ਰਾਏਕੋਟ, (ਗੁਰਭਿੰਦਰ ਗੁਰੀ) (ਸਮਾਜ ਵੀਕਲੀ): ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਵਲੋਂ ਅੱਜ ਸੰਸਦ ਵਿੱਚ ਪੇਸ਼ ਕੀਤੇ ਗਏ ਦੇਸ਼ ਦੇ ਆਮ ਬਜਟ ’ਤੇ ਆਪਣੀ ਟਿੱਪਣੀ ਕਰਦਿਆਂ ਲੋਕਸਭਾ ਮੈਂਬਰ ਡਾ. ਅਮਰ ਸਿੰਘ ਨੇ ਖਜਾਨਾ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਣ ਵਲੋਂ ਸੰਸਦ ਵਿੱਚ ਪੇਸ਼ ਕੀਤੇ ਗਏ ਬਜ਼ਟ ਨੂੰ ਕਿਸਾਨ ਅਤੇ ਮਜ਼ਦੂਰ ਵਿਰੋਧੀ ਗਰਦਾਨਦੇ ਹੋਏ ਇਸ ਨੂੰ ਅਮੀਰ ਕਾਰਪੋਰੇਟ ਘਰਾਣਿਆਂ ਦਾ ਬੱਜਟ ਦੱਸਿਆ। ਡਾ. ਅਮਰ ਸਿੰਘ ਨੇ ਕਿਹਾ ਕਿ ਇਸ ਬਜਟ ਵਿੱਚ ਵਿੱਤ ਮੰਤਰੀ ਨੇ ਮਹਿੰਗਾਈ ਅਤੇ ਬੇਰੁਜ਼ਗਾਰੀ ਦੇ ਮੁੱਦੇ ਨੂੰ ਪੂਰੀ ਤਰਾਂ ਅਣਗੌਲਿਆਂ ਕਰਦੇ ਹੋਏ, ਇਸ ਨੂੰ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਹੂਲਤਾਂ ਦੇਣ ਵਾਲੀ ਬਜਟ ਦੱਸਿਆ। ਉਨ੍ਹਾਂ ਕਿਹਾ ਕਿ ਸਰਕਾਰ ਨੇ ਮਨਰੇਗਾ ਦਾ ਬਜਟ 89 ਹਜ਼ਾਰ ਕਰੋੜ ਤੋਂ ਘਟਾ ਕੇ 60 ਹਜ਼ਾਰ ਕਰੋੜ ਕਰ ਦਿੱਤਾ ਗਿਆ।
ਗਰੀਬਾਂ ਲਈ ਪਿਛਲੇ ਸਾਲ ਦੇ ਬਜਟ ਵਿੱਚ ਰੱਖੀ ਗਈ 2.89 ਲੱਖ ਕਰੋੜ ਦੀ ਰਕਮ ਘਟਾ ਕੇ 2 ਲੱਖ ਕਰੋੜ ਕਰ ਦਿੱਤੀ ਗਈ ਹੈ, ਰੁਜ਼ਗਾਰ ਲਈ ਬਜਟ ਵਿੱਚ ਰਕਮ 15.5 ਹਜ਼ਾਰ ਕਰੋੜ ਤੋਂ ਘਟਾ ਕੇ 13 ਹਜ਼ਾਰ ਕਰੋੜ ਕਰ ਦਿੱਤੀ ਗਈ ਹੈ, ਜਿਸ ਦਾ ਸਿੱਧਾ ਅਸਰ ਦੇਸ਼ ਦੇ ਕਰੋੜਾਂ ਕਿਸਾਨਾਂ ਅਤੇ ਗਰੀਬ ਵਰਗ ਦੇ ਲੋਕਾਂ ’ਤੇ ਪਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਮਿੱਤਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਪੈਟਰੌਲ ਅਤੇ ਗੈਸ ’ਤੇ ਸੈੱਸ ਲਗਾ ਕੇ ਆਮ ਜਨਤਾ ’ਤੇ ਬੋਝ ਪਾ ਰਹੀ ਹੈ, ਜਦਕਿ ਕਾਰਪੋਰੇਟ ਟੈਕਸ ਘਟਾ ਕੇ 15 ਤੋਂ 18 ਫੀਸਦੀ ਤੱਕ ਕਰ ਦਿੱਤਾ ਗਿਆ ਹੈ। ਆਮਦਨ ਕਰ ਦੀ ਹੱਦ ਵਧਾ ਕੇ 7 ਲੱਖ ਤੱਕ ਕੀਤੇ ਜਾਣ ਨੂੰ ਉਨ੍ਹਾਂ ਦੇਸ਼ ਦੇ ਮੱਧ ਵਰਗ ਲਈ ਕੁਝ ਰਾਹਤ ਦੀ ਕਿਰਨ ਦੱਸਿਆ।