ਅਬੋਹਰ (ਸਮਾਜ ਵੀਕਲੀ): ਇੱਥੇ ਇੱਕ ਵਿਅਕਤੀ ਨੇ ਆਪਣੇ ਨੌਂ ਸਾਲਾਂ ਦੇ ਪੁੱਤਰ ਸਣੇ ਨਹਿਰ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੈ। ਉਸ ਨੇ ਇਹ ਕਦਮ ਕਰੋਨਾ ਕਾਰਨ ਆਈ ਆਰਥਿਕ ਮੰਦੀ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਹੈ। ਮ੍ਰਿਤਕ ਦੀ ਪਛਾਣ ਨਿਤਿਨ ਵਾਸੀ ਸਿੱਧੂ ਨਗਰੀ ਵਜੋਂ ਹੋਈ ਹੈ, ਜੋ ਇੱਕ ਨਿੱਜੀ ਸਕੂਲ ਦਾ ਸੰਚਾਲਕ ਸੀ। ਜਾਣਕਾਰੀ ਅਨੁਸਾਰ ਕਰੋਨਾ ਵੇਲੇ ਸਕੂਲ ਬੰਦ ਹੋਣ ਮਗਰੋਂ ਨਿਤਿਨ ਆਪਣੇ ਭਰਾ ਨਾਲ ਠਾਕਰ ਆਬਾਦੀ ਵਿੱਚ ਢਾਬੇ ਦਾ ਕੰਮ ਕਰਦਾ ਸੀ ਤੇ ਉਹ ਉਦੋਂ ਤੋਂ ਪ੍ਰੇਸ਼ਾਨ ਸੀ। ਮ੍ਰਿਤਕ ਦੇ ਪਿਤਾ ਰਤਨ ਸ਼ਰਮਾ ਨੇ ਦੱਸਿਆ ਕਿ ਉਸ ਦਾ ਪੁੱਤਰ ਨਿਤਿਨ, ਆਰੀਆ ਨਗਰ ’ਚ ਸਕੂਲ ਚਲਾਉਂਦਾ ਸੀ ਪਰ ਕਰੋਨਾ ਦੇ ਦੌਰ ’ਚ ਸਕੂਲ ਬੰਦ ਹੋਣ ਤੋਂ ਬਾਅਦ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿਣ ਲੱਗ ਪਿਆ।
ਉਸ ਨੇ ਦੱਸਿਆ ਕਿ ਅੱਜ ਉਹ ਛੁੱਟੀ ਹੋਣ ਮਗਰੋਂ ਆਪਣੇ 9 ਸਾਲ ਦੇ ਬੱਚੇ ਇਸ਼ੀਤ ਨੂੰ ਲੈਣ ਗਿਆ ਸੀ, ਪਰ ਬੱਚੇ ਨੂੰ ਲੈ ਕੇ ਘਰ ਨਹੀਂ ਪਰਤਿਆ। ਉਸ ਨੇ ਆਪਣੇ ਛੋਟੇ ਭਰਾ ਦੇ ਮੋਬਾਈਲ ’ਤੇ ਸੁਨੇਹਾ ਭੇਜਿਆ ਕਿ ਉਹ ਨਹਿਰ ’ਚ ਛਾਲ ਮਾਰ ਰਿਹਾ ਹੈ। ਉਸ ਨੇ ਦੱਸਿਆ ਕਿ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਨਹਿਰ ਦੇ ਕੰਢੇ ਮੋਟਰਸਾਈਕਲ ਅਤੇ ਬੱਚੇ ਦਾ ਸਕੂਲ ਬੈਗ ਪਿਆ ਮਿਲਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਵੀ ਮੌਕੇ ਉੱਤੇ ਪੁੱਜ ਗਈ ਅਤੇ ਸਮਾਜ ਸੇਵੀ ਸੰਸਥਾ ਦੇ ਨੁਮਾਇੰਦਿਆਂ ਨੇ ਦੋਵਾਂ ਭਾਲ ਸ਼ੁਰੂ ਕੀਤੀ। ਕੁਝ ਘੰਟਿਆਂ ਬਾਅਦ ਮਲੂਕਪੁਰਾ ਮਾਈਨਰ ਵਿੱਚ ਕਿਸੇ ਬੱਚੇ ਦੀ ਲਾਸ਼ ਹੋਣ ਦੀ ਸੂਚਨਾ ਵੀ ਮਿਲੀ ਸੀ। ਦੇਰ ਰਾਤ ਖ਼ਬਰ ਲਿਖੇ ਜਾਣ ਤੱਕ ਲਾਸ਼ਾਂ ਦੀ ਭਾਲ ਜਾਰੀ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly