(ਸਮਾਜ ਵੀਕਲੀ)
ਮੈਂ ਆਪਣੇ ਹੀ ਦਿਲ ਨੂੰ ਪਿਆ ਫ਼ਰੋਲਦਾ ਹਾਂ।
ਆਪਣੇ ਗੁਨਾਹਾਂ ਦੀ ਮਨਪੱਤਰੀ ਖੋਜਦਾ ਹਾਂ।
ਗੁਨਾਹਾਂ ਦੀ ਧੁੰਦ ਵਿੱਚੋਂ ਆਪ ਨੂੰ ਟੋਲਦਾ ਹਾਂ।
ਗੁਨਾਹਾਂ ਦੀ ਅੱਗ ਵਿੱਚ ਤੜਫਦਾ ਵੇਖਦਾ ਹਾਂ।
ਗੁਨਾਹਾਂ ਦੀ ਅੱਗ ਤੋਂ ਨਿਕਲਣਾ ਲੋਚਦਾ ਹਾਂ।
ਆਪਣੇ ਮੱਥੇ ਗੁਨਾਹਾਂ ਦੀ ਫਿਲਮ ਵੇਖਦਾ ਹਾਂ।
ਰੱਬ ਜੀ ਨੇ ਅਮੋਲਕ ਮਨੁੱਖਾ ਜਨਮ ਦਿੱਤਾ।
ਗਰਭ ਦੀ ਅਗਨ ਵਿੱਚ ਜਿੰਦਾ ਰੱਖ ਲਿੱਤਾ।
ਜਨਮ ਤੋਂ ਪਹਿਲਾਂ ਹੀ ਰਿਜ਼ਕ ਪਹੁੰਚਾ ਦਿੱਤਾ।
ਅਮੋਲਕ ਸਵਾਸਾਂ ਦਾ ਖ਼ਜਾਨਾ ਬਖ਼ਸ ਦਿੱਤਾ।
ਅੱਜ ਰੱਬ ਤੋਂ ਹੀ ਮੈਂ ਪਿਆ ਮੁੱਖ ਮੋੜਦਾ ਹਾਂ।
ਰੱਬ ਛੱਡ ਮਾਇਆ ਪਿੱਛੇ ਪਿਆ ਦੌੜਦਾ ਹਾਂ।
ਰੱਬ ਜਿਹੀ ਪਿਆਰੀ ਮਾਂ ਮੈਨੂੰ ਜਨਮ ਦਿੱਤਾ।
ਬਾਪ ਨੇ ਆਪਣਾ ਆਪ ਮੇਰੇ ਤੋਂ ਵਾਰ ਦਿੱਤਾ।
ਹਰ ਦੁੱਖ ਸੁੱਖ ਵਿੱਚ ਮੇਰਾ ਸਾਥ ਬਖ਼ਸ਼ ਦਿੱਤਾ।
ਉੰਨਾਂ ਨਾਲ ਹੀ ਲੜਦਾ ਝਗੜਦਾ ਵੇਖਦਾ ਹਾਂ।
ਆਪਣੇ ਭੈਣ ਭਰਾ ਦੇ ਹੱਕ ਮਾਰਦਾ ਵੇਖਦਾ ਹਾਂ।
ਆਪਣੇ ਮੱਥੇ ਗੁਨਾਹਾਂ ਦੀ ਫਿਲਮ ਵੇਖਦਾ ਹਾਂ।
ਜਿਸ ਨੇ ਮੇਰੇ ਲਈ ਮਾਪਿਆਂ ਨੂੰ ਤਿਆਗ ਦਿੱਤਾ।
ਮੇਰੇ ਸੋਹਣੇ ਪਿਆਰੇ ਬੱਚਿਆਂ ਨੂੰ ਜਨਮ ਦਿੱਤਾ।
ਆਪਣਾ ਤਨ ਮਨ ਧਨ ਮੇਰੇ ਲਈ ਵਾਰ ਦਿੱਤਾ।
ਓਸ ਨਾਲ ਮੈਂ ਕੀਤੀਆਂ ਵਧੀਕੀਆਂ ਵੇਖਦਾ ਹਾਂ।
ਓਸ ਦੇ ਤਿਲ ਤਿਲ ਮਰਦੇ ਸੁਪਨਿਆਂ ਵੇਖਦਾ ਹਾਂ।
ਆਪਣੇ ਮੱਥੇ ਗੁਨਾਹਾਂ ਦੀ ਪਿਕਚਰ ਵੇਖਦਾ ਹਾਂ।
ਮੇਰੇ ਪਿਆਰੇ ਦੋਸਤ ਜਿੰਨਾ ਮੇਰਾ ਸਾਥ ਦਿੱਤਾ।
ਮੈਨੂੰ ਦਿਲੋਂ ਪਿਆਰ ਦੁਲਾਰ ਸਤਿਕਾਰ ਦਿੱਤਾ।
ਮੇਰੀ ਲੋੜ ਪੈਣ ਤੇ ਜਿੰਨਾਂ ਨੂੰ ਮੈਂ ਵਿਸਾਰ ਦਿੱਤਾ।
ਹੁੰਦਿਆਂ ਸੁੰਦਿਆਂ ਵੀ ਜਿੰਨਾਂ ਨੂੰ ਦੁਰਕਾਰ ਦਿੱਤਾ।
ਉਹਨਾਂ ਤੋਂ ਆਪਣਾ ਮੁੱਖ ਛੁਪਾਉਂਦਾ ਵੇਖਦਾ ਹਾਂ।
ਆਪਣੇ ਮੱਥੇ ਗੁਨਾਹਾਂ ਦੀ ਪਿਕਚਰ ਵੇਖਦਾ ਹਾਂ।
ਮੇਰਿਆਂ ਗੁਨਾਹਾਂ ਨੇ ਮੈਨੂੰ ਵਿਲਨ ਬਣਾ ਦਿੱਤਾ।
ਵਿਸ਼ਵਾਸ਼ਘਾਤੀਆ ਅਕ੍ਰਿਤਘਣ ਮੈਨੂੰ ਬਣਾ ਦਿੱਤਾ।
ਆਪਣੀਆਂ ਹੀ ਨਜ਼ਰਾਂ ਵਿੱਚ ਮੈਨੂੰ ਗਿਰਾ ਦਿੱਤਾ।
ਮੇਰੇ ਤੇ ਕਾਮੀ ਕ੍ਰੋਧੀ ਲੋਭੀ ਲੇਬਲ ਚਪਕਾ ਦਿੱਤਾ।
ਚੁਗਲੀ ਨਿੰਦਿਆ ਈਰਖਾ ਨੇ ਨੱਕ ਕਟਾ ਦਿੱਤਾ।
ਕੂੜ ਕਪਟ ਹੰਕਾਰ ਚਿਹਰਾ ਕਰੂਪ ਬਣਾ ਦਿੱਤਾ।
ਮੇਰਿਆਂ ਗੁਨਾਹਾਂ ਨੇ ਮੈਨੂੰ ਸਬਕ ਸਿਖਾ ਦਿੱਤਾ।
ਮੇਰਿਆਂ ਗੁਨਾਹਾਂ ਨੇ ਧੁਰ ਅੰਦਰ ਡਰਾ ਦਿੱਤਾ।
ਗੁਨਾਹਾਂ ਤੋਂ ਤੋਬਾ ਕਰ ਸੱਚ ਦੇ ਰਾਹ ਪਾ ਦਿੱਤਾ।
ਕਾਲ ਦੇ ਜਾਲ ਤੋੜਨ ਦਾ ਰਾਸਤਾ ਸਮਝਾ ਦਿੱਤਾ।
ਧਾਤ ਦੇ ਰਸਤਿਓਂ ਮੋੜ ਲਿਵ ਦੇ ਰਸਤੇ ਪਾ ਦਿੱਤਾ।
ਰੱਬੀ ਕਿਰਪਾ ਵਾਹਿਗੁਰੂ ਜੀ ਲੜ ਲਗਾ ਦਿੱਤਾ।
ਇਕਬਾਲ ਸਿੰਘ ਪੁੜੈਣ
8872897500
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly