(ਸਮਾਜ ਵੀਕਲੀ)
ਕੱਲ੍ਹ ਇੱਕ ਰਿਸ਼ਤੇਦਾਰੀ ‘ਚ ਮੈਨੂੰ ਜਾਣਾ ਪੈ ਗਿਆ
ਦੇਖ ਕੇ ਉੱਥੇ ਸਭ ਮੈਂ ਹੱਕਾ ਬੱਕ ਰਹਿ ਗਿਆ
ਪਿੰਡ ਦੇ ਬਾਹਲੇ ਹਾਲੇ ਘਰ ਸੀ ਕੱਚੇ
ਚਿੜੀਆਂ ਨੇ ਆਲ੍ਹਣਿਆਂ ‘ਚ ਦੇ ਰੱਖੇ ਸੀ ਬੱਚੇ
ਤੀਲਾ-ਤੀਲਾ ਕਰਕੇ ਘਰ ਬਣਾਈ ਜਾਂਦੀਆਂ ਸੀ
ਰਲ-ਮਿਲ ਚਰਚੋਲਰ ਪਾਈ ਜਾਂਦੀਆਂ ਸੀ
ਨਿੱਕੀ ਕੁੜੀ ਇੱਕ ਬੱਠਲ ਵਿੱਚ ਨਹਾਈ ਜਾਂਦੀ ਸੀ
ਹਾਕਾਂ ਮਾਰ-ਮਾਰ ਉਨ੍ਹਾਂ ਨੂੰ ਬਲਾਈ ਜਾਂਦੀ ਸੀ
ਵਾਜਾਂ ਸੁਣ ਉਹਦੀਆਂ ਆ ਗਈਆਂ ਚਿੜੀਆਂ
ਬੱਠਲ ਵਿੱਚ ਚੁੱਭੀਆਂ ਲਾ ਨਹਾ ਗਈਆਂ ਚਿੜੀਆਂ
ਵੇਖ ਉਨ੍ਹਾਂ ਨੂੰ ਮਨ ਵਿੱਚ ਪੁਰਾਣੀਆਂ ਯਾਦਾਂ ਛਿੜੀਆਂ
ਪਹਿਲਾਂ ਸਾਡੇ ਘਰ ਵੀ ਸੀ ਹੁੰਦੀਆਂ ਆਉ਼ਂਦੀਆਂ ਚਿੜੀਆਂ
ਦਾਦੀ ਤੋੜ-ਤੋੜ ਰੋਟੀਆਂ ਪਾਉ਼ਂਦੀ ਹੁੰਦੀ ਸੀ
ਹਾਕਾਂ ਮਾਰ-ਮਾਰ ਉਨ੍ਹਾਂ ਬਲਾਉਂਦੀ ਹੁੰਦੀ ਸੀ
ਫੇਰ ਪਤਾ ਨੀ ਕਿੱਥੇ ਗੁਆਚ ਗਈਆਂ ਚਿੜੀਆਂ
ਪਤਾ ਨੀ ਕਿਹੜੇ ਪਤਰੇ ਵਾਚ ਗਈਆਂ ਚਿੜੀਆਂ
ਹੁਣ ਪਿੰਡ ਵਾਲੇ ਪੰਛੀਆਂ ਨਾਲ ਮੋਹ ਜਤਾਉਣ ਲੱਗੇ ਨੇ
ਆਲ੍ਹਣੇ ਬਣਾ ਘਰ-ਘਰ ਲਟਕਾਉਣ ਲੱਗੇ ਨੇ
ਕਿਧਰੇ ਛੱਤਾਂ ‘ਤੇ ਪਾਣੀ ਧਰਦੇ ਫਿਰਦੇ ਨੇ
ਨਾਲ ਆਜੋ-ਆਜੋ ਕਰਦੇ ਫਿਰਦੇ ਨੇ
ਪਰ ਹੁਣ ਕਿੱਥੇ ਆਉਂਦੀਆਂ ਚਿੜੀਆਂ
ਵੇਖ ਵੇਖ ਲੋਕਾਂ ਨੂੰ ਘਬਰਾਉਂਦੀਆਂ ਚਿੜੀਆਂ
ਇਹ ਪਹਿਲਾਂ ਵਾਲੇ ਬੰਦੇ ਨੀ ਰਹਿ ਗਏ
ਉੱਚੇ ਉੱਚੇ ਟਾਵਰ ਲਾ ਕੇ ਬਹਿ ਗਏ
ਪੀਣ ਲਈ ਪਾਣੀ ਲੁਕਣ ਲਈ ਥਾਵਾਂ ਨੀ ਛੱਡੀਆਂ
ਰਹਿੰਦੀਆਂ ਖੁੰਹਦੀਆਂ ਡੋਰਾਂ ਨਾਲ ਸਾਡੀਆਂ ਧੋਣਾਂ ਵੱਡੀਆਂ
ਏਨੇ ਨੂੰ ਜਦ ਸੋਚਾਂ ‘ਚੋਂ ਸੀ ਬਾਹਰ ਮੈਂ ਆਇਆ
ਆਪਣੇ ਆਪ ਨੂੰ ਸ਼ਹਿਰ ਅੱਡੇ ‘ਤੇ ਖੜਾ ਸੀ ਪਾਇਆ
ਉੱਥੇ ਖੜ੍ਹਾ ਇੱਕ ਬੰਦਾ ਪਿੰਜ਼ਰੇ ਚੱਕ ਚੱਕ ਦਿਖਾਈ ਜਾਂਦਾ ਸੀ
ਚਿੜੀਆਂ ਲੈ ਲਓ, ਚਿੜੀਆਂ ਲੈ ਲਓ ਦਾ ਹੋਕਾ ਲਾਈ ਜਾਂਦਾ ਸੀ
ਕਿੰਨ੍ਹੇ ਲੋਕਾਂ ਨੇ ਲੈ ਲਈਆਂ ਦਿਖਾਉਣ ਨੂੰ ਚਿੜੀਆਂ
ਪਿੰਜਰਿਆਂ ‘ਚ ਪਾ ਘਰ ਨੂੰ ਸਜਾਉਣ ਨੂੰ ਚਿੜੀਆਂ
ਪਿੰਜਰਿਆਂ ਵਿੱਚ ਕਿੰਨੀਆਂ ਬੇਵੱਸ ਮਜ਼ਬੂਰ ਬੈਠੀਆਂ ਸੀ
ਭੁੱਖੀਆਂ ਧਿਆਹੀਆਂ ਵਿਚਾਰੀਆਂ ਬੇ-ਕਸੂਰ ਬੈਠੀਆਂ ਸੀ
ਜੀ ਕਰੇ ਖੋਕ ਕੇ ਸਾਰੀਆਂ ਉਡਾ ਦਿਆਂ ਚਿੜੀਆਂ
ਉਸੇ ਪਿੰਡ ਵਿੱਚ ਸਾਰੀਆਂ ਭਜਾ ਦਿਆਂ ਚਿੜੀਆਂ
ਸਤਨਾਮ ਸਮਾਲਸਰੀਆ
ਸੰਪਰਕ 9914298580
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly