ਲੰਡਨ/ਵਾਸ਼ਿੰਗਟਨ (ਸਮਾਜ ਵੀਕਲੀ):ਯੂਕੇ ਸਰਕਾਰ ਨੇ ਅੱਜ ਕਿਹਾ ਕਿ ਉਨ੍ਹਾਂ ਵੱਲੋਂ ਤੁਰਕੀ ਦੀ ਮਦਦ ਲਈ ਤੁਰੰਤ ਐਮਰਜੈਂਸੀ ਟੀਮਾਂ ਭੇਜੀਆਂ ਜਾ ਰਹੀਆਂ ਹਨ। ਵਿਦੇਸ਼, ਰਾਸ਼ਟਰਮੰਡਲ ਤੇ ਵਿਕਾਸ ਦਫ਼ਤਰ ਨੇ ਕਿਹਾ ਕਿ ਉਹ ਖੋਜ, ਬਚਾਅ ਤੇ ਮੈਡੀਕਲ ਮਾਹਿਰਾਂ ਨੂੰ ਤੁਰਕੀ ਭੇਜ ਰਹੇ ਹਨ। ਇਕ ਵਿਸ਼ੇਸ਼ ਉਡਾਣ ਯੂਕੇ ਤੋਂ ਅੱਜ ਬਚਾਅ ਟੀਮਾਂ ਨੂੰ ਲੈ ਕੇ ਰਵਾਨਾ ਹੋ ਗਈ ਹੈ। ਯੂਕੇ ਦੇ ਵਿਦੇਸ਼ ਮੰਤਰੀ ਜੇਮਜ਼ ਕਲੈਵਰਲੀ ਨੇ ਦੱਸਿਆ ਕਿ ਸੀਰੀਆ ਵਿਚ ਯੂਕੇ ਸਰਕਾਰ ਵੱਲੋਂ ਸਹਾਇਤਾ ਪ੍ਰਾਪਤ ਵਾਈਟ ਹੈਲਮੈਟਸ ਨੂੰ ਮਦਦ ਲਈ ਤਾਇਨਾਤ ਕਰ ਦਿੱਤਾ ਗਿਆ ਹੈ। ਯੂਕੇ ਸਰਕਾਰ ਨੇ ਕਿਹਾ ਕਿ ਉਹ ਤੁਰਕੀ ਨੂੰ ਹਰ ਸੰਭਵ ਮਦਦ ਦੇ ਰਹੇ ਹਨ। ਅੰਕਾਰਾ ਦਾ ਬ੍ਰਿਟਿਸ਼ ਦੂਤਾਵਾਸ ਸਥਾਨਕ ਸਰਕਾਰ ਨਾਲ ਪੂਰਾ ਤਾਲਮੇਲ ਕਰ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀ ਮਦਦ ਲਈ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਭੂਚਾਲ ਨਾਲ ਪ੍ਰਭਾਵਿਤ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ। ਯੂਕੇ ਤੇ ਅਮਰੀਕਾ ਤੋਂ ਇਲਾਵਾ ਜਰਮਨੀ, ਤਾਇਵਾਨ, ਨਾਟੋ ਗੱਠਜੋੜ ਤੇ ਕਈ ਯੂਰੋਪੀ ਮੁਲਕਾਂ ਨੇ ਤੁਰਕੀ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ ਤੇ ਮਦਦ ਭੇਜੀ ਜਾ ਰਹੀ ਹੈ।