(ਸਮਾਜ ਵੀਕਲੀ)
ਸਿੱਖ ਇਤਿਹਾਸ ਦੇ ਪੰਨਿਆਂ ਤੇ ਜਦੋਂ ਨਜ਼ਰ ਮਾਰਦੇ ਹਾਂ ਤਾਂ ਮਰਜੀਵੜੇ ਸਿੰਘਾਂ ਦੀ ਸ਼ਹੀਦੀ ਗਾਥਾ ਆਪ ਮੁਹਾਰੇ ਸਾਡੇ ਸਾਹਮਣੇ ਆ ਜਾਂਦੀ ਹੈ । ਗੁਰੂ ਕਾਲ ਤੋਂ ਲੈ ਕੇ ਹੁਣ ਤੱਕ ਸਿੰਘ ਸਮੇਂ ਸਮੇਂ ਸਿਰ ਜਬਰ ਅਤੇ ਜ਼ੁਲਮ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਦਿਆਂ ਹੱਸ ਹੱਸ ਕੇ ਸ਼ਹੀਦੀ ਦਾ ਜਾਮ ਪੀਂਦੇ ਆ ਰਹੇ ਹਨ। ਜੇਕਰ ਗੱਲ ਹਿੰਦੁਸਤਾਨ ਦੀ ਆਜ਼ਾਦੀ ਲਈ ਚੱਲੇ ਸੰਘਰਸ਼ ਦੀ ਕਰ ਲਈਏ ਤਾਂ ਇਹ ਬੜੇ ਮਾਣ ਵਾਲੀ ਗੱਲ ਹੇ ਕਿ 121 ਸ਼ਹੀਦਾਂ ਵਿੱਚ 93 ਸਿੱਖ ਸ਼ਹੀਦ ਸਨ। ਇਸ ਤੋਂ ਇਲਾਵਾ 2147 ਅਜਿਹੇ ਸਿੱਖ ਸਨ ਜਿਨ੍ਹਾਂ ਆਪਣੀ ਜ਼ਿੰਦਗੀ ਦਾ ਲੰਮਾ ਹਿੱਸਾ ਜੇਲ੍ਹਾਂ ਵਿੱਚ ਨਰਕ ਭਰੀ ਜ਼ਿੰਦਗੀ ਜਿਉਂ ਕੇ ਬਿਤਾ ਦਿੱਤਾ । ਅਫ਼ਸੋਸ ਉਸ ਸਮੇਂ ਸਿੱਖਾਂ ਨਾਲ ਜਿਹੜੇ ਵਾਅਦੇ ਮੌਕੇ ਦੇ ਹੁਕਮਰਾਨਾਂ ਵੱਲੋਂ ਕੀਤੇ ਗਏ ਸੀ ਉਹ ਆਜ਼ਾਦੀ ਮਿਲਦਿਆਂ ਹੀ ਉਨ੍ਹਾਂ ਉੱਕਾ ਹੀ ਵਿਸਾਰ ਦਿੱਤੇ।
ਇਸੇ ਸੰਘਰਸ਼ ਦਾ ਹੀ ਹਿੱਸਾ ਰਹਿ ਚੁਕੀ ਇਕ ਅਜਿਹੀ ਸਖਸ਼ੀਅਤ ਜਿਸ ਨੂੰ ਨਾ ਕੇਵਲ ਭਾਰਤੀਆਂ ਨੇ ਮਨਾਂ ਚੋਂ ਵਿਸਾਰ ਦਿੱਤਾ ਬਲਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਅੱਜ ਹੌਲੀ ਹੌਲੀ ਸਿੱਖਾਂ ਦੇ ਮਨਾਂ ਅੰਦਰੋਂ ਵੀ ਇਸ ਸਿੱਖ ਦੀ ਛਾਪ ਅਲੋਪ ਹੋ ਰਹੀ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸਿੱਖ ਕੌਮ ਦੇ ਮਹਾਨ ਨਾਇਕ ਅਤੇ ਬੇਤਾਜ ਬਾਦਸ਼ਾਹ ਬਾਬਾ ਖੜਕ ਸਿੰਘ ਜੀ ਦੀ । 1920 ਵਿਚ ਬਹੁਤ ਸਾਰੀਆਂ ਸ਼ਹਾਦਤਾਂ ਤੋਂ ਬਾਅਦ ਹੋਂਦ ਵਿੱਚ ਆਈ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਵਜੋਂ ਸੇਵਾ ਨਿਭਾਉਣ ਦਾ ਮੌਕਾ ਬਾਬਾ ਖੜਕ ਸਿੰਘ ਜੀ ਨੂੰ ਮਿਿਲਆ । ਕੋਈ ਸਮਾਂ ਸੀ ਕਿ ਸੀਨੀਅਰ ਕਾਂਗਰਸੀ ਆਗੂ ਖ਼ੁਦ ਆ ਕੇ ਬਾਬਾ ਖੜਕ ਸਿੰਘ ਜੀ ਨੂੰ ਕਹਿੰਦੇ ਸਨ ਭਾਰਤ ਦੀ ਅਜਾਦੀ ਵਿੱਚ ਜੇਕਰ ਸਿੱਖਾਂ ਦਾ ਯੋਗਦਾਨ ਨਾ ਹੋਵੇ ਤਾਂ ਇਹ ਆਜ਼ਾਦੀ ਕਦੀ ਪ੍ਰਾਪਤ ਨਹੀਂ ਹੋ ਸਕਦੀ । ਉਨ੍ਹਾਂ ਵਾਅਦਾ ਕੀਤਾ ਕਿ ਆਜ਼ਾਦੀ ਮਿਲਣ ਤੋਂ ਕੋਈ ਵੀ ਅਜਿਹਾ ਕਾਨੂੰਨ ਪਾਸ ਨਹੀਂ ਕੀਤਾ ਜਾਵੇਗਾ ਜਿਹੜਾ ਕਿ ਸਿੱਖਾਂ ਦੇ ਵਿਰੁੱਧ ਹੋਵੇ। ਪਰ 1947 ਵਿੱਚ ਭਾਵੇਂ ਭਾਰਤ ਨੂੰ ਆਜ਼ਾਦੀ ਮਿਲ ਗਈ ਪਰ ਸਿੱਖਾਂ ਨਾਲ ਕੀਤੇ ਗਏ ਵਾਅਦੇ ਦਰਕਿਨਾਰ ਕਰ ਦਿੱਤੇ ਗਏ ਤਾਂ ਇਸ ਦਾ ਬਾਬਾ ਖੜਕ ਸਿੰਘ ਜੀ ਨੂੰ ਬੜਾ ਦੁੱਖ ਲੱਗਿਆ ।
ਇਸ ਮਹਾਨ ਸਿੱਖ ਅਤੇ ਆਜ਼ਾਦੀ ਦੇ ਮਹਾਨ ਨਾਇਕ ਬਾਬਾ ਖੜਕ ਸਿੰਘ ਜੀ ਦਾ ਜਨਮ 1868 ਈ. ਵਿੱਚ ਸਿਆਲਕੋਟ ਪਾਕਿਸਤਾਨ ਵਿਖੇ ਰਾਇ ਬਹਾਦਰ ਦੇ ਘਰ ਹੋਇਆ। ਬਾਬਾ ਜੀ ਨੇ ਮੁੱਢਲੀ ਵਿੱਦਿਆ ਸਿਆਲਕੋਟ ਤੋਂ ਹੀ ਪ੍ਰਾਪਤ ਕੀਤੀ। 1912 ਈ. ਵਿੱਚ ਆਪਣਾ ਜਨਤਕ ਜੀਵਨ ਸ਼ੁਰੂ ਕਰਨ ਤੋਂ ਬਾਅਦ ਬਾਬਾ ਖੜਕ ਸਿੰਘ ਜੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ ਉਨ੍ਹਾਂ ਆਪਣੀ ਜ਼ਿੰਦਗੀ ਦਾ ਲੰਬਾ ਅਰਸਾ ਸਿੱਖ ਸੰਘਰਸ਼ ਵਿੱਚ ਲਗਾ ਦਿੱਤਾ । 1919 ਵਿੱਚ ਵਾਪਰੇ ਜਲ੍ਹਿਆਂਵਾਲੇ ਬਾਗ਼ ਦੇ ਕਾਂਡ ਨੇ ਉਨ੍ਹਾਂ ਦੇ ਮਨ ਉੱਪਰ ਗਹਿਰਾ ਅਸਰ ਪਾਇਆ ।ਜਿਸ ਤੋਂ ਬਾਅਦ ਮਾਰਸ਼ਲ ਲਾਅ ਦੇ ਅਧੀਨ ਵਾਪਰੀਆਂ ਘਟਨਾਵਾਂ ਨੇ ਉਨ੍ਹਾਂ ਨੂੰ ਸਿੱਖ ਸਿਆਸਤ ਦੇ ਕੇਂਦਰ ਵਿੱਚ ਲਿਆ ਕੇ ਖੜ੍ਹਾ ਕਰ ਦਿੱਤਾ
1920 ਵਿੱਚ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ ਤਾਂ ਬਾਬਾ ਖੜਕ ਸਿੰਘ ਜੀ ਨੂੰ ਇਸ ਦਾ ਪਹਿਲਾ ਪ੍ਰਧਾਨ ਚੁਣਿਆ ਗਿਆ ਇਸ ਸਮੇਂ ਗੁਰਦੁਆਰਾ ਸਹਿਬਾਨ ਦਾ ਪ੍ਰਬੰਧ ਮਹੰਤਾਂ ਦੇ ਹੱਥਾਂ ਵਿੱਚ ਸੀ । ਜਿਹੜੇ ਕਿ ਅਤਿ ਦਰਜੇ ਦੇ ਭ੍ਰਿਸ਼ਟ ਅਤਿ ਨੀਚ ਹੋ ਚੁੱਕੇ ਸਨ। ਇਨ੍ਹਾਂ ਪਾਸੋਂ ਪ੍ਰਬੰਧ ਨੂੰ ਪੰਥਕ ਹੱਥਾਂ ਵਿੱਚ ਲੈਣ ਲਈ ਇਕ ਸੰਘਰਸ਼ ਵਿੱਢਿਆ ਗਿਆ ਜਿਸ ਦੀ ਅਗਵਾਈ ਬਾਬਾ ਖੜਕ ਸਿੰਘ ਜੀ ਵੱਲੋਂ ਕੀਤੀ ਗਈ । 1921 ਈ. ਨੂੰ ਜਦੋਂ ਸ੍ਰੀ ਨਨਕਾਣਾ ਸਾਹਿਬ ਵਿਖੇ ਸਾਕਾ ਵਾਪਰਿਆ ਜਿਸ ਦੌਰਾਨ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਸ੍ਰੀ ਨਨਕਾਣਾ ਸਾਹਿਬ ਦੇ ਮਹੰਤ ਵੱਲੋਂ ਆਪਣੇ ਗੁੰਡਿਆਂ ਪਾਸੋਂ ਸ਼ਹੀਦ ਕਰਵਾ ਦਿੱਤਾ ਗਿਆ ਤਾਂ ਉਸ ਸਮੇਂ ਅੰਗਰੇਜ਼ ਹਕੂਮਤ ਨੇ ਜ਼ੁਲਮ ਢਾਹੁੰਦਿਆਂ ਬਾਬਾ ਖੜ਼ਕ ਸਿੰਘ ਜੀ ਨੂੰ ਗ੍ਰਿਫ਼ਤਾਰ ਕਰ ਲਿਆ।
1921 ਈਸਵੀ ਨੂੰ ਜਦੋਂ ਗੁਰੂ ਕਾ ਬਾਗ ਵਿਖੇ ਲੰਗਰ ਲਈ ਲੱਕੜ ਵੱਢਣ ਗਏ ਸਿੰਘਾਂ ਨੂੰ ਅੰਗਰੇਜ਼ ਹਕੂਮਤ ਨੇ ਗ੍ਰਿਫ਼ਤਾਰ ਕਰ ਲਿਆ ਤਾਂ ਉਸ ਤੋਂ ਬਾਅਦ ਇੱਕ ਲੰਬਾ ਸੰਘਰਸ਼ ਬਾਬਾ ਖੜਕ ਸਿੰਘ ਜੀ ਦੀ ਅਗਵਾਈ ਹੇਠ ਚੱਲਿਆ। ਇਸ ਦੌਰਾਨ ਹਰ ਦਿਨ ਸਿੱਖ ਸ਼ਾਂਤਮਈ ਸੰਘਰਸ਼ ਕਰਦਿਆਂ ਗੁਰੂ ਕਾ ਬਾਗ ਵਿਖੇ ਜਾਂਦੇ ਤੇ ਅੰਗਰੇਜ਼ ਹਕੂਮਤ ਅੱਗੇ ਗ੍ਰਿਫ਼ਤਾਰੀਆਂ ਦਿੰਦੇ । ਇਸ ਸੰਘਰਸ਼ ਦੌਰਾਨ ਬਾਬਾ ਖੜਕ ਸਿੰਘ ਜੀ ਨੂੰ ਸਿਰਫ਼ ਇਸ ਕਰਕੇ ਜੇਲ੍ਹ ਅੰਦਰ ਬੰਦ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਵੱਲੋਂ ਅੰਗਰੇਜ਼ ਹਕੂਮਤ ਖ਼ਿਲਾਫ਼ ਇੱਕ ਜੋਸ਼ੀਲੀ ਤਕਰੀਰ ਦਿੱਤੀ ਗਈ ਸੀ । ਇਸ ਤੋਂ ਬਾਅਦ ਸਿੱਖ ਕੌਮ ਉੱਪਰ ਅੰਗਰੇਜ਼ ਹਕੂਮਤ ਨੇ ਇਹ ਦੋਸ਼ ਲਾ ਕੇ ਕਿ ਸ੍ਰੀ ਦਰਬਾਰ ਸਾਹਿਬ ਜੀ ਦੇ ਤੋਸ਼ੇਖਾਨੇ ਨੂੰ ਨਿੱਜੀ ਮੁਫਾਦਾ ਲਈ ਵਰਤਿਆ ਜਾ ਰਿਹਾ ਹੈ ਚਾਬੀਆਂ ਵਾਪਿਸ ਲੈ ਲਈਆਂ ਤਾਂ ਬਾਬਾ ਖੜਕ ਸਿੰਘ ਦੀ ਅਗਵਾਈ ਹੇਠ ਸਿੱਖ ਕੌਮ ਨੇ ਅੰਗਰੇਜ਼ਾਂ ਨਾਲ ਨਾ ਮਿਲਵਰਤਨ ਅੰਦੋਲਨ ਸ਼ੁਰੂ ਕਰ ਦਿੱਤਾ।
ਜਿਸ ਕਾਰਨ ਅੰਗਰੇਜ਼ ਹਕੂਮਤ ਨੇ ਬਾਬਾ ਖੜਕ ਸਿੰਘ ਸਮੇਤ ਹੋਰ ਕਈ ਸਿੱਖ ਆਗੂਆਂ ਨੂੰ ਜੇਲ੍ਹਾਂ ਚ ਬੰਦ ਕਰ ਦਿੱਤਾ । ਪਰ ਬਾਬਾ ਖੜਕ ਸਿੰਘ ਦੀ ਅਗਵਾਈ ਹੇਠ ਚੱਲੇ ਸੰਘਰਸ਼ ਅੱਗੇ ਅੰਗਰੇਜ਼ ਹਕੂਮਤ ਨੂੰ ਝੁਕਣਾ ਪਿਆ ਅਤੇ ਉਨ੍ਹਾਂ ਨਾ ਸਿਰਫ ਬਾਬਾ ਖੜਕ ਸਿੰਘ ਜੀ ਨੂੰ ਰਿਹਾਅ ਕਰ ਦਿੱਤਾ ਬਲਕਿ ਵਾਇਸਰਾਏ ਵੱਲੋਂ ਖੁਦ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚ ਕੇ ਬੜੇ ਅਦਬ ਸਤਿਕਾਰ ਨਾਲ ਚਾਬੀਆਂ ਬਾਬਾ ਖੜਕ ਸਿੰਘ ਜੀ ਨੂੰ ਸੌਂਪੀਆਂ ਗਈਆਂ।
ਬਾਬਾ ਖੜਕ ਸਿੰਘ ਦੀ ਅਗਵਾਈ ਹੇਠ ਸਿੱਖ ਕੌਮ ਦੀ ਹੋਈ ਇਸ ਜਿੱਤ ਦੀ ਚਰਚਾ ਚਾਰੇ ਪਾਸੇ ਫੈਲ ਗਈ। ਉਸ ਸਮੇਂ ਕਾਂਗਰਸੀ ਆਗੂ ਮਹਾਤਮਾ ਗਾਂਧੀ ਵੱਲੋਂ ਇਕ ਤਾਰ ਭੇਜ ਕੇ ਬਾਬਾ ਖੜਕ ਸਿੰਘ ਜੀ ਨੂੰ ਵਧਾਈ ਵੀ ਦਿੱਤੀ ਗਈ ।
ਇਹ ਲੜਾਈ ਤਾਂ ਭਾਵੇਂ ਬਾਬਾ ਖੜਕ ਸਿੰਘ ਜੀ ਦੀ ਅਗਵਾਈ ਹੇਠ ਜਿੱਤ ਲਈ ਗਈ ਸੀ ਪਰ ਇੱਕ ਵਾਰ ਫਿਰ ਅੰਗਰੇਜ਼ ਹਕੂਮਤ ਵੱਲੋਂ ਉਨ੍ਹਾਂ ਉਪਰ ਤਸ਼ੱਦਦ ਢਾਹਿਆ ਗਿਆ। ਉਨ੍ਹਾਂ ਨੂੰ ਡੇਰਾ ਗਾਜ਼ੀ ਖਾਂ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ । ਉਸ ਸਮੇਂ ਹਾਲਾਤ ਇਹ ਸਨ ਕਿ ਅੰਗਰੇਜ਼ ਹਕੂਮਤ ਵਿਰੁੱਧ ਬੋਲਣ ਵਾਲਿਆਂ ਨੂੰ ਜੇਲ੍ਹਾਂ ਵਿੱਚ ਆਪਣੀਆਂ ਦਸਤਾਰਾਂ ਉਤਾਰਨੀਆਂ ਪੈਂਦੀਆਂ ਸਨ। ਬਾਬਾ ਖੜਕ ਸਿੰਘ ਜੀ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਆਪਣੇ ਪਿੰਡੇ ਅਤੇ ਤੇੜ ਕਛਹਿਰੇ ਅਤੇ ਕਕਾਰ ਤੋਂ ਇਲਾਵਾ ਹੋਰ ਕੋਈ ਵੀ ਕੱਪੜਾ ਪਹਿਨਣ ਤੋਂ ਇਨਕਾਰ ਕਰ ਦਿੱਤਾ ।
ਬਾਬਾ ਖੜਕ ਸਿੰਘ ਜੀ ਇੱਕ ਵਾਰ ਨਹੀਂ ਬਲਕਿ ਅਨੇਕਾਂ ਵਾਰ ਅੰਗਰੇਜ਼ ਹਕੂਮਤ ਦੇ ਤਸ਼ੱਦਦ ਦਾ ਸ਼ਿਕਾਰ ਹੁੰਦਿਆਂ ਜੇਲ੍ਹਾਂ ਵਿਚ ਗਏ । 19 ਜੂਨ 1929 ਵਾਲੇ ਦਿਨ ਸਰਵਹਿੰਦ ਕਾਂਗਰਸ ਵੱਲੋਂ ਸੁਤੰਤਰਤਾ ਸੰਗਰਾਮ ਨੂੰ ਲੈ ਕੇ ਰਾਵੀ ਦਰਿਆ ਦੇ ਕੰਢੇ ਲਾਹੌਰ ਵਿਖੇ ਵੱਡਾ ਸਮਾਗਮ ਕੀਤਾ ਗਿਆ । ਇਸ ਤੋਂ ਅਗਲੇ ਹੀ ਦਿਨ ਆਜ਼ਾਦੀ ਲਈ ਸਮੁੱਚੇ ਸਿੱਖ ਪੰਥ ਨੂੰ ਇਕੱਤਰ ਕਰਕੇ ਇੱਕ ਜਲੂਸ ਬਾਬਾ ਖੜਕ ਸਿੰਘ ਜੀ ਵੱਲੋਂ ਵੀ ਕੱਢਿਆ ਗਿਆ ਜਿਸ ਦੇ ਇਕੱਠ ਨੇ ਸਾਰੀਆਂ ਹੱਦਾਂ ਬੰਨ੍ਹੇ ਪਾਰ ਕਰ ਦਿੱਤੀਆਂ ਅਤੇ ਅੰਗਰੇਜ਼ ਹਕੂਮਤ ਤਿਲਮਿਲਾ ਉੱਠੀ। ਇਸ ਇਕੱਠ ਨੂੰ ਦੇਖ ਕੇ ਨਾ ਸਿਰਫ਼ ਅੰਗਰੇਜ਼ ਹਕੂਮਤ ਦੇ ਗਲਿਆਰਿਆਂ ਅੰਦਰ ਚਰਚਾ ਫੈਲ ਗਈ ਬਲਕਿ ਸਰਬ ਹਿੰਦ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਵੀ ਅਗਲੇ ਹੀ ਦਿਨ ਬਾਬਾ ਖੜਕ ਸਿੰਘ ਜੀ ਦੇ ਦਰ ਤੇ ਆ ਪਹੁੰਚੇ। ਬਾਬਾ ਖੜਕ ਸਿੰਘ ਜੀ ਵੱਲੋਂ ਕੱਢੇ ਗਏ ਇਸ ਜਲੂਸ ਦੀ ਆਭਾ ਲੰਡਨ ਦੇ ਇਕ ਅਖਬਾਰ ਟਾਈਮਜ਼ ਵੱਲੋਂ ਵੀ ਬਿਆਨ ਕੀਤੀ ਗਈ ਸੀ ।
ਟਾਈਮਜ਼ ਅਖ਼ਬਾਰ ਵਿਚ ਛਪੀ ਇਕ ਰਿਪੋਰਟ ਵਿਚ ਉਨ੍ਹਾਂ ਆਖਿਆ ਸੀ ਕਿ ਸਿੱਖਾਂ ਦੇ ਜਲੂਸ ਦੇ ਸਾਹਮਣੇ ਕਾਂਗਰਸ ਦੀ ਜਲਸੀ ਅਤੇ ਜਲੂਸੀ ਫਿੱਕੀ ਪੈ ਗਈ । ਉਨ੍ਹਾਂ ਵੱਲੋਂ ਬਾਬਾ ਖੜਕ ਸਿੰਘ ਜੀ ਨੂੰ ਉਨ੍ਹਾਂ ਨਾਲ ਮਿਲ ਕੇ ਸੰਘਰਸ਼ ਕਰਨ ਦੇ ਲਈ ਬੇਨਤੀ ਕੀਤੀ ਗਈ। ਸਰਬ ਹਿੰਦ ਕਾਂਗਰਸ ਪਾਰਟੀ ਦੇ ਆਗੂਆਂ ਨੇ ਇਸ ਦੇ ਲਈ ਵੱਡੇ ਵੱਡੇ ਵਾਅਦੇ ਵੀ ਬਾਬਾ ਖੜਕ ਸਿੰਘ ਜੀ ਨਾਲ ਕੀਤੇ। ਜਿਸ ਵਿੱਚ ਆਜਾਦ ਭਾਰਤ ਅੰਦਰ ਸਿੱਖਾਂ ਨੂੰ ਵੱਧ ਅਧਿਕਾਰ ਦੇਣ ਦਾ ਵਾਅਦਾ ਵੀ ਸ਼ਾਮਲ ਸੀ। ਪਰ 1947 ਤੋਂ ਬਾਅਦ ਕਾਂਗਰਸ ਪਾਰਟੀ ਦੇ ਨਾਖ਼ਸ਼ੁਕਰੇ ਲੀਡਰਾਂ ਨੇ ਇਹ ਸਾਰੇ ਵਾਅਦੇ ਉੱਕਾ ਹੀ ਵਿਸਾਰ ਦਿੱਤੇ। 1963 ਈ. ਵਿੱਚ ਇਹ ਮਹਾਨ ਗੁਰੂ ਦਾ ਸਿੱਖ ਆਪਣੀ ਪੂਰੀ ਜ਼ਿੰਦਗੀ ਸਿੱਖ ਸੰਘਰਸ਼ ਵਿੱਚ ਆਪਣਾ ਸਾਥ ਪਾਉਂਦਿਆਂ ਅਤੇ ਆਜ਼ਾਦੀ ਲਈ ਜੱਦੋ ਜਹਿਦ ਕਰਦਿਆਂ ਆਪਣਾ ਆਪਾ ਕੁਰਬਾਨ ਕਰ ਗਿਆ। ਅੱਜ ਜਿੱਥੇ ਸਿਰਫ ਭਾਰਤਵਰਸ਼ ਵੱਲੋਂ ਬਾਬਾ ਖੜਕ ਸਿੰਘ ਜੀ ਦੀ ਲਾਸਾਨੀ ਕੁਰਬਾਨੀ ਨੂੰ ਅਣਦੇਖਿਆ ਕੀਤਾ ਜਾ ਰਿਹਾ ਹੈ ਤਾਂ ਉੱਥੇ ਹੀ ਸਿੱਖ ਹਿਰਦਿਆਂ ਅੰਦਰੋਂ ਵੀ ਹੌਲੀ ਹੌਲੀ ਬਾਬਾ ਖੜਕ ਸਿੰਘ ਜੀ ਦੀ ਯਾਦ ਮਿਟਦੀ ਜਾ ਰਹੀ ਹੈ।
ਗੁਰਇੰਦਰ ਸਿੰਘ
ਅਨੰਦਪੁਰ ਵਾਸੀ
8847031312
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly