ਸਰਕਾਰ ਵੱਲੋਂ ਸੰਸਦ ਚਲਾਉਣ ਲਈ ਵਿਰੋਧੀ ਧਿਰ ਤੱਕ ਪਹੁੰਚ

ਨਵੀਂ ਦਿੱਲੀ (ਸਮਾਜ ਵੀਕਲੀ):ਅਡਾਨੀ ਗਰੁੱਪ ਦੇ ਮੁੱਦੇ ’ਤੇ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੇ ਅੜਿੱਕੇ ਮਗਰੋਂ ਸੰਸਦ ’ਚ ਮੰਗਲਵਾਰ ਨੂੰ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਚਰਚਾ ਹੋ ਸਕਦੀ ਹੈ। ਸੂਤਰਾਂ ਨੇ ਕਿਹਾ ਕਿ ਸੰਸਦ ’ਚ ਪੈ ਰਹੇ ਅੜਿੱਕੇ ਨੂੰ ਦੂਰ ਕਰਨ ਲਈ ਸਰਕਾਰ ਨੇ ਵਿਰੋਧੀ ਧਿਰ ਤੱਕ ਪਹੁੰਚ ਕੀਤੀ ਹੈ। ਦੋਵੇਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਉਠਾਉਣ ਮਗਰੋਂ ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਅਤੇ ਸੰਸਦੀ ਰਾਜ ਮੰਤਰੀ ਅਰਜੁਨ ਮੇਘਵਾਲ ਨੇ ਵਿਰੋਧੀ ਧਿਰਾਂ ਦੇ ਆਗੂਆਂ ਨਾਲ ਮੀਟਿੰਗਾਂ ਕੀਤੀਆਂ। ਮੀਟਿੰਗਾਂ ਦੌਰਾਨ ਕਾਂਗਰਸ ਦੇ ਅਧੀਰ ਰੰਜਨ ਚੌਧਰੀ, ਟੀਐੱਮਸੀ ਦੇ ਸੁਦੀਪ ਬੰਦੋਪਾਧਿਆਏ ਅਤੇ ਡੀਐੱਮਕੇ ਦੇ ਟੀ ਆਰ ਬਾਲੂ ਵੀ ਹਾਜ਼ਰ ਸਨ।

ਮੀਟਿੰਗਾਂ ਦੌਰਾਨ ਸਾਰੀਆਂ ਪਾਰਟੀਆਂ ਦੇ ਆਗੂ ਇਸ ਗੱਲ ਤੋਂ ਸਹਿਮਤ ਸਨ ਕਿ ਰਾਸ਼ਟਰਪਤੀ ਦੇ ਭਾਸ਼ਨ ’ਤੇ ਧੰਨਵਾਦ ਮਤੇ ਉਪਰ ਚਰਚਾ ਹੋਣੀ ਚਾਹੀਦੀ ਹੈ। ਵਿਰੋਧੀ ਧਿਰਾਂ ਦੇ ਸੂਤਰਾਂ ਨੇ ਕਿਹਾ ਕਿ ਸੰਸਦ ਦੇ ਮੰਗਲਵਾਰ ਤੋਂ ਸੁਚਾਰੂ ਢੰਗ ਨਾਲ ਚੱਲਣ ਦੀ ਸੰਭਾਵਨਾ ਹੈ। ਵਿਰੋਧੀ ਧਿਰਾਂ ਦੇ ਕਈ ਆਗੂਆਂ ਦਾ ਵਿਚਾਰ ਸੀ ਕਿ ਧੰਨਵਾਦ ਮਤੇ ’ਤੇ ਚਰਚਾ ਦੌਰਾਨ ਅਡਾਨੀ ਦਾ ਮੁੱਦਾ ਉਠਾਉਣਾ ਬਿਹਤਰ ਹੋਵੇਗਾ। ਉਂਜ ਸੂਤਰਾਂ ਨੇ ਕਿਹਾ ਕਿ ਕੁਝ ਆਗੂ ਸੰਸਦ ’ਚ ਅੜਿੱਕਾ ਜਾਰੀ ਰੱਖਣਾ ਚਾਹੁੰਦੇ ਹਨ। ਸਰਕਾਰ ਨੇ ਵੀ ਮਤੇ ’ਤੇ ਚਰਚਾ ਦੌਰਾਨ ਅਡਾਨੀ ਮੁੱਦੇ ’ਤੇ ਜਵਾਬ ਦੇਣ ਲਈ ਕਮਰ ਕੱਸ ਲਈ ਹੈ। ਹਾਲਾਂਕਿ ਭਾਜਪਾ ਮੈਂਬਰਾਂ ਦਾ ਮੰਨਣਾ ਹੈ ਕਿ ਪ੍ਰਾਈਵੇਟ ਕੰਪਨੀਆਂ ਦੇ ਮਾਮਲਿਆਂ ਬਾਰੇ ਸੰਸਦ ’ਚ ਚਰਚਾ ਨਹੀਂ ਕੀਤੀ ਜਾ ਸਕਦੀ ਹੈ ਪਰ ਵਿਰੋਧੀ ਧਿਰਾਂ ਰਾਸ਼ਟਰਪਤੀ ਦੇ ਭਾਸ਼ਨ ’ਤੇ ਬਹਿਸ ਦੌਰਾਨ ਇਸ ਮੁੱਦੇ ਨੂੰ ਛੋਹ ਸਕਦੀਆਂ ਹਨ।

 

Previous articleਅਡਾਨੀ ਦੇ ਮੁੱਦੇ ’ਤੇ ਵਿਰੋਧੀ ਧਿਰ ਵੱਲੋਂ ਸੰਸਦ ਠੱਪ
Next articleਗਿਰਵੀ ਸ਼ੇਅਰ ਛੁਡਾਉਣ ਲਈ ਅਗਾਊਂ ਭੁਗਤਾਨ ਕਰੇਗਾ ਅਡਾਨੀ ਗਰੁੱਪ