ਏਹੁ ਹਮਾਰਾ ਜੀਵਣਾ ਹੈ -219

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)- ਵੀਰੋ ਨੇ ਜਦ ਆਪਣੀ ਕੋਠੀ ਬਣਾਈ ਸੀ ਤਾਂ ਆਲ਼ੇ ਦੁਆਲ਼ੇ ਟਾਂਵੇ ਟਾਂਵੇ ਘਰ ਸਨ। ਵੱਡਾ ਮੁੰਡਾ ਦਸ ਪੜ੍ਹ ਕੇ ਹਟ ਗਿਆ ਸੀ ਤਾਂ ਉਹ ਵੀ ਆਪਣੇ ਪਿਓ ਨਾਲ਼ ਗੱਡੀਆਂ ਤੇ ਚਲਿਆ ਜਾਂਦਾ। ਘਰ ਦੀਆਂ ਦੋ ਗੱਡੀਆਂ ਸਨ,ਜਦ ਟਰੱਕ ਭਰ ਕੇ ਗੇੜਾ ਲਾਉਣ ਜਾਂਦੇ ਤਾਂ ਡੇਢ ਦੋ ਮਹੀਨੇ ਬਾਅਦ ਵਾਪਸੀ ਹੁੰਦੀ। ਰੱਬ ਜਾਣੇ ਸੱਚ ਸੀ ਜਾਂ ਝੂਠ ਪਰ ਵਿੱਚੇ ਹੀ ਸੁਣਨ ਨੂੰ ਆਇਆ ਸੀ ਕਿ ਅਫੀਮ ਵੀ ਵੇਚਦੇ ਸਨ, ਤਾਂ ਹੀ ਤਾਂ ਮੋਟੀ ਕਮਾਈ ਹੁੰਦੀ ਸੀ। ਕਿਉਂ ਕਿ ਆਦਮੀ ਦੀ ਜੇਬ ਨੋਟਾਂ ਨਾਲ ਭਰੀ ਰਹਿੰਦੀ ਸੀ, ਗੱਲਾਂ ਵੀ ਵੱਡੀਆਂ ਵੱਡੀਆਂ ਕਰਦੇ ਸਨ। ਰਿਸ਼ਤੇਦਰੀ ਵਿੱਚੋਂ ਹੀ ਕਿਸੇ ਦੀ ਕੁੜੀ ਮੁੰਡੇ ਨੂੰ ਪਸੰਦ ਆ ਗਈ ਤਾਂ ਇਹਨਾਂ ਨੇ ਮੰਗ ਕੇ ਰਿਸ਼ਤਾ ਲਿਆ ਕਿਉਂਕਿ ਕੁੜੀ ਅੰਤਾਂ ਦੀ ਸੋਹਣੀ ਸੀ ਪਰ ਉਹ ਆਪ ਗਰੀਬ ਸਨ। ਵੀਰੋ ਦੀ ਆਪਣੀ ਕੁੜੀ ਵੀ ਕਾਲਜ ਵਿੱਚ ਪੜ੍ਹਦੀ ਸੀ। ਵੀਰੋ ਨੇ ਜਦ ਵੀ ਚਾਰ ਤੀਵੀਂਆਂ ਵਿੱਚ ਬੈਠਣਾ ਜਾਂ ਘਰੇ ਚਾਰ ਪ੍ਰਾਹੁਣੇ ਆ ਜਾਣੇ ਤਾਂ ਉਸ ਨੇ ਆਪਣੀ ਧੀ ਅਤੇ ਨੂੰਹ ਦੇ ਰੰਗ ਰੂਪ ਦੀਆਂ ਆਪਣੇ ਮੂੰਹੋਂ ਵਡਿਆਈ ਕਰਦੀ ਨੇ ਨਾ ਥੱਕਣਾ ਤੇ ਕਹਿਣਾ,” ਮੈਨੂੰ ਤਾਂ ਲੋਕ ਖੜ੍ਹਾ ਖੜ੍ਹਾ ਕੇ ਪੁੱਛਦੇ ਆ…. ਬਈ ਤੁਸੀਂ ਐਨੀ ਸੋਹਣੀ ਕੁੜੀ ਕਿੱਥੋਂ ਲੱਭ ਲਈ….. ਨਨਾਣ ਭਰਜਾਈ ਜਮਾਂ ਈ ਇੱਕੋ ਜਿਹੀਆਂ ਲੱਗਦੀਆਂ ਨੇ….!”

ਕੁੜੀ ਦਾ ਵਿਆਹ ਵੀ ਵਿਦੇਸ਼ ਵਸਦੇ ਪੱਕੇ ਮੁੰਡੇ ਨਾਲ ਹੋ ਗਿਆ। ਜਦੋਂ ਕੁੜੀ ਦਾ ਵਿਆਹ ਹੋਇਆ ਉਦੋਂ ਵੀ ਉਸ ਨੇ ਆਪਣੀ ਵਡਿਆਈ ਕਰਨ ਲੱਗੀ ਨੇ ਹੱਦ ਈ ਕਰ ਦਿੱਤੀ। ਜੇ ਕਿਸੇ ਨੇ ਪੁੱਛਣਾ,” ਹੋਰ ਕਿਵੇਂ ਆ….. ਕੁੜੀ ਦਾ ਵਿਆਹ ਵਧੀਆ ਹੋ ਗਿਆ….? ਮੁੰਡੇ ਵਾਲੇ ਵਧੀਆ ਮਿਲ਼ੇ ਨੇ…..?” ਤਾਂ ਅੱਗੋਂ ਵੀਰੋ ਨੇ ਵਡਿਆਈ ਕਰਦਿਆਂ ਆਖਣਾ,” ਮੇਰੀ ਧੀ ਨੂੰ ਸਾਰੇ ਬਰਾਤੀ ਅੱਡੀਆਂ ਚੁੱਕ ਚੁੱਕ ਕੇ ਵੇਖਦੇ ਸੀ….. ਉਹ ਤਾਂ ਮੇਰੇ ਰਿਸ਼ਤੇਦਾਰਾਂ ਨੂੰ ਪੁੱਛਦੇ ਸੀ ਐਨੀ ਸੋਹਣੀ ਕੁੜੀ ਤੇ ਐਨੇ ਪੈਸੇ ਵਾਲੇ ਰਿਸ਼ਤੇਦਾਰ ਕਿੱਥੋਂ ਲੱਭ ਲਏ ਤੁਸੀਂ…..?” ਵੀਰੋ ਹਰ ਵੇਲੇ ਆਪਣੇ ਪੈਸੇ, ਕੋਠੀ, ਨੂੰਹ ਤੇ ਧੀ ਦੇ ਰੂਪ ਦੀਆਂ ਵਡਿਆਈਆਂ ਹੀ ਕਰਦੀ ਰਹਿੰਦੀ।

ਚਾਰ ਕੁ ਸਾਲ ਬਾਅਦ ਕੁੜੀ ਬਾਹਰ ਚਲੀ ਗਈ। ਐਧਰ ਨੂੰਹ ਨਾਲ਼ ਵੀ ਅੰਦਰੋਂ ਅੰਦਰੀ ਖੜਕਾ ਦੜਕਾ ਰਹਿਣ ਲੱਗਿਆ ਸੀ। ਨੂੰਹ ਪੁੱਤ ਆਪਣੇ ਦੋਨਾਂ ਜਵਾਕਾਂ ਨਾਲ਼ ਅੱਧੀ ਕੋਠੀ ਵੰਡ ਕੇ ਅੱਡ ਹੋ ਗਏ। ਮੁੰਡੇ ਨੇ ਗੱਡੀਆਂ ਵੀ ਵੰਡ ਲਈਆਂ। ਮੁੰਡਾ ਮੋਟਾ ਨਸ਼ਾ ਕਰਦਾ ਸੀ। ਹੌਲੀ ਹੌਲੀ ਗੱਡੀਆਂ ਵੇਚ ਦਿੱਤੀਆਂ ਤੇ ਓਧਰ ਵੀਰੋ ਵੀ ਬਿਮਾਰ ਰਹਿਣ ਲੱਗੀ। ਜਦੋਂ ਦੀ ਕੁੜੀ ਬਾਹਰ ਗਈ ਸੀ ਉਸ ਨੇ ਤਾਂ ਇੰਡੀਆ ਵੱਲ ਨੂੰ ਮੂੰਹ ਹੀ ਨਹੀਂ ਕੀਤਾ ਸੀ। ਉਹ ਵੀ ਤਿੰਨ ਧੀਆਂ ਦੀ ਮਾਂ ਬਣ ਗਈ ਸੀ। ਵੀਰੋ ਨੂੰ ਦਿਲ ਦਾ ਦੌਰਾ ਪਿਆ ਪਰ ਹਸਪਤਾਲ ਇਲਾਜ ਚੱਲਦਾ ਸੀ, ਨੂੰਹ ਨੇ ਤਾਂ ਸੰਭਾਲ਼ ਲਿਆ ਪਰ ਧੀ ਨੇ ਫ਼ੋਨ ਕਰਕੇ ਵੀ ਹਾਲ ਨਾ ਪੁੱਛਿਆ। ਸਾਰੇ ਲੋਕ ਹੈਰਾਨ ਸਨ ਕਿਉਂਕਿ ਐਦਾਂ ਈ ਘੁਸਰ ਮੁਸਰ ਕਰਦਿਆਂ ਜ਼ਨਾਨੀਆਂ ਨੂੰ ਪਤਾ ਲੱਗਿਆ ਕਿ ਇਹ ਤਾਂ ਵਾਰ ਵਾਰ ਉਸ ਨੂੰ ਫ਼ੋਨ ਕਰਦੇ ਰਹੇ ਕਿ ਮਾਂ ਬੀਮਾਰ ਹੈ ਪਰ ਉਸ ਨੇ ਕਿਹਾ ਕਿ ਉਸ ਕੋਲ ਵਾਰ ਵਾਰ ਫੋਨ ਕਰਕੇ ਹਾਲ ਪੁੱਛਣ ਦਾ ਸਮਾਂ ਨਹੀਂ ਹੈ। ਉਹ ਠੀਕ ਹੋ ਕੇ ਘਰ ਤਾਂ ਆ ਗਈ ਪਰ ਧੀ ਦੀ ਬੇਰੁਖ਼ੀ ਦਾ ਝੋਰਾ ਉਸ ਨੂੰ ਖਾਈ ਜਾਂਦਾ ਸੀ। ਪਰ ਲੋਕ ਖ਼ਬਰ ਲੈਣ ਆਉਂਦੇ ਕੋਈ ਨਾ ਕੋਈ ਗੱਲ ਤਾਂ ਕਰ ਹੀ ਦਿੰਦੇ ਹਨ, “ਹੋਰ ਕੁੜੀ ਵੀ ਫ਼ਿਕਰ ਕਰਦੀ ਹੋਣੀ ਆ ਪਰਦੇਸਾਂ ਵਿੱਚ ਬੈਠੀ….?” ਕਿਸੇ ਨੇ ਕਹਿਣਾ, “ਕੁੜੀ ਖ਼ਬਰ ਲੈਣ ਆਊਗੀ ਕਿ ਨਹੀਂ….? ਮਾਂ ਮੌਤ ਦੇ ਮੂੰਹ ਚੋਂ ਬਚ ਕੇ ਆਈ ਆ….!” ਵੀਰੋ ਨੇ ਟਾਲਮਟੋਲ ਕਰ ਛੱਡਣਾ। ਪਰ ਕੁੜੀ ਦਾ ਆਪਣੇ ਮਾਪਿਆਂ ਤੋਂ ਐਨਾ ਬੇਮੁੱਖ ਹੋ ਜਾਣਾ ਵਾਕਿਆ ਹੀ ਸਭ ਲਈ ਹੈਰਾਨੀ ਦੀ ਗੱਲ ਸੀ।

ਓਧਰ ਵੀਰੋ ਦਾ ਮੁੰਡਾ ਵੀ ਬੀਮਾਰ ਰਹਿਣ ਲੱਗਿਆ। ਨੂੰਹ ਆਪਣੇ ਹਿੱਸੇ ਦੀ ਅੱਧੀ ਕੋਠੀ ਕਿਰਾਏ ਤੇ ਦੇ ਕੇ, ਪਿੰਡ ਇੱਕ ਕੀਲਾ ਜ਼ਮੀਨ ਦਾ ਵੇਚ ਕੇ ਅੱਧੇ ਵਿੱਘੇ ਵਿੱਚ ਕੋਠੀ ਬਣਾ ਕੇ ਰਹਿਣ ਲੱਗੀ।ਇੱਥੇ ਵੀਰੋ ਤੇ ਉਸ ਦਾ ਆਦਮੀ ਹੀ ਰਹਿੰਦੇ ਸਨ। ਦੋ ਤਿੰਨ ਸਾਲ ਨਿਕਲ਼ ਗਏ ਵੀਰੋ ਦੇ ਮੁੰਡੇ ਦੀ ਵੀ ਮੌਤ ਹੋ ਗਈ ਪਰ ਧੀ ਪਤਾ ਨਹੀਂ ਕਿਹੜੀ ਗੱਲੋਂ ਆਪਣੇ ਪੇਕਿਆਂ ਨਾਲ਼ ਵਿਛੋੜੇ ਪਾ ਕੇ ਗਈ ਸੀ, ਉਸ ਨੂੰ ਫ਼ੋਨ ਕਰਕੇ ਦੱਸਿਆ ਤਾਂ ਬੱਸ ਲੋਕਾਂ ਵਾਂਗ ਹੀ ਉਸ ਨੇ ਉਸੇ ਫ਼ੋਨ ਤੇ ਹੀ ਅਫਸੋਸ ਕਰ ਲਿਆ ਮੁੜ ਕੇ ਨਾ ਕਦੇ ਫੋਨ ਨਾ ਕੋਈ ਆਉਣ ਦੀ ਗੱਲ ਆਖੀ। ਵੀਰੋ ਦੀ ਤਬੀਅਤ ਜ਼ਿਆਦਾ ਖਰਾਬ ਰਹਿਣ ਲੱਗੀ ਤਾਂ ਭਰਜਾਈ ਨੇ ਕਿਹਾ ਕਿ ਮਾਂ ਤੈਨੂੰ ਇੱਕ ਵਾਰ ਦੇਖਣਾ ਚਾਹੁੰਦੀ ਹੈ ਤਾਂ ਉਸ ਨੇ ਸਾਫ਼ ਕਹਿ ਦਿੱਤਾ, “ਜੇ ਕੁਛ ਹੋ ਗਿਆ ਤਾਂ ਦੱਸ ਦਿਓ…..ਪਰ ਮੇਰੇ ਕੋਲ ਮਿਲ਼ਣ ਆਉਣ ਦਾ ਸਮਾਂ ਨਹੀਂ ਹੈ।” ਹੁਣ ਜੇ ਕੋਈ ਵੀਰੋ ਦਾ ਹਾਲ ਪੁੱਛਦਾ ਤੇ ਧੀਆਂ ਪੁੱਤਾਂ ਬਾਰੇ ਪੁੱਛਦਾ ਤਾਂ ਸਾਫ਼ ਕਹਿ ਦਿੰਦੀ, “ਮੈਂ ਨਹੀਂ ਜੰਮਿਆ ਕੋਈ ਜਵਾਕ….. ਮੈਂ ਨੀ ਜਾਣਦੀ ਉਹਨਾਂ ਲੋਕਾਂ ਨੂੰ ਜਿਹਨਾਂ ਬਾਰੇ ਤੁਸੀਂ ਪੁੱਛਦੇ ਹੋ!” ਉਸ ਗੱਲ ਤੋਂ ਵੀ ਪਰਦਾ ਉਠ ਗਿਆ ਸੀ ਜਿਸ ਨੂੰ ਲੋਕ ਘੁਸਰ ਮੁਸਰ ਕਰਕੇ ਦਿਲਚਸਪ ਕਹਾਣੀਆਂ ਬਣਾ ਕੇ ਪੇਸ਼ ਕਰਦੇ ਸਨ।

ਆਖ਼ਰ ਉਹ ਦਿਨ ਵੀ ਆ ਗਿਆ ਜਿਸ ਦਿਨ ਵੀਰੋ ਇਸ ਜਹਾਨ ਤੋਂ ਰੁਖ਼ਸਤ ਹੋ ਗਈ, ਭਰਜਾਈ ਨੇ ਫ਼ੋਨ ਕਰਕੇ ਉਸਨੂੰ ਦੱਸਣ ਵਾਲ਼ਾ ਆਪਣਾ ਫ਼ਰਜ਼ ਨਿਭਾ ਦਿੱਤਾ। ਲੋਕ ਕਹਿੰਦੇ ਸਨ ਕਿ ਮਾਂ ਦੇ ਸਸਕਾਰ ਤੇ ਨਹੀਂ ਆਈ ਸ਼ਾਇਦ ਮਗਰੋਂ ਆ ਜਾਵੇ, ਫਿਰ ਆਖਣ ਲੱਗੇ ਕਿ ਸ਼ਾਇਦ ਭੋਗ ਤੇ ਆ ਜਾਵੇ ਪਰ ਉਹ ਨਹੀਂ ਆਈ। ਵੀਰੋ ਜਿਹੜੀ ਕੁੜੀ ਉੱਤੇ ਆਪਣੀ ਜਾਨ ਵਾਰਦੀ ਸੀ, ਉਸ ਵਰਗੀ ਕਠੋਰ ਦਿਲ ਕੁੜੀ ਅੱਜ ਤੱਕ ਕਿਸੇ ਨੇ ਨਹੀਂ ਦੇਖੀ ਸੀ ਕਿਉਂਕਿ ਜਿੰਨੀਆਂ ਮਰਜ਼ੀ ਲੜਾਈਆਂ ਹੋਈਆਂ ਹੋਣ, ਜਿੰਨੇ ਮਰਜ਼ੀ ਰੁਝੇਵੇਂ ਹੋਣ, ਜਿੰਨੀਆਂ ਮਰਜ਼ੀ ਦੂਰੀਆਂ ਹੋਣ, ਜਿੰਨੇ ਮਰਜ਼ੀ ਸਹੁਰੇ ਮਾੜੇ ਹੋਣ ਪਰ ਕੁੜੀਆਂ ਦਾ ਤਾਂ ਆਪਣੇ ਪੇਕਿਆਂ ਦਾ ਨਾਂ ਸੁਣਦੇ ਹੀ ਮਨ ਮਿਲ਼ਣ ਲਈ ਉਡਾਰੀਆਂ ਮਾਰਨ ਲੱਗਦਾ ਹੈ, ਭਾਵਨਾਵਾਂ ਉਛਾਲੇ ਮਾਰਦੀਆਂ ਹਨ, ਮੋਹ ਦੀਆਂ ਛੱਲਾਂ ਠਾਠਾਂ ਮਾਰਨ ਲੱਗਦੀਆਂ ਹਨ ਪਰ ਉਸ ਦੀ ਕੁੜੀ ਦਾ ਮੁੜ ਕੇ ਪੇਕਿਆਂ ਵੱਲ ਮੂੰਹ ਨਾ ਕਰਨਾ ਤੇ ਐਨਾ ਬੇਮੁੱਖ ਹੋ ਜਾਣਾ ਸੱਚ ਮੁੱਚ ਸਾਰਿਆਂ ਲਈ ਇੱਕ ਅੜਾਉਣੀ ਬੁਝਾਰਤ ਬਣ ਗਿਆ ਸੀ। ਪਰ ਇਸ ਝੂਠੇ ਮੋਹ ਮਾਇਆ ਵਿੱਚ ਫਸ ਕੇ ਆਪਣੀਆਂ ਹੱਥੋਂ ਦੁਖੀ ਹੁੰਦੇ‌ ਰਹਿਣ ਨਾਲੋਂ ਪਰਮਾਤਮਾ ਦੀ ਰਜ਼ਾ ਵਿੱਚ ਰਹਿਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ…
9988901324

Previous articleਹੁਣ ਚੁੱਪ ਨਹੀਂ ਬੈਠਾਂਗੀ
Next articleਮੁਹੱਬਤਾਂ ਦੇ ਰਾਹ ਤੇ…