(ਸਮਾਜ ਵੀਕਲੀ)
ਪੰਜ ਸਾਲ ਬਾਅਦ ਸਾਰੇ ਹੁੰਦੇ ਨੇ ਇਕੱਠੇ
ਵੋਟਰਾਂ ਨੂੰ ਪਾਉਂਦੇ ਫਿਰ ਲਾਰਿਆਂ ਦੇ ਪੱਠੇ
ਸਿੰਗ ਫਸਵਾਉਂਦੇ ਬਣ ਗਾਵਾਂ ਵਿੱਚ ਢੱਠੇ
ਹੈ ਮਹਿਫਲਾਂ ਚ ਜਸ਼ਨ ਮਨਾਇਆ ਇਹਨਾਂ ਨੇ
ਹੈ ਤਿਰੰਗਾ ਅੱਜ ਫੇਰ ਲਹਿਰਾਇਆ ਇਹਨਾਂ ਨੇ
ਸ਼ਹੀਦ ਜੰਗਾਂ ਵਿੱਚ ਹੋਏ ਜੋ ਨੇ ਵੀਰ ਸਾਥੀਓ
ਇਹਨਾਂ ਰੋੜ੍ਹ ਦਿੱਤੀ ਓਹੋ ਤਕਦੀਰ ਸਾਥੀਓ
ਬਸ ਕੰਧਾ ਉੱਤੇ ਲਟਕਾਈ ਤਸਵੀਰ ਸਾਥੀਓ
ਉੱਤੋਂ ਦੁੱਖ ਵਿੱਚੋਂ ਸੁੱਖ ਹੀ ਮਨਾਇਆ ਇਹਨਾ ਨੇ
ਹੈ ਤਿਰੰਗਾ ਅੱਜ ਫੇਰ ਲਹਿਰਾਇਆ ਇਹਨਾਂ ਨੇ
ਭਾਸ਼ਣ ਦਿੱਤੇ ਇਹਨਾਂ ਲੰਬੇ ਲੱਛੇਦਾਰ ਸਾਥੀਓ
ਲਈ ਕਿਸੇ ਪਰਿਵਾਰ ਦੀ ਨਾ ਸਾਰ ਸਾਥੀਓ
ਇਹ ਕਰਦੇ ਨੇ ਆਪ ਭਿ੍ਸ਼ਟਾਚਾਰ ਸਾਥੀਓ
ਹਾਰ ਪਾ ਕੇ ਅੱਜ ਫੋਟੋ ਖਿਚਵਾਇਆ ਇਹਨਾਂ ਨੇ
ਹੈ ਤਿਰੰਗਾ ਅੱਜ ਫੇਰ ਲਹਿਰਾਇਆ ਇਹਨਾ ਨੇ
ਨਵੀਆਂ ਹੀ ਪਾਉਂਦੇ ਨੇ ਪੁਸ਼ਾਕਾਂ ਸੋਹਣੀਆਂ
ਇਹਨਾਂ ਕਿਹੜਾ ਪੱਲਿਓਂ ਨੇ ਸਵਾਉਣੀਆਂ
ਇੱਕ ਵਾਰੀ ਪਾ ਕੇ ਫੇਰ ਨਹੀਓਂ ਪਾਉਣੀਆਂ
ਹੈ ਧਰਮਾਂ ਦੇ ਨਾਂ ਤੇ ਲੜਵਾਇਆ ਇਹਨਾਂ ਨੇ
ਹੈ ਤਿਰੰਗਾ ਅੱਜ ਫੇਰ ਲਹਿਰਾਇਆ ਇਹਨਾਂ ਨੇ
ਝੰਡੀ ਵਾਲੀ ਕਾਰ ਵਿੱਚ ਇਹ ਫੇਰ ਬਹਿਣਗੇ
ਤੇ ਚਮਚਿਆਂ ਦੇ ਕੋਲੋਂ ਥਾਂ ਥਾਂ ਹਾਰ ਪੈਣਗੇ
ਪਰ ਕੰਮਾਂ ਦੇ ਪਰਨਾਲੇ ਬਸ ਟੁੱਟੇ ਰਹਿਣਗੇ
ਕੰਮ ਕਿਸੇ ਦਾ ਹੈ ਨਹੀਂ ਕਰਵਾਇਆ ਇਹਨਾਂ ਨੇ
ਹੈ ਤਿਰੰਗਾ ਅੱਜ ਫੇਰ ਲਹਿਰਾਇਆ ਇਹਨਾਂ ਨੇ
ਹੈ ਤਿਰੰਗਾ ਬਚਪਣ ਵਾਲਾ ਯਾਦ ਆ ਗਿਆ
ਇਹਦੇ ਰੰਗਾ ਨੂੰ ਹੈ ਹੁਣ ਦੱਸੋ ਕੌਣ ਖਾ ਗਿਆ
ਬਜ਼ਾਰਾਂ ਵਿੱਚ ਵਿਕਣ ਇਹ ਚੀਨੋਂ ਆ ਗਿਆ
ਜੋ ਕਾਰਾਂ ਉੱਤੇ ਅੱਜ ਹੈ ਝੁਲਾਇਆ ਇਹਨਾਂ ਨੇ
ਹੈ ਤਿਰੰਗਾ ਅੱਜ ਫੇਰ ਲਹਿਰਾਇਆ ਇਹਨਾਂ ਨੇ
ਹੈ ਤਿਰੰਗੇ ਵੱਲ ਵੇਖ ਸਾਨੂੰ ਚੜ੍ਹ ਜਾਂਦਾ ਚਾਅ
ਜਿੰਨਾਂ ਦਿੱਤੀ ਕੁਰਬਾਨੀ ਓਹੋ ਦਿੱਤੇ ਨੇ ਭੁਲਾ
ਬੈਠੇ ਦੇਸ਼ ਨੂੰ ਬਚਾਉਣ ਫੌਜੀ ਬਰਫਾਂ ‘ਚ ਜਾ
ਵਿਦੇਸ਼ੋੰ ਮਹਿਮਾਨ ਹੈ ਬੁਲਾਇਆ ਇਹਨਾ ਨੇ
ਹੈ ਤਿਰੰਗਾ ਅੱਜ ਫੇਰ ਲਹਿਰਾਇਆ ਇਹਨਾਂ ਨੇ
ਰੰਗਾਂ ਦਾ ਹੀ ਨਹੀਂ ਕੋਈ ਮੇਲ ਹੈ ਤਿਰੰਗਾ
ਲਹਿਰਾਇਆ ਬੜਾ ਕੁਝ ਝੇਲ ਹੈ ਤਿਰੰਗਾ
ਦੁਸ਼ਮਨਾਂ ਦੇ ਮੱਥੇ ਲਈ ਤਰੇਲ ਹੈ ਤਿਰੰਗਾ
ਤਿਰੰਗੇ ਦਾ ਅਪਮਾਨ ਹੈ ਕਰਵਾਇਆ ਇਹਨਾ ਨੇ
ਹੈ ਤਿਰੰਗਾ ਅੱਜ ਫੇਰ ਲਹਿਰਾਇਆ ਇਹਨਾ ਨੇ
ਇੰਦਰ ਪਾਲ ਸਿੰਘ ਪਟਿਆਲਾ