(ਸਮਾਜ ਵੀਕਲੀ)
ਧਰਮ ਵੇਹਲੜਾਂ ਦਾ ਸੰਕਲਪ ਅਤੇ ਕਾਰੋਬਾਰ ਹੈ! ਹੱਥੀਂ ਕਿਰਤ ਕਰਨ ਵਾਲੇ ਮਨੁੱਖ ਨੂੰ ਧਰਮ ਦੀ ਕੋਈ ਲੋੜ ਹੀ ਨਹੀਂ ਹੁੰਦੀ, ਕਿਉਂਕਿ ਉਸ ਕੋਲ ਕਿਸੇ ਨਾਲ ਬੇਇਨਸਾਫ਼ੀ ਕਰਨ ਦਾ ਸਮਾਂ ਹੀ ਨਹੀਂ ਹੁੰਦਾ!
ਜੇਕਰ ਬਚਪਨ ਤੋਂ ਹੀ ਬੱਚਿਆਂ ਨੂੰ ਆਪਣੇ ਹੱਥਾਂ ਨੂੰ ਵੱਧ ਤੋਂ ਵੱਧ ਵਰਤਣ ਦੀ ਜਾਂਚ ਸਿਖਾਈ ਜਾਵੇ ਤਾਂ ਜੀਵਨ ਦੀਆਂ ਮਹੱਤਵਪੂਰਨ ਕਲਾਵਾਂ ਤਾਂ ਓਹ ਮੁਢਲੇ ਵਰ੍ਹਿਆਂ ਵਿਚ ਆਪੇ ਹੀ ਸਿੱਖ ਜਾਂਦੇ ਹਨ। ਬਚਪਨ ਦੀਆਂ ਖੇਡਾਂ ਖੇਡਦੇ ਸਮੇਂ ਲੱਗਣ ਵਾਲਿਆਂ ਸੱਟਾਂ ਚੋਟਾਂ ਬੱਚਿਆਂ ਨੂੰ ਜ਼ਖ਼ਮ ਦੇ ਦਰਦ ਮਹਿਸੂਸ ਕਰਨ ਵਿਚ ਸਭ ਤੋਂ ਜਿਆਦਾ ਮਹੱਤਵ ਪੂਰਨ ਰੋਲ ਅਦਾ ਕਰਦੀਆਂ ਹਨ।
ਕਿਤਾਬੀ ਗਿਆਨ ਪੜ੍ਹਿਆ ਜਾ ਸਕਦਾ ਹੈ ਪਰ ਇਸ ਨਾਲ ਪੀੜ ਦਾ ਅਹਿਸਾਸ ਨਹੀਂ ਕਰਵਾਇਆ ਜਾ ਸਕਦਾ। ਬੱਚਿਆਂ ਤੋਂ ਭਿੰਨ ਭਿੰਨ ਪ੍ਰਕਾਰ ਦੇ ਛੋਟੇ ਛੋਟੇ ਕਾਰਜ ਕਰਵਾਉਣ ਨਾਲ, ਨਾ ਕੇਵਲ ਉਨ੍ਹਾਂ ਦੀ ਸਿਹਤ ਤੰਦਰੁਸਤ ਰਹਿੰਦੀ ਹੈ ਸਗੋਂ ਬੱਚਿਆਂ ਦਾ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਵੀ ਉਸਾਰੂ ਹੁੰਦਾ ਹੈ, ਬੱਚਿਆਂ ਦੀ ਬਿਰਤੀ ਸਹਿਯੋਗੀ ਤੇ ਵਿਸ਼ਾਲ ਹੁੰਦੀ ਹੈ। ਅਜਿਹੇ ਬੱਚੇ ਸਭਨੀ ਥਾਈਂ ਸਫਲਤਾ ਪ੍ਰਾਪਤ ਕਰਦੇ ਹਨ, ਖਾਸ ਕਰਕੇ ਤੰਦਰੁਸਤ ਸਮਾਜ ਦੀ ਸਿਰਜਣਾ ਕਰਨ ਵਿਚ…
ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੇ ਹੱਥ ਛੋਟੇ, ਦਰਮਿਆਨੇ ਅਤੇ ਕੋਮਲ ਹੁੰਦੇ ਹਨ, ਪਰ ਹਰ ਹਰਕਤ ਕਰਨ ਵਿਚ ਮੁੰਡਿਆਂ ਨਾਲੋਂ ਕਿਤੇ ਵਧੇਰੇ ਚੁਸਤ, ਚਲਾਕ ਤੇ ਸੋਹਲੇ ਹੁੰਦੇ ਨੇ, ਜੋ ਸੂਖਮ ਤੋਂ ਸੂਖਮ ਕੰਮ ਨਿਪਟਾਉਣ ਵਿਚ ਮਰਦਾਂ ਦੇ ਮੁਕਾਬਲੇ ਬਹੁਤ ਜਿਆਦਾ ਨਿਪੁੰਨ ਹੁੰਦੇ ਹਨ।
ਜੋਤਸ਼ੀਆਂ ਨੇ ਹੱਥਾਂ ਦੀਆਂ ਲਕੀਰਾਂ ਦੇ ਮਨਘੜਤ ਅਰਥ ਕੱਢ ਕੱਢ ਕੇ, ਵਹਿਮੀ ਲੋਕਾਂ ਦੇ ਸਿਰ ‘ਤੇ ਆਪਣਾ ਕਾਰੋਬਾਰ ਨੂੰ ਖੂਬ ਚਲਾਇਆ ਹੋਇਆ ਹੈ। ਕਿਰਤ ਕਰਨੀ, ਚਾਰ ਦਮੜੇ ਬੱਚਤ ਕਰ ਕੇ ਰੱਖਣੇ, ਹਰ ਇੱਕ ਦਾ ਇਖ਼ਲਾਕੀ ਫ਼ਰਜ਼ ਹੈ। ਇਹੀ ਗੁਰਬਾਣੀ ਦਾ ਫੁਰਮਾਨ ਹੈ। ਕਿਉਂਕਿ ਜੇ ਆਦਮੀ ਖੁਦ ਕਿਰਤ ਕਰੂ ਤਾਂਹੀ ਤਾਂ ਓਹ ਆਪਣੀਆਂ ਜੀਵਨ ਬਸ਼ਰ ਕਰਨ ਦੀਆਂ ਜ਼ਰੂਰੀ ਲੋੜਾਂ ਦੀ ਪੂਰਤੀ ਕਰ ਸਕਦਾ ਹੈ। ਜੇ ਚਾਰ ਦਮੜੇ ਜੋੜੇ ਹੋਣਗੇ ਤਾਂ ਹੀ ਦੂਸਰਿਆਂ ਦੀ ਮੱਦਦ ਕਰ ਸਕਦਾ ਹੈ। ਪਰ ਲੋੜ ਤੋਂ ਵੱਧ ਲੋਭੀ ਮਨੁੱਖ ਆਪਣੀ ਹੀ ਜ਼ਿੰਦਗੀ ਆਪ ਖ਼ਰਾਬ ਕਰ ਲੈਂਦਾ ਹੈ।
ਦਿਮਾਗ਼ੀ ਚੁਸਤ ਚਲਾਕੀਆਂ ਨਾਲ ਧਨ-ਦੌਲਤ, ਕੋਠੀਆਂ, ਕਾਰਾਂ ਬੰਦੂਕਾਂ, ਕੁੱਤਿਆਂ ਦੀ ਖਰੀਦਦਾਰੀ ਤਾਂ ਸੰਭਵ ਹੈ ਪਰ ਤੰਦਰੁਸਤ ਸਿਹਤ ਨਹੀਂ। ਕੋਈ ਵੀ ਦੌਲਤਮੰਦ ਹੱਥੀਂ ਕਿਰਤ ਕਰਨ ਵਾਲਿਆਂ ਵਰਗੀ ਸਿਹਤ ਤੇ ਉਮਰ ਮੁੱਲ ਨਹੀਂ ਖਰੀਦ ਸਕਦਾ, ਨਾ ਉਮਰ ਭਰ ਉਨ੍ਹਾਂ ਵਾਂਗੂੰ ਜੀਭ ਦਾ ਸਵਾਦ ਚੱਖ ਸਕਦਾ ਹੈ।
ਹਰਫੂਲ ਭੁੱਲਰ
ਮੰਡੀ ਕਲਾਂ 9876870157