ਜੀ ਕਰਦਾ ਬਚਪਨ ਵਿੱਚ ਜਾਵਾਂ

ਵਿਰਕ ਪੁਸ਼ਪਿੰਦਰ

 (ਸਮਾਜ ਵੀਕਲੀ)

ਬਚਪਨ ਦੀ ਉਸ ਧੁਨ ਵਿੱਚ ਖੋ ਜਾਵਾਂ
ਜੀ ਕਰਦਾ ਬੱਚਾ ਬਣ ਜਾਵਾਂ!

ਪੜਦਾਦੇ ਦੀ ਗੋਦੀ ਵਿੱਚ ਬੈਠ
ਉਸ ਖਰਗੋਸ਼ ਨੁਮਾ ਚਿੱਟੀ ਦਾੜੀ ਨੂੰ
ਹੱਥਾਂ ਵਿੱਚ ਲੈ ਆਪਣੇ ਮਾਸੂਮ
ਚਿਹਰੇ ਉੱਤੇ ਘੁੰਮਾਵਾਂ
ਜੀ ਕਰਦਾ ਬਚਪਨ ਵਿੱਚ ਜਾਵਾਂ!

ਦਾਦੀ ਤੋਂ ਕਹਾਣੀਆਂ ਸੁਣਦੀ ਸੁਣਦੀ
ਓਹਦੀ ਗੋਦ ਵਿੱਚ ਹੀ ਸੌਂ ਜਾਵਾਂ
ਤੇ ਕਦੇ ਉਹਦੀ ਖੂੰਡੀ ਲੁਕੋ ਖੂੰਡੀਆਂ ਖਾਵਾਂ
ਜੀ ਕਰਦਾ ਬਚਪਨ ਵਿੱਚ ਜਾਵਾਂ!

ਬਹੁਕਰ ਦਾ ਤੀਲ਼ਾ ਲੈ ਡਾਕਟਰ ਬਣ
ਘਰਦਿਆਂ ਦੇ ਟੀਕੇ ਲਾਵਾਂ
ਤੇ ਕਦੇ ਅਧਿਆਪਕ ਬਣ
ਸਾਰਿਆਂ ਨੂੰ ਪੜ੍ਹਾਵਾਂ
ਫਿਰ ਪੁੱਠੇ ਹੱਥਾਂ ਉੱਤੇ ਡੰਡੇ ਵੀ ਲਾਵਾਂ
ਜੀ ਕਰਦਾ ਬਚਪਨ ਵਿੱਚ ਜਾਵਾਂ!

ਜੇਠ ਹਾੜ ਦੇ ਮਹੀਨੇ
ਟੋਕਰਾ ਲਾ ਚਿੜੀਆਂ ਫੜਦੀ
ਉਸ ਕੱਚੀ ਕੰਧੋਲੀ ਦੇ ਪਿੱਛੇ ਲੁਕੀ
ਮਿੱਟੀ ਖਾ ਵਖ਼ਤ ਲੰਘਾਵਾਂ
ਜੀ ਕਰਦਾ ਬਚਪਨ ਵਿੱਚ ਜਾਵਾਂ!

ਦਰੀਆਂ ਬੁਣਦੀ ਮਾਂ ਅਤੇ ਚਾਚੀ ਦਾ
ਹੱਥਾ ਲੁਕਾ ਤੇ ਸਾਰਾ ਤਾਣਾ ਉਲਝਾ
ਝਿੜਕਾਂ ਖਾਵਾਂ ਤੇ ਫਿਰ ਚਾਚੇ ਦੇ ਮਗਰ
ਲੁਕ ਆਪਣਾ ਆਪ ਬਚਾਵਾਂ
ਜੀ ਕਰਦਾ ਬਚਪਨ ਵਿੱਚ ਜਾਵਾਂ!

ਉਸ ਚੌਥੀ ਜਮਾਤ ਦੇ
ਪਹਿਲੇ ਬੈਂਚ ਉੱਤੇ ਜਾ ਬੈਠਾਂ
ਤੇ ਉਸ ਸ਼ਰਾਰਤੀ ਨਲੀਮਾਰ
ਮੁੰਡੇ ਦੀਆਂ ਪੋਲੀਆਂ ਪੋਲੀਆਂ
ਗੱਲਾਂ ਉੱਤੇ ਦੋ ਟਿਕਾਅ ਕੇ ਲਾਵਾਂ
ਜੀ ਕਰਦਾ ਬਚਪਨ ਵਿੱਚ ਜਾਵਾਂ!

ਪਿਤਾ ਦੇ ਕੰਗਣੀ ਵਾਲੇ ਗਿਲਾਸ ‘ਚੋਂ ਦੁੱਧ ਪੀ
ਮੁੱਛਾਂ ਲਾ ਬੁੱਢਾ ਬਾਬਾ ਬਣ ਜਾਵਾਂ
ਤੇ ਕਦੇ ਮੋਢਿਆਂ ‘ਤੇ ਬੈਠ
ਪੂਰੇ ਪਿੰਡ ਦਾ ਇੱਕ ਚੱਕਰ ਲਾ ਆਵਾਂ
ਜੀ ਕਰਦਾ ਬਚਪਨ ਵਿੱਚ ਜਾਵਾਂ!

ਸਾਰਿਆਂ ਤੋਂ ਅੱਖ ਬਚਾਅ
ਸੁੱਤੇ ਹੋਏ ਛੋਟੇ ਵੀਰ ਨੂੰ ਰੌਲਾ ਪਾ ਜਗਾਵਾਂ
ਆਪਣੀ ਗੋਦੀ ਵਿੱਚ ਉਹਦਾ ਸਿਰ ਰੱਖ
ਹੱਥਾਂ ਨੂੰ ਚੁੰਮਾਂ ਤੇ ਮੱਥੇ ਨੂੰ ਸਹਿਲਾਵਾਂ
ਜੀ ਕਰਦਾ ਬਚਪਨ ਵਿੱਚ ਜਾਵਾਂ!

ਮਾਂ ਦੀ ਗੋਟੇ ਵਾਲੀ ਚੁੰਨੀ ਲੈ
ਰਕਾਨ ਬਣ ਗਿੱਧਾ ਪਾਵਾਂ
ਤੇ ਹੱਥਾਂ ਵਿੱਚ ਵੰਗਾਂ ਛਣਕਾਵਾਂ
ਜੀ ਕਰਦਾ ਬਚਪਨ ਵਿੱਚ ਖੋ ਜਾਵਾਂ
ਤੇ ਫਿਰ ਵਾਪਸ ਨਾ ਆਵਾਂ!

ਵਿਰਕ ਪੁਸ਼ਪਿੰਦਰ

Previous articleਏਹੁ ਹਮਾਰਾ ਜੀਵਣਾ ਹੈ -218
Next articleਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ ਦਾ ਸਨਮਾਨ ਸਮਾਰੋਹ ਸਫਲਤਾ ਪੂਰਵਕ ਸੰਪੰਨ….