ਕਿਤਾਬਾਂ ਆਵਾਜ਼ਾਂ ਮਾਰਦੀਆਂ

ਬੁੱਧ ਸਿੰਘ ਨੀਲੋਂ

(ਸਮਾਜ ਵੀਕਲੀ)

ਕਿਤਾਬ ਦਿਵਸ ‘ਤੇ
ਕਵਿਤਾ / ਬੁੱਧ ਸਿੰਘ ਨੀਲੋਂ

ਮੇਰੇ ਚਾਰੇ ਪਾਸੇ ਕਿਤਾਬਾਂ ਦਾ
ਬਹੁਤ ਵੱਡੀ ਭੀੜ ਹੈ
ਜਦ ਮੈਂ ਕਦੇ ਇਕੱਲਾ ਹੁੰਦਾ ਹਾਂ
ਤਾਂ ਕਿਤਾਬਾਂ ਮੇਰੇ ਨਾਲ ਹੁੰਦੀਆਂ ਨੇ
ਮੈਨੂੰ ਆਪਣੇ ਵੱਲ ਆਉਣ ਲਈ
ਜੋਰਦਾਰ ਆਵਾਜ਼ਾਂ ਮਾਰਦੀਆਂ ਹਨ
ਇਹਨਾਂ ਕਿਤਾਬਾਂ ਦੇ ਬਹੁਤ ਸੁਪਨੇ
ਦਫਨ ਹਨ ਤੇ ਸੁਪਨੇ ਜਗਾਣ ਦੇ ਨੁਕਤੇ

ਮੇਰੇ ਬਿਸਤਰੇ ਉਤੇ ਤੇ ਮੇਜ਼ ਉਤੇ
ਸਦਾ ਕਿਤਾਬਾਂ ਦਾ ਕਬਜ਼ਾ ਰਹਿੰਦਾ ਹੈ
ਕਦੇ ਕਿਤਾਬ ਨੂੰ ਮੈਂ ਪੜ੍ਹਦਾ ਹਾਂ
ਕਦੇ ਕਿਤਾਬ ਮੈਨੂੰ ਪੜ੍ਹਦੀ ਹੈ
ਸਾਡੀ ਜੁਗਲਬੰਦੀ ਚੱਲਦੀ ਹੈ
ਕਦੇ ਕਿਤਾਬ ਅੱਗੇ ਕਦੇ ਮੈਂ ਅੱਗੇ
ਤੁਰਦੇ ਹਾਂ ਕਦੇ ਅੱਗੇ ਵੱਲ
ਕਦੇ ਪਿੱਛੇ ਵੱਲ
ਸਦੀਆਂ ਤੇ ਯੁੱਗਾਂ ਤੇ ਯੁੱਧਾਂ ਦਾ
ਮੁਹੱਬਤਾਂ ਦਾ ਇਤਿਹਾਸ ਮੇਰੇ ਸਾਹਮਣੇ
ਇਉ ਪੇਸ਼ ਕਰਦੀਆਂ ਹਨ ਕਿਤਾਬਾਂ
ਜਿਵੇਂ ਮੈਂ ਜੰਗ ਦੇ ਮੈਦਾਨ ਵਿੱਚ ਹੋਵਾਂ
ਜਾਂ ਝਨਾਂ ਤੇ ਵਿੱਚ ਤਰਦਾ ਹੋਵਾਂ
ਕਦੇ ਵੀ ਮੈਨੂੰ ਡੁੱਬਣ ਤੇ ਥਲਾਂ ਵਿੱਚ ਸੜਣ ਜਾਂ
ਬਿਨਾਂ ਵਜ਼ਾਹ ਮਰਨ ਨਹੀਂ ਦੇਦੀਆਂ ਕਿਤਾਬਾਂ
ਕਦੇ ਭੈਣ ਬਣਦੀਆਂ
ਸੁਹਾਗ ਦੀਆਂ ਘੋੜੀਆਂ ਗਾਉਂਦੀਆਂ
ਕਦੇ ਮਾਵਾਂ ਵਾਂਗੂੰ ਚੂਰੀਆਂ ਕੁੱਟ ਖਵਾਉਦੀਆਂ..
ਕਦੇ ਭਰਜਾਈ ਬਣ
ਝੇਡਾਂ ਕਰਦੀਆਂ ਗੱਲਾਂ ਕਰਦੀਆਂ
ਮਿੱਠੀਆਂ ਤੇ ਕੌੜੀਆਂ ਯਾਦਾਂ ਸੁਣਾਉਦੀਆਂ
ਕਦੇ ਧਰਤ ਤੇ ਕਦੇ ਅਸਮਾਨ ਬਣਦੀਆਂ
ਮੇਰੀਆਂ ਮਨ ਪਸੰਦ ਕਿਤਾਬਾਂ

ਕਦੇ ਧੀ ਕਦੇ ਪੁੱਤ ਕਦੇ ਸੁਖ ਕਦੇ ਦੁੱਖ
ਵਿੱਚੋ ਕੱਢ ਦੀਆਂ ਮੈਨੂੰ ਪਸੰਦੀਦਾ ਕਿਤਾਬਾਂ
ਕਿਤਾਬਾਂ ਬਿਨਾਂ ਮੈਂ ਅਧੂਰਾ ਹਾਂ
ਕਿਤਾਬਾਂ ਬਿਨ ਮੈਂ ਖਾਲੀ ਖੂਹ
ਕੋਈ ਬੇਗਾਨੀ ਜੂਹ ਹਾਂ
ਕਦੇ ਨਾ ਡਰਦੀਆਂ ਨੇ ਡਰਾਉਦੀਆਂ
ਸਗੋਂ ਦੁਸ਼ਮਣ ਸੰਗ
ਜੁਲਮ ਵਿਰੁੱਧ ਲੜਨਾ ਸਿਖਾਉਦੀਆਂ ਕਿਤਾਬਾਂ …
ਮੇਰੇ ਬਿਸਤਰੇ ਉਤੇ ਸੁੱਤੀਆਂ ਤੇ
ਜਾਗਦੀਆਂ ਕਿਤਾਬਾਂ ਦਾ ਵਾਸਾ ਹੈ
ਕਦੇ ਕਦੇ ਕੋਈ ਕਿਤਾਬਾਂ ਤੋਂ
ਸੱਖਣਾ ਜਦ ਹਾਉਕਾ ਭਰ ਕੇ ਆਖਦਾ
ਆ ਕਿਤਾਬਾਂ ਤੈ ਪੜ੍ਹੀਆਂ ਨੇ ?
ਕਿ ਲੋਕ ਵਿਖਾਵੇ ਰੱਖੀਆਂ ਨੇ ?

ਇਹਨਾਂ ਦੇ ਨਾਲੋਂ ਕੋਈ ਪਲਾਂਟ ਲੈਂਦਾ
ਹੁਣ ਨੂੰ ਕਰੋੜਾਂ ਦਾ ਹੋ ਜਾਣਾ ਸੀ
ਮੈਂ ਸ਼ਹਿਰ ਹੁਣ ਚਾਰ ਪਲਾਟ ਲਏ ਨੇ

ਤੂੰ ਤੁਰਿਆ ਫਿਰਦਾ ਦਰ ਦਰ ਭਟਕਦਾ
ਆ ਤੇਰਾ ਮਕਾਨ ਮਾਲਕ ਦੋ ਪੈਸੇ ਦਾ ਨਹੀਂ
ਤੈਨੂੰ ਕਿਰਾਇਆ ਸਮੇਂ ਸਿਰ ਨਾ ਦੇਣ ਤੇ
ਕਰਦਾ ਹੈ ਜ਼ਲੀਲ
ਹੁਣ ਸੁਣਿਆ ਫੇਰ ਤੈਨੂੰ ਬਦਲਣਾ ਪੈਣਾ
ਮਕਾਨ..ਆ ਕਿਤਾਬਾਂ ਦਾ ਕੀ ਕਰੇਗਾ
ਕਿਸੇ ਕਬਾੜੀਏ ਨੂੰ ਵੇਚ ਦੇ
ਹੁਣ ਤਾਂ ਦਸ ਰੁਪਏ ਕਿਲੋ ਵਿਕਦਾ
ਕਾਗਜ਼ .ਗੱਤੇ ਵੱਖ ਕਰ ਲੈ
ਮੈਂ ਉਸਦੀਆਂ ਸੁਣ ਕੇ
ਜੱਬਲੀਆਂ ਜਦ ਆਖਦਾ
ਦਰੋੰ ਹੋ ਬਾਹਰ
ਤੂੰ ਖਰੀਦ ਪਲਾਟ ਤੇ ਵੇਚ ਆਪਣਾ ਜਿਸਮ….!
ਬਹੁਤ ਚਿਰ ਤੋਂ ਮੈਂ ਕਿਤਾਬਾਂ ਦੇ
ਝੁਰਮਟ ਵਿੱਚ ਵਸਦਾ ਸੀ ਹੁਣ
ਕਿਤਾਬਾਂ ਮੇਰੇ ਵਿੱਚ ਵਸਦੀਆਂ ਨੇ
ਊਚੀ ਊਚੀ ਹੱਸਦੀਆਂ ਨੇ
ਬਾਹਰ ਤੇ ਅੰਦਰ ਨੱਚਦੀਆਂ ਨੇ
ਕਿਤਾਬਾਂ ਮੈਂ ਰੋਜ਼ ਹਜ਼ਾਰਾਂ ਮੀਲ ਸਮੁੰਦਰਾਂ ਤੋਂ
ਪਾਰ ਲੈ ਜਾਂਦੀਆਂ ਤੇ ਕਦੇ
ਉਨ੍ਹਾਂ ਨੂੰ ਲੈ ਆਉਂਦੀਆਂ
ਮੇਰੇ ਕਿਤਾਬਾਂ ਮਾਵਾਂ ਤੇ ਬਾਪ ਹਨ
ਮਹਿਬੂਬ ਵਰਗੀ ਗਲਵੱਕੜੀ ਹਨ
ਉਹ ਕੋਈ ਹੋਰ ਨੇ ਜੋ
ਕਿਤਾਬਾਂ ਦਾ ਵਪਾਰ ਕਰਦੇ
ਕਿਤਾਬਾਂ ਦੇ ਸਿਰ ਉਤੇ ਸਿਆਸਤ ਕਰਦੇ
ਸੱਥਾਂ ਦੇ ਚੌਧਰੀ ਬਣਦੇ
ਹਿਟਲਰ ਬਣਦੇ
ਫਤਵੇ ਜਾਰੀ ਕਰਦੇ
ਸੋਚਦੇ ਹਨ ਕਿ ਸਾਡੇ ਬਗੈਰ ਪੱਤਾ ਨਹੀਂ ਹਿਲਦਾ…
ਪਰ ਉਹ ਨਹੀਂ ਜਾਣਦੇ ਕਿਤਾਬਾਂ ਦੱਸਦੀਆਂ ਹਨ
ਕਈ ਸਿਕੰਦਰ ਤੇ ਸਿਕੰਦਰੀਆਂ ਤੁਰ ਗਈਆਂ ਨੇ
ਕਿਤਾਬਾਂ ਸਦਾ ਜਿਉਦੀਆਂ ਹਨ

ਜਿਉਦੀਆਂ ਰਹਿਣਗੀਆਂ
ਮੈਂ ਕੋਈ ਹੋਰ ਹੋਵੇਗਾ
ਕਿਤਾਬਾਂ ਦਾ ਆਸ਼ਕ
ਉਨ੍ਹਾਂ ਦਾ ਉਪਾਸ਼ਕ
ਕਿਤਾਬਾਂ ਮੈਨੂੰ ਆਵਾਜ਼ਾਂ ਮਾਰਦੀਆਂ ਨੇ
ਕਦੇ ਤੁਹਾਨੂੰ ਕਿਸੇ ਕਿਤਾਬ ਨੇ ਹਾਕ
ਮਾਰੀ ਹੈ ?
ਕਿਤਾਬਾਂ ਜਾਣਦੀਆਂ ਹਨ
ਰੂਹਾਂ ਨੂੰ ਤੇ ਬਦਰੂਹਾਂ
ਰੂਹਾਂ ਦੇ ਘਰ ਕਿਤਾਬਾਂ ਵਸਦੀਆਂ ਹਨ
ਮੈਨੂੰ ਕਿਤਾਬਾਂ ਹਾਕਾਂ ਮਾਰਦੀਆਂ ਨੇ

ਬੁੱਧ ਸਿੰਘ ਨੀਲੋੰ
94643 70823

Previous articleLondon Celebrates Dr Ambedkar’s 131st birthday
Next articleਕਲਾ ਨਾਲ ਸੰਬਧਿਤ ਸਕੂਲ ਖੁਲਣ ਦੀ ਖੁਸ਼ੀ ਵਿੱਚ ਮਿਠਾਈ, ਸਮੋਸੇ, ਗੁਲਾਬ ਜਾਮੁਨ ਅਤੇ ਚਾਹ ਦਾ ਸਟਾਲ ਲਗਾਇਆ ਗਿਆ