ਨਵੀਂ ਦਿੱਲੀ (ਸਮਾਜ ਵੀਕਲੀ):ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਅੱਜ ਕਿਹਾ ਕਿ ਉਹ ਆਰਐੱਸਐੱਸ ਦੇ ਮੁਖੀ ਮੋਹਨ ਭਾਗਵਤ ਵੱਲੋਂ ਹਿੰਦੂ ਸਮਾਜ ਵਿੱਚ ਜਾਤੀਵਾਦ ਸਬੰਧੀ ਦਿੱਤੇ ਗਏ ਬਿਆਨ ਨੂੰ ਰਾਹ ਦਸੇਰਾ ਮੰਨਦੇ ਹਨ। ਆਰਐੱਸਐੱਸ ਮੁਖੀ ਨੇ ਬੀਤੇ ਦਿਨ ਮੁੰਬਈ ਵਿੱਚ ਇੱਕ ਸਮਾਗਮ ਦੌਰਾਨ ਕਿਹਾ ਸੀ ਕਿ ਰੱਬ ਦੀਆਂ ਨਜ਼ਰਾਂ ਵਿੱਚ ਸਾਰੀਆਂ ਜਾਤਾਂ ਦੇ ਲੋਕ ਬਰਾਬਰ ਹਨ। ਇਸ ਬਾਰੇ ਕੇਸ਼ਵ ਪ੍ਰਸਾਦ ਨੇ ਕਿਹਾ, “ਮੈਂ ਆਰਐੱਸਐੱਸ ਦਾ ਵਲੰਟੀਅਰ ਹਾਂ ਅਤੇ ਜਦੋਂ ਸਰਸੰਘਚਾਲਕ (ਆਰਐੱਸਐੱਸ ਮੁਖੀ) ਕੁਝ ਕਹਿੰਦੇ ਹਨ, ਤਾਂ ਅਸੀਂ ਉਸ ਨੂੰ ਰਾਹ ਦਸੇਰਾ ਮੰਨਦੇ ਹਾਂ।’’ ਹਾਲਾਂਕਿ ਉਨ੍ਹਾਂ ਨੇ ਭਾਗਵਤ ਦੇ ਬਿਆਨ ’ਤੇ ਹੋਰ ਪ੍ਰਤੀਕਿਰਿਆ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਕਿਹਾ, ‘‘ਜਿਥੋਂ ਤੱਕ ਇਸ ’ਤੇ ਟਿੱਪਣੀ ਕਰਨ ਦਾ ਸਵਾਲ ਹੈ, ਮੇਰੇ ਲਈ ਸਰਸੰਘਚਾਲਕ ਦੇ ਕਿਸੇ ਵੀ ਬਿਆਨ ’ਤੇ ਟਿੱਪਣੀ ਕਰਨਾ ਠੀਕ ਨਹੀਂ ਹੈ।’’ ਉਧਰ ਸੀਨੀਅਰ ਕਾਂਗਰਸ ਆਗੂ ਦਿਗਵਿਜੈ ਸਿੰਘ ਨੇ ਭਾਗਵਤ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਸੰਘ ਮੁਖੀ ਨੂੰ ਪੁੱਛਿਆ ਕਿ ਉਹ ਕਿਸ ਗ੍ਰੰਥ ਦੇ ਹਵਾਲੇ ਨਾਲ ਇਹ ਟਿੱਪਣੀ ਕਰ ਰਹੇ ਹਨ। ਉਨ੍ਹਾਂ ਕਿਹਾ, ‘‘ਉਹ ਕਹਿ ਰਹੇ ਹਨ ਕਿ ਗ੍ਰੰਥ ਝੂਠ ਬੋਲ ਰਹੇ ਹਨ। ਅਸੀਂ ਮੋਹਨ ਭਾਗਵਤ ਤੋਂ ਇਹ ਪੁੱਛਣਾ ਚਾਹੁੰਦੇ ਹਾਂ ਕਿ ਕਿਹੜੇ ਗ੍ਰੰਥ ਝੂਠ ਬੋਲ ਰਹੇ ਹਨ।’’