ਆਬਕਾਰੀ ਨੀਤੀ ਕੇਸ: ਦੀਪ ਮਲਹੋਤਰਾ ਦਾ ਪੁੱਤਰ ਗੌਤਮ ਗ੍ਰਿਫ਼ਤਾਰ

 

  • ਕੇਸ ਦੇ ਇੱਕ ਮੁਲਜ਼ਮ ਨਾਲ ਵਪਾਰਕ ਸਬੰਧ ਰੱਖਣ ਦੇ ਦੋਸ਼
  • ਈਡੀ ਦੀ ਕਾਰਵਾਈ ਮਗਰੋਂ ਪੰਜਾਬ ਦੀ ਸਿਆਸਤ ’ਚ ਹਲਚਲ ਦੀ ਸੰਭਾਵਨਾ

ਚੰਡੀਗੜ੍ਹ (ਸਮਾਜ ਵੀਕਲੀ): ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਅੱਜ ਦਿੱਲੀ ਆਬਕਾਰੀ ਨੀਤੀ ਕੇਸ ਵਿਚ ਪੰਜਾਬ ਦੇ ਸਾਬਕਾ ਵਿਧਾਇਕ ਤੇ ‘ਲਿਕਰ ਕਿੰਗ’ ਦੀਪ ਮਲਹੋਤਰਾ ਦੇ ਪੁੱਤਰ ਗੌਤਮ ਮਲਹੋਤਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਓਐਸਿਸ ਗਰੁੱਪ ਦੇ ਡਾਇਰੈਕਟਰ ਗੌਤਮ ਮਲਹੋਤਰਾ ਨੂੰ ਈਡੀ ਨੇ ਮਨੀ ਲਾਂਡਰਿੰਗ ਕੇਸ ਵਿਚ ਹਿਰਾਸਤ ’ਚ ਲਿਆ ਹੈ। ਈਡੀ ਅਧਿਕਾਰੀਆਂ ਮੁਤਾਬਕ ਗੌਤਮ ਮਲਹੋਤਰਾ ਦੇ ਇਸ ਕੇਸ ਵਿਚ ਸ਼ਾਮਲ ਦਿਨੇਸ਼ ਅਰੋੜਾ ਨਾਲ ਵਪਾਰਕ ਸਬੰਧ ਹਨ। ਇਕ ਪਾਰਟੀ ਦੇ ਨੇਤਾਵਾਂ ਨਾਲ ਉਸ ਦਾ ਪੈਸਿਆਂ ਦਾ ਲੈਣ-ਦੇਣ ਵੀ ਹੋਇਆ ਹੈ। ਈਡੀ ਵੱਲੋਂ ਗੌਤਮ ਮਲਹੋਤਰਾ ਨੂੰ ਪੁੱਛਗਿੱਛ ਵਾਸਤੇ ਸੱਦਿਆ ਗਿਆ ਸੀ। ਈਡੀ ਨੇ ਕਿਹਾ ਹੈ ਕਿ ਗੌਤਮ ਮਲਹੋਤਰਾ ਜਾਂਚ ਵਿਚ ਸਹਿਯੋਗ ਨਹੀਂ ਕਰ ਰਿਹਾ ਸੀ, ਜਿਸ ਕਰ ਕੇ ਉਸ ਨੂੰ ਹਿਰਾਸਤ ਵਿਚ ਲੈਣਾ ਪਿਆ ਹੈ। ਈਡੀ ਦੀ ਇਸ ਕਾਰਵਾਈ ਤੋਂ ਬਾਅਦ ਪੰਜਾਬ ਦੀ ਸਿਆਸਤ ਵਿਚ ਵੀ ਹਲਚਲ ਹੋਣ ਦੀ ਸੰਭਾਵਨਾ ਬਣ ਗਈ ਹੈ। ਪਿਛਲੇ ਵਰ੍ਹੇ ਸੱਤ ਅਕਤੂਬਰ ਨੂੰ ਈਡੀ ਦੀਆਂ ਟੀਮਾਂ ਨੇ ਮਲਹੋਤਰਾ ਪਰਿਵਾਰ ਦੇ ਫਰੀਦਕੋਟ, ਮਾਨਸਾ ਅਤੇ ਲੁਧਿਆਣਾ ਵਿਚਲੇ ਟਿਕਾਣਿਆਂ ’ਤੇ ਛਾਪੇ ਮਾਰੇ ਸਨ। ਈਡੀ ਵੱਲੋਂ ਇਹ ਸੱਤਵੀਂ ਗ੍ਰਿਫ਼ਤਾਰੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਸੀਬੀਆਈ ਨੇ 17 ਅਗਸਤ ਨੂੰ ਦਿੱਲੀ ਦੀ ਆਬਕਾਰੀ ਨੀਤੀ ਵਿਚ ਕਥਿਤ ਘੁਟਾਲਾ ਹੋਣ ਦੇ ਦੋਸ਼ ਤਹਿਤ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੇ 13 ਹੋਰਾਂ ’ਤੇ ਕੇਸ ਦਰਜ ਕੀਤਾ ਸੀ। ਵੇਰਵਿਆਂ ਅਨੁਸਾਰ ਗੌਤਮ ਮਲਹੋਤਰਾ ਦਿੱਲੀ ਤੇ ਉੱਤਰ ਪ੍ਰਦੇਸ਼ ਵਿਚ ਆਪਣੀ ਕੰਪਨੀ ਦਾ ਕਾਰੋਬਾਰ ਦੇਖਦਾ ਹੈ ਤੇ ਇਸ ਪਰਿਵਾਰ ਦੀਆਂ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਮੱਧ ਪ੍ਰਦੇਸ਼ ਵਿਚ ਵੀ ਸ਼ਰਾਬ ਸਨਅਤਾਂ ਹਨ। ਈਡੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਵਿਚ ਨਵੀਂ ਸ਼ਰਾਬ ਨੀਤੀ ਲਾਗੂ ਹੋਣ ਤੋਂ ਬਾਅਦ ਗੌਤਮ ਮਲਹੋਤਰਾ ਦੀ ਭੂਮਿਕਾ ਸਾਹਮਣੇ ਆਈ ਹੈ। ਇਸ ਮਾਮਲੇ ਵਿਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਤੋਂ ਵੀ ਪੁੱਛਗਿੱਛ ਹੋ ਚੁੱਕੀ ਹੈ। ਪੰਜਾਬ ਦੇ ਆਬਕਾਰੀ ਮਹਿਕਮੇ ਦੇ ਉੱਚ ਅਧਿਕਾਰੀਆਂ ਨੂੰ ਵੀ ਤਲਬ ਕੀਤਾ ਜਾ ਚੁੱਕਾ ਹੈ। ਦਿੱਲੀ ਸ਼ਰਾਬ ਨੀਤੀ ਕੇਸ ਵਿਚ ਈਡੀ ਵੱਲੋਂ ਪਹਿਲੀ ਚਾਰਜਸ਼ੀਟ ਨਵੰਬਰ ਮਹੀਨੇ ਵਿਚ ਅਤੇ ਦੂਸਰੀ ਚਾਰਜਸ਼ੀਟ ਇਸੇ ਜਨਵਰੀ ਮਹੀਨੇ ਵਿਚ ਦਾਖਲ ਕੀਤੀ ਜਾ ਚੁੱਕੀ ਹੈ।

ਸੂਤਰ ਦੱਸਦੇ ਹਨ ਕਿ ਇਸ ਚਾਰਜਸ਼ੀਟ ਵਿਚ ਪੰਜਾਬ ਦੇ ਆਬਕਾਰੀ ਮਹਿਕਮੇ ਦੇ ਇੱਕ ਅਧਿਕਾਰੀ ਦਾ ਨਾਂ ਵੀ ਬੋਲਦਾ ਹੈ। ਈਡੀ ਵੱਲੋਂ ਇਸ ਕੇਸ ਵਿਚ ਸਮੀਰ ਮਹਿੰਦਰੂ ਅਤੇ ਵਿਜੇ ਨਾਇਰ ਦੀਆਂ ਸੰਪਤੀਆਂ ਨੂੰ ਵੀ ਜ਼ਬਤ ਕੀਤਾ ਜਾ ਚੁੱਕਾ ਹੈ। ਈਡੀ ਨੇ ਕੁਝ ਦਿਨ ਪਹਿਲਾਂ ਅਦਾਲਤ ਵਿਚ ਇਹ ਵੀ ਖ਼ੁਲਾਸਾ ਕੀਤਾ ਸੀ ਕਿ ਅਰਵਿੰਦ ਕੇਜਰੀਵਾਲ ਦੀ ਸਮੀਰ ਮਹਿੰਦਰੂ ਨਾਲ ਇੱਕ ਵੀਡੀਓ ਕਾਲ ਵੀ ਸਾਹਮਣੇ ਆਈ ਹੈ। ਚੇਤੇ ਰਹੇ ਕਿ ਈਡੀ ਦੀਆਂ ਟੀਮਾਂ ਵੱਲੋਂ ਪਿਛਲੇ ਵਰ੍ਹੇ ਮਨੀ ਲਾਂਡਰਿੰਗ ਜਾਂਚ ਦੇ ਮਾਮਲੇ ’ਚ ਦਿੱਲੀ, ਪੰਜਾਬ ਅਤੇ ਆਂਧਰਾ ਪ੍ਰਦੇਸ਼ ਵਿਚਲੇ ਕਰੀਬ 35 ਰਿਹਾਇਸ਼ੀ ਤੇ ਕਾਰੋਬਾਰੀ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ।

 

Previous articleਅਡਾਨੀ ਨੂੰ ਬਚਾਅ ਰਹੇ ਨੇ ਮੋਦੀ: ਰਾਹੁਲ
Next articleਦੇਸ਼ ਵਾਸੀਆਂ ਦਾ ਭਰੋਸਾ ਮੇਰੀ ਢਾਲ: ਮੋਦੀ