(ਸਮਾਜ ਵੀਕਲੀ)
ਧਰਤੀ ਮਾਈ ਹੈ ਸਾਨੂੰ ਪਾਲਣ ਆਈ
ਉਸ ਨੂੰ ਬਹੁਤੀ ਲੋੜ ਨੀਂ ਹੈ ਹੋਰਾਂ ਤਾਂਈਂ
ਭਰ ਭਰ ਸਭਨਾਂ ਨੂੰ ਵੰਡੀ ਜਾਏ ਸੌਗਾਤਾਂ
ਕਰਕੇ ਪੈਦਾ ਸਭ ਕੁਛ ਹੈ ਜਾਵੇ ਲੁਟਾਈ
ਔਹ ਦੇਖੋ ਬੈਠਾ ਹੈ ਘੁੱਗੀਆਂ ਦਾ ਜੋੜਾ
ਰੁੱਖ ਵੀਰਾ ਹੋਰ ਲਾਈਂ, ਇਕ ਹੈ ਥੋੜ੍ਹਾ
ਇਹ ਠੰਢੀਆਂ ਛਾਵਾਂ, ਠੰਢੀਆਂ ਹਵਾਵਾਂ
ਕਾਂਵਾਂ ਅਤੇ ਚਿੜੀਆਂ ਨੂੰ ਚੋਗ ਚੁਗਾਵਾਂ
ਨਾ ਲਾਈਂ ਅੱਗ ਪਰਾਲੀ ਨੂੰ ਸੋਹਣੇ ਵੀਰਾ
ਅੱਗ ਸੀਨੇ ਜਦ ਲੱਗੇ ,ਦਿਲ ਰੋਵੇ ਵੀਰਾ
ਮੇਰੀ ਕੁੱਖ ਵਿੱਚੋਂ ਨਿਕਲਦੀਆਂ ਨੇ ਹਾਵਾਂ
ਕਿੰਨੀਆਂ ਜਿੰਦਾਂ ਮੈਂ ਅੰਦਰੇ ਮਾਰੀ ਜਾਂਵਾਂ
ਨਾ ਮਾਰ ਲੱਖ ਕਰੋੜਾਂ ਜੰਤੂਆਂ ਨੂੰ ਵੀਰਾ
ਐਨੀ ਮਿਹਨਤ ਕਰਕੇ ਨਾ ਕਰ ਕਚੀਰਾ
ਨਾ ਲਾਈਂ ਅੱਗ ਕਣਕੀ ਨਾੜ ਨੂੰ ਵੇ ਵੀਰਾ
ਅੱਗ ਲੱਗੇ ਤਾਂ ਨੇ ਸਭੇ ਕਰਲਾਉਂਦੇ ਵੀਰਾ
ਭਾਂਬੜ ਜਿੰਨੇ ਉੱਪਰ ਓਨੇ ਅੰਦਰ ਬਲਦੇ
ਸੁੱਕੇ ਤੀਲੇ ਉਹਨਾਂ ਦੀ ਚਿਤਾ ਬਣ ਜਲਦੇ
ਫੈਕਟਰੀਆਂ ਦੇ ਤੇਜ਼ਾਬੀ ਪਾਣੀ ਜੋ ਵਗਦੇ
ਜ਼ਹਿਰੀ ਪਿਆਲੇ ਪੀ ਮੇਰੇ ਬੁੱਲ੍ਹ ਨੇ ਸੜਦੇ
ਹਰੀ ਭਰੀ ਸਾਂ, ਮੈਨੂੰ ਇਹ ਵੱਢੀ ਜਾਵਣ
ਜੱਕੜ ਸੋਹਲੇ ਤਰੱਕੀਆਂ ਦੇ ਛੱਡੀ ਜਾਵਣ
ਖਾ ਗਏ ਵਾਦੀਆਂ ਨਾਲ਼ੇ ਖਾ ਗਏ ਨਜ਼ਾਰੇ
ਤੰਦਰੁਸਤੀ ਲਈ ਧਰਤੀ ਮਾਂ ਖੜ੍ਹੀ ਪੁਕਾਰੇ
ਮਨਾ ਲਓ ਇਹ ਵੀ ਇੱਕ ਦਿਨ ਤੁਸੀਂ ਮੇਰਾ
ਲਾ ਕੇ ਪੋਸਟਰ ਮਨਾਓ ਇਹ ਖਾਸ ਸਵੇਰਾ
ਵੰਡਿਓ ਫਲ਼ ਬੂਟੇ ਮਠਿਆਈਆਂ ਦੇ ਬਦਲੇ
ਧਰਤੀ ਮਾਈ ਦੇ ਮਾਣਿਓ ,ਨਜ਼ਾਰੇ ਰੰਗਲੇ
ਬਰਜਿੰਦਰ ਕੌਰ ਬਿਸਰਾਓ
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly