(ਸਮਾਜ ਵੀਕਲੀ)
ਆਪਣਿਆਂ ਨੂੰ ਨਫਰਤ ਕਰਦੇ ਅਕਲ ਵਿਹੂਣੇ ਲੋਕ,
ਪਰ ਗੈਰਾਂ ਦਾ ਪਾਣੀ ਭਰਦੇ ਅਕਲ ਵਿਹੂਣੇ ਲੋਕ ।
ਆਪਣੇ ਪੂਜਣ ਯੋਗ ਮਾਂ-ਬਾਪ ਨੂੰ ਘਰ ਛੱਡ ਕੇ,
ਬਾਬਿਆਂ ਨੂੰ ਸਜਦੇ ਕਰਦੇ ਅਕਲ ਵਿਹੂਣੇ ਲੋਕ।
ਆਪਣਿਆਂ ਨੂੰ ਅੱਧ-ਵਿਚਾਲੇ ਡੋਬ ਕੇ ਖੁਸ਼ ਹੋਵਣ,
ਪਰ ਗੈਰਾਂ ਲਈ ਦਰਿਆ ਤਰਦੇ ਅਕਲ ਵਿਹੂਣੇ ਲੋਕ।
ਦੂਜਿਆਂ ਤੋਂ ਲੱਖਾਂ ਲੈ ਕੇ , ਮੋੜਨ ਦਾ ਨਾਂ ਨਹੀਂ ਲੈਂਦੇ,
ਪਰ ਆਪਣੇ ਧੇਲੇ ਖਾਤਰ ਮਰਦੇ ਅਕਲ ਵਿਹੂਣੇ ਲੋਕ।
ਜਾਣਦੇ ਹਨ ਭਾਵੇਂ ਇੱਕ ਦਿਨ ਮਿੱਟੀ ਵਿੱਚ ਹੈ ਰਲਣਾ,
ਫਿਰ ਵੀ ਮਿੱਟੀ ਤੋਂ ਨੇ ਡਰਦੇ ਅਕਲ ਵਿਹੂਣੇ ਲੋਕ।
ਜੋ ਪਾਂਦੇ ਨੇ ਜੇਬਾਂ ਦੇ ਵਿੱਚ ਮਜ਼ਦੂਰੀ ਮਜ਼ਦੂਰਾਂ ਦੀ,
ਉਨ੍ਹਾਂ ਨੂੰ ਹੱਥੀਂ ਛਾਵਾਂ ਕਰਦੇ ਅਕਲ ਵਿਹੂਣੇ ਲੋਕ।
ਨਾ ਇਹ ਸੱਚ ਕਹਿ ਸਕਦੇ, ਨਾ ਇਹ ਸੱਚ ਸੁਣ ਸਕਦੇ,
ਤਾਂ ਹੀ ਸੱਚਿਆਂ ਤੋਂ ਨੇ ਡਰਦੇ ਅਕਲ ਵਿਹੂਣੇ ਲੋਕ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554