ਲਖਨਊ (ਸਮਾਜ ਵੀਕਲੀ):ਇੱਥੇ ਬੀਤੇ ਦਿਨੀਂ ਪ੍ਰਦਰਸ਼ਨ ਦੌਰਾਨ ‘ਰਾਮਚਰਿਤਮਾਨਸ’ ਦੀਆਂ ਫੋਟੋਕਾਪੀਆਂ ਸਾੜਨ ਦੇ ਦੋਸ਼ ਹੇਠ ਜੇਲ੍ਹ ਵਿੱਚ ਬੰਦ ਦੋ ਵਿਅਕਤੀਆਂ ਖ਼ਿਲਾਫ਼ ਕੌਮੀ ਸੁਰੱਖਿਆ ਐਕਟ (ਐੱਨਐੱਸਏ) ਲਗਾਇਆ ਗਿਆ ਹੈ। ਪੁਲੀਸ ਅਧਿਕਾਰੀ ਨੇ ਦੱਸਿਆ ਕਿ 29 ਜਨਵਰੀ ਨੂੰ ਇੱਥੇ ਪੀਜੀਆਈ ਥਾਣੇ ਵਿੱਚ ਕੇਸ ਦਰਜ ਕਰਨ ਮਗਰੋਂ ਗ੍ਰਿਫ਼ਤਾਰ ਕੀਤੇ ਗਏ ਸਲੀਮ ਅਤੇ ਸਤੇਂਦਰ ਕੁਸ਼ਵਾਹਾ ਖ਼ਿਲਾਫ਼ ਐੱਨਐੱਸਏ ਲਾਇਆ ਗਿਆ ਹੈ। ਪੁਲੀਸ ਮੁਤਾਬਕ 29 ਫਰਵਰੀ ਨੂੰ ਆਈਪੀਸੀ ਦੀ ਧਾਰਾ 142, 143, 153 ਏ, 295, 295 ਏ ਅਤੇ 298 ਤਹਿਤ ਕੇਸ ਦਰਜ ਕੀਤਾ ਗਿਆ ਸੀ। ਇਸ ਵਿੱਚ ਸਮਾਜਵਾਦੀ ਪਾਰਟੀ (ਸਪਾ) ਦੇ ਆਗੂ ਸਵਾਮੀ ਪ੍ਰਸਾਦ ਮੌਰਿਆ ਤੋਂ ਇਲਾਵਾ ਦੇਵੇਂਦਰ ਪ੍ਰਤਾਪ ਯਾਦਵ, ਯਸ਼ਪਾਲ ਸਿੰਘ ਲੋਧੀ, ਸਤੇਂਦਰ ਕੁਸ਼ਵਾਹਾ, ਦੇਵੇਂਦਰ ਪ੍ਰਤਾਪ ਯਾਦਵ, ਸੁਜੀਤ ਯਾਦਵ, ਨਰੇਸ਼ ਸਿੰਘ, ਐੱਸ ਐੱਸ ਯਾਦਵ, ਸੰਤੋਸ਼ ਵਰਮਾ ਅਤੇ ਮੁਹੰਮਦ ਸਲੀਮ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ।