤਾ।
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਪ੍ਰਧਾਨ ਰਿੰਟੂ ਭਾਟੀਆ ਨੇ ਸੁਖਵਿੰਦਰ ਅੰਮ੍ਰਿਤ ਦੀ ਗ਼ਜ਼ਲ ਗਾ ਕੇ ਸੁਣਾਈ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੁੱਖ ਸਲਾਹਕਾਰ ਸ੍ਰ ਪਿਆਰਾ ਸਿੰਘ ਕੁੱਦੋਵਾਲ ਜੀ ਨੇ ਸਾਰੇ ਪ੍ਰੋਗਰਾਮ ਬਾਰੇ ਆਪਣੇ ਪ੍ਰਤੀਕਰਮ ਪੇਸ਼ ਕੀਤੇ। ਉਹਨਾਂ ਸੁਖਵਿੰਦਰ ਅੰਮ੍ਰਿਤ ਦੀ ਸ਼ਾਇਰੀ ਨੂੰ ਸਮੇਂ ਦੀ ਹਾਣੀ ਦੱਸਿਆ ਜ਼ੋ ਮਾਨਵੀ ਸੰਵੇਦਨਾ ਅਤੇ ਨਾਰੀ ਮਨੋਭਾਵਾਂ ਦੀ ਤਰਜਮਾਨੀ ਕਰਦੀ ਹੈ। ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਨੇ ਵੀ ਸੁਖਵਿੰਦਰ ਅੰਮ੍ਰਿਤ ਜੀ ਤੇ ਪ੍ਰੋਗਰਾਮ ਵਿੱਚ ਦੇਸ਼ਾਂ ਵਿਦੇਸ਼ਾਂ ਤੋਂ ਜੁੜੇ ਹਾਜ਼ਰੀਨ ਮੈਂਬਰਜ਼ ਦਾ ਧੰਨਵਾਦ ਕੀਤਾ। ਇਸ ਪ੍ਰੋਗਰਾਮ ਵਿੱਚ ਦੇਸ਼ ਵਿਦੇਸ਼ ਤੋਂ ਬਹੁਤ ਸਾਰੇ ਦਰਸ਼ਕ ਸ਼ਾਮਿਲ ਹੋਏ । ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੀਤ ਪ੍ਰਧਾਨ ਪ੍ਰੋ ਨਵਰੂਪ,ਡਾ ਬਲਜੀਤ ਕੌਰ ਰਿਆੜ, ਰਾਜਬੀਰ ਕੌਰ ਗਰੇਵਾਲ, ਦੀਪ ਕੁਲਦੀਪ ਤੇ ਅਮਨਬੀਰ ਸਿੰਘ ਧਾਮੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਅਮਰ ਜੋਤੀ ਮਾਂਗਟ,ਗੁਰਚਰਨ ਸਿੰਘ ਜੋਗੀ, ਮਨਜੀਤ ਕੌਰ ਅੰਬਾਲਵੀ, ਮਨਜੀਤ ਕੌਰ ਧੀਮਾਨ, ਹਰਦਿਆਲ ਸਿੰਘ ਝੀਤਾ, ਅਜੈਬ ਸਿੰਘ ਚੱਠਾ, ਰਵਿੰਦਰ ਕੌਰ ਭਾਟੀਆ ਅੰਜਨਾ ਮੈਨਨ, ਹਰਭਜਨ ਕੌਰ ਗਿੱਲ, ਡਾ ਮਨਿੰਦਰ ਕੌਰ, ਅੰਮ੍ਰਿਤਾ ਦਰਸ਼ਨ, ਨਿਰਵੈਰ ਸਿੰਘ ਅਰੋੜਾ, ਪੋਲੀ ਬਰਾੜ, ਬੇਅੰਤ ਕੌਰ ਸਾਹੀ, ਡਾ. ਗੁਰਬਿੰਦਰ ਕੌਰ, ਡਾ ਉਮਾ ਸ਼ਰਮਾ, ਵਰਿੰਦਰ ਸਿੰਘ ਵਿਰਦੀ, ਪ੍ਰੋ ਸ਼ਰਨਜੀਤ ਕੌਰ, ਗੁਰਦਰਸ਼ਨ ਸਿੰਘ ਗੁਲਾਲ, ਮਨਜੀਤ ਕੌਰ ਧੀਮਾਨ, ਆਦਿ ਸ਼ਾਮਿਲ ਹਨ।ਇਸ ਮੌਕੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੀ ਫਰਵਰੀ ਮਹੀਨੇ ਦੀ ਈ ਮੈਗਜ਼ੀਨ ਵੀ ਰਿਲੀਜ਼ ਕੀਤੀ ਗਈ ਜਿਸ ਲਈ ਸਾਰਿਆਂ ਨੇ ਇਸ ਦੀ ਸੰਪਾਦਕਾ ਰਮਿੰਦਰ ਰੰਮੀ ਨੂੰ ਵਧਾਈ ਦਿੱਤੀ। ਸੁਰਜੀਤ ਟਰਾਂਟੋ ਦਾ ਸੰਪਾਦਿਤ ਕਾਵਿ ਸੰਗ੍ਰਹਿ ‘ਲਵੈਂਡਰ’ ਵੀ ਰਿਲੀਜ਼ ਕੀਤੀ ਗਈ। ਸਿਰਜਣਾ ਦੇ ਆਰ ਪਾਰ ਪ੍ਰੋਗਰਾਮ ਵਿੱਚ ਹਰ ਮਹੀਨੇ ਕਿਸੇ ਪ੍ਰਸਿੱਧ ਸ਼ਖ਼ਸੀਅਤ ਨਾਲ ਰੂਬਰੂ ਕਰਵਾਇਆ ਜਾਂਦਾ ਹੈ ਜਿਸ ਨੇ ਸਾਹਿਤਕ ਸਭਿਆਚਾਰਕ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ ਹੋਵੇ। ਪੰਜਾਬ ਸਾਹਿਤ ਅਕਾਦਮੀ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਵੱਲੋਂ ਨਾਮਵਰ ਸ਼ਾਇਰਾ ਸੁਖਵਿੰਦਰ ਅੰਮ੍ਰਿਤ ਨਾਲ ਕਰਵਾਇਆ ਗਿਆ ਰੂਬਰੂ ਯਾਦਗਾਰੀ ਹੋ ਨਿਬੜਿਆ। ਪ੍ਰੋ ਕੁਲਜੀਤ ਕੌਰ ਜੀ ਨੇ ਸੁਖਵਿੰਦਰ ਅੰਮ੍ਰਿਤ ਜੀ ਨਾਲ ਹੋਏ ਅੰਤਰਰਾਸ਼ਟਰੀ ਰੂਬਰੂ ਦੀ ਰਿਪੋਰਟ ਰਮਿੰਦਰ ਰੰਮੀ ਜੀ ਨੂੰ ਸਾਂਝੀ ਕੀਤੀ।
ਧੰਨਵਾਦ ਸਹਿਤ ।
ਰਮਿੰਦਰ ਰੰਮੀ ਫ਼ਾਊਂਡਰ ਤੇ ਪ੍ਰਬੰਧਕ
ਅੰਤਰਰਾਸ਼ਟਰੀ ਸਾਹਿਤਕ ਸਾਂਝਾਂ ।