(ਸਮਾਜ ਵੀਕਲੀ)
ਮੈਨੂੰ ਬੜੀ ਪਿਆਰੀ ਲੱਗਦੀ ਐ, ਮੇਰੀ ਅਨਪੜ੍ਹ ਮਾਂ ਦੀ ਬੋਲੀ ਉਏ।
ਮਿਸ਼ਰੀ ਤੋਂ ਮਿੱਠੀ ਸ਼ਹਿਦ ਜਿਹੀ, ਮਮਤਾ ਭਰੀ ਭੜੋਲੀ ਉਏ।
ਜਾਤ ਪੰਜਾਬੀ ਪਾਤ ਪੰਜਾਬੀ, ਸ਼ਬਦਾਂ ਦੀ ਸੌਗਾਤ ਪੰਜਾਬੀ।
ਭੁੱਲਿਓ ਨਾ ਕਦੇ ਪੈਂਤੀ ਅੱਖਰੀ, ਸਾਡੀ ਤਾਂ ਔਕਾਤ ਪੰਜਾਬੀ।
ਵਾਂਗ ਬੰਗਾਲੀਆਂ ਪਊ ਬਚਾਉਣੀ,ਬਣਨ ਨਾ ਦੇਣਾ ਗੋਲ਼ੀ ਉਏ।
ਮੈਨੂੰ ਬੜੀ ਪਿਆਰੀ—-++++
ਨਾਥ ਜੋਗੀਆਂ ਸੂਫ਼ੀਆਂ ਭਗਤਾਂ, ਪੜਿਆ ਰਿਸ਼ੀਆਂ ਮੁਨੀਆਂ ਨੇ।
ਮਾਣ ਕਰੋ ਸਭ ਮਾਂ ਬੋਲੀ ਤੇ, ਆਖਿਆ ਸੱਚ ਇਹ ਦੁਨੀਆ ਨੇ।
ਸ਼ਬਦ ਸਲੋਕਾਂ ਨਾਲ ਭਰੀ ਹੋਈ, ਹੱਟ ਗੁਰੂਆਂ ਨੇ ਖੋਲ੍ਹੀ ਉਏ।
ਮੈਨੂੰ ਬੜੀ ਪਿਆਰੀ ਲੱਗਦੀ–+-++
ਇਸ ਬੋਲੀ ਨੂੰ ਗੁੜ੍ਹਤੀ ਦਿੱਤੀ, ਸਾਡੇ ਪੰਜ ਦਰਿਆਵਾਂ ਨੇ।
ਗਿੱਧੇ ਭੰਗੜੇ ਢੋਲੇ ਮਾਹੀਏ, ਸੁਣ ਨਸ਼ਿਆਈਆਂ ਛਾਵਾਂ ਨੇ।
ਪੌਦੇ ਪੰਛੀ ਭਰਨ ਹੁੰਗਾਰੇ,ਰਗ ਰਗ ਮਿੱਠਤ ਘੋਲੀ ਉਏ ।
ਮੈਨੂੰ ਬੜੀ ਪਿਆਰੀ——–+
ਸਿੱਖ ਲਓ ਭਾਵੇਂ ਲੱਖ ਜ਼ੁਬਾਨਾਂ,ਕਰਿਓ ਮਾਣ ਪੰਜਾਬੀ ਦਾ।
ਲੋਰੀਆਂ ਦੇ ਵਿੱਚ ਗੁੜ੍ਹਤੀ ਦਿੱਤੀ, ਬਖਸ਼ੀ ਟੌਹਰ ਨਵਾਬੀ ਦਾ।
ਨਾਨੀ ਦਾਦੀ ਹੰਗਾ ਆਹੋ,ਸੁਣੀ ਸੀ ਬਾਤ ਬਤੋਲੀ ਉਏ।
ਮੈਨੂੰ ਬੜੀ ਪਿਆਰੀ—-++
‘ ਰਾਜਨ ‘ ਨੂੰ ਨਾ ਚੰਗੇ ਲੱਗਦੇ, ਬੋਲਣ ਤੋਂ ਹਿਚਕਚਾਉਂਦੇ ਜੋ।
ਧਰਮੀ ਮਾਂ ਦਾ ਦੁੱਧ ਚੁੰਘ ਕੇ,ਗੈਰ ਕੰਮ ਨਾ ਆਉਂਦੇ ਜੋ।
ਸ਼ਾਲਾ ਜੁਗ ਜੁਗ ਕਰੇ ਤਰੱਕੀ,ਖਾ ਲਵਾਂਗੇ ਹਿੱਕ ਗੋਲੀ ਉਏ।
ਮੈਨੂੰ ਬੜੀ ਪਿਆਰੀ ਲੱਗਦੀ ਐ, ਮੇਰੀ ਅਨਪੜ੍ਹ ਮਾਂ ਦੀ ਬੋਲੀ ਉਏ।
ਮਿਸ਼ਰੀ ਤੋਂ ਮਿੱਠੀ ਸ਼ਹਿਦ ਜਿਹੀ, ਮਮਤਾ ਭਰੀ ਭੜੋਲੀ ਉਏ।
ਰਾਜਿੰਦਰ ਸਿੰਘ ਰਾਜਨ
ਡੀਸੀ ਕੋਠੀ ਰੋਡ ਸੰਗਰੂਰ।
98761-84954