(ਸਮਾਜ ਵੀਕਲੀ)
ਮੇਰੀ ਗੁਆਂਢਣ ਬਖਸ਼ੀ ਹਰ ਵੇਲੇ ਕਿਸੇ ਨਾ ਕਿਸੇ ਕੰਮ ਵਿੱਚ ਲੱਗੀ ਰਹਿੰਦੀ । ਪਰ ਜਦੋਂ ਦਾ ਉਸਨੂੰ ਕੰਮ ਕਰਨ ਲਈ ਇੱਕ ਭਈਆ ਮਿਲ ਗਿਆ ਸੀ, ਉਹ ਹਰ ਵੇਲੇ ਵਿਹਲੀ ਹੀ ਬੈਠੀ ਰਹਿੰਦੀ l ਕਈ ਵਾਰ ਮੇਰਾ ਵੀ ਦਿਲ ਚਾਹੁੰਦਾ, ‘ਹਾਏ! ਮੈਨੂੰ ਵੀ ਕੋਈ ਇੰਝ ਦਾ ਕਾਮਾ ਮਿਲ ਜਾਏ ਤਾਂ ਮੇਰੀ ਵੀ ਬਾਕੀ ਬਚੀ ਜਿੰਦਗੀ ਅਰਾਮ ਨਾਲ…… I’
…..ਤੇ ਇੱਕ ਦਿਨ ਮੈਂ ਬਖਸ਼ੀ ਨੂੰ ਪੁੱਛ ਹੀ ਲਿਆ l ਮੇਰੇ ਪੁੱਛਣ ‘ਤੇ ਉਹ ਬਹੁਤ ਖੁਸ਼ੀ ‘ਚ ਬੋਲੀ, “ਜਦੋਂ ਦਾ ਉਨ੍ਹਾਂ ਨੂੰ ਇਹ ਭਈਆ ਮਿਲਿਆ ਹੈ, ਉਨ੍ਹਾਂ ਦੇ ਘਰ ਦੀ ਤਾਂ ਨੁਹਾਰ ਹੀ ਬਦਲ ਗਈ ਐ l ਇਹ ਭਈਆ ਬਹੁਤ ਹੀ ਆਗਿਆਕਾਰ ਹੈ l ਜੋ ਮਰਜੀ, ਜਿਨ੍ਹਾਂ ਮਰਜੀ ਕੰਮ ਕਰਵਾ ਲਵੋ l ਮੱਥੇ ‘ਤੇ ਵੱਟ ਤੱਕ ਨਹੀਂ ਪਉਂਦਾ ਅਤੇ ਪੈਸੇ ਵੀ ਥੌੜੇ ਹੀ ਲੈਂਦਾ ਹੈ l”
“ਅੱਛਾ! ਰਹਿੰਦਾ ਕਿੱਥੇ ਵੇ? ਕਿੱਥੋਂ ਆਇਆ? ਇਸ ਦਾ ਕੋਈ ਪਿਛੋਕੜ?” ਮੇਰੇ ਜ਼ਿਹਨ ਵਿੱਚ ਉਭਰਦਿਆਂ ਈ ਮੈਂ ਕਈ ਸਵਾਲ ਉਸਨੂੰ ਇਕੋ ਦਮ ਕਰ ਦਿਤੇ l “ਹੁਣ ਤਾਂ ਸਾਡੇ ਪਿਛਵਾੜੇ ਵਾਲੇ ਕਮਰੇ ‘ਚ ਈ ਰਹਿੰਦਾ ਏ l ਬਾਕੀ ਜਿਥੋਂ ਮਰਜੀ ਆਇਆ ਹੋਵੇ…. ਅਸਾਂ ਕੀ ਲੈਣੈ? ਸਾਨੂੰ ਤਾਂ ਕੰਮ ਨਾਲ ਭਾਅਏ l” “ਪਰ……..l”
ਇਸ ਤੋਂ ਪਹਿਲਾ ਕੇ ਮੈਂ ਕੁਝ ਹੋਰ ਕਹਿੰਦੀ ਆਪਣੇ ਪਤੀ ਦੀ ਆਵਾਜ਼ ਸੁਣ ਕੇ ਉਹ ਅੰਦਰ ਚਲੀ ਗਈ l ਵਕਤ ਗੁਜ਼ਰਦਾ ਗਿਆ l ਕਈ ਮਹੀਨੇ ਲੰਗ ਗਏ l ਇੱਕ ਦਿਨ ਮੈਂ ਕਾਫੀ ਖਰੀਦਦਾਰੀ ਕਰਕੇ ਸ਼ਾਮ ਨੂੰ ਘਰ ਆਈ ਤਾਂ ਆਪਣੀ ਗਲੀ ‘ਚ ਬਹੁਤ ਹੀ ਭੀੜ ਲੱਗੀ ਦੇਖੀ l
ਮੈਂ ਹੈਰਾਨੀ ‘ਚ ਜਦੋਂ ਕਿਸੇ ਨੂੰ ਪੁੱਛਿਆ ਤਾਂ ਜੋ ਮੈਨੂੰ ਪਤਾ ਲੱਗਾ l ਸੁਣਦੇ ਹੀ ਮੇਰੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ l ‘ਮੈਨੂੰ ਪਤਾ ਲੱਗਾ ਕਿ ਅੱਜ ਦੁਪਹਿਰ ਵੇਲੇ ਬਖਸ਼ੀ ਨੂੰ ਘਰ ‘ਚ ਇੱਕਲੀ ਦੇਖ ਕੇ ਉਨ੍ਹਾਂ ਦਾ ਭਈਆ ਉਸ ਨੂੰ ਸਿਰ ‘ਚ ਸੋਟਾ ਮਾਰ-ਮਾਰ ਕੇ ਮਾਰ ਗਿਆ ਅਤੇ ਉਨ੍ਹਾਂ ਦਾ ਸਾਰਾ ਸੋਨਾ ਅਤੇ ਪੈਸਾ ਲੈ ਕੇ ਨੱਠ ਗਿਆ l ਪੁਲਿਸ ਵਲੋਂ ਪੁੱਛਣ ‘ਤੇ ਉਸ ਦੇ ਘਰ ਦੇ, ਉਸ ਭਈਏ ਦਾ ਸਹੀ ਥਾਂ ਟਿਕਾਣਾ ਤੱਕ ਦੱਸਣ ਤੋਂ ਅਸਮਰੱਥ ਰਹੇ l
ਕਾਸ਼! ਬਖਸ਼ੀ ਹੁਰਾਂ ਨੇ ਉਸ ਨੂੰ ਆਪਣੇ ਘਰ ਨੌਕਰ ਰੱਖਣ ਤੋਂ ਪਹਿਲਾ ਉਸ ਬਾਰੇ ਪੁਲਿਸ ਥਾਣੇ ਦੁਆਰਾ ਜਾਂ ਆਪਣੇ ਆਧਾਰ ਤੇ ਪੂਰੀ ਛਾਣਬੀਣ ਕਰ ਲਈ ਹੁੰਦੀ ਤਾਂ……. ਸ਼ਾਇਦ ਅੱਜ ਇਹ……ਸੋਚਦੇ ਹੋਏ ਮੈਂ ਭੁੱਬੀਂ ਰੋ ਪਈ l
ਮਨਪ੍ਰੀਤ ਕੌਰ ਭਾਟੀਆ
ਐਮ.ਏ ,ਬੀ.ਐਡ ।
ਫਿਰੋਜ਼ਪੁਰ ਸ਼ਹਿਰ।