(ਸਮਾਜ ਵੀਕਲੀ)
ਪਿੰਡੋਂ ਬਾਹਰ ਨਿਕਲ ਕੇ ਮੈਂ ਕਾਫ਼ੀ ਦੂਰ ਨਿਕਲ ਆਇਆ ਸੀ ਪਰ ਮੈਨੂੰ ਕੋਈ ਦਰੱਖਤ ਦਿਖਾਈ ਨਹੀਂ ਸੀ ਦੇ ਰਿਹਾ । ਚਾਰੇ ਪਾਸੇ ਜਮੀਨ ਬੰਜਰ ਪਈ ਸੀ । ਅਨੁਮਾਨ ਸੀ ਕਿ ਕਈ ਸਾਲ ਤੋਂ ਇਸ ਜ਼ਮੀਨ ਤੇ ਕੁਝ ਵੀ ਬੀਜਿਆ ਨਹੀਂ ਸੀ ਗਿਆ । ਦੂਰ ਇੱਕ ਬਹੁਤ ਪੁਰਾਣਾ ਟਾਹਲੀ ਦਾ ਦਰੱਖ਼ਤ ਵੇਖਿਆ । ਉਸ ਥੱਲੇ ਇੱਕ ਛੋਟੀ ਜਿਹੀ ਛੱਪੜੀ ਬਣਾਈ ਹੋਈ ਸੀ ਨੇੜੇ ਜਾ ਕੇ ਪਤਾ ਲੱਗਾ ਕਿ ਇਹ ਧਰਤੀ ਤੋਂ ਕਈ ਫੁੱਟ ਡੂੰਘੀ ਹੈ । ਮੇਰੇ ਪੈਰਾਂ ਦਾ ਖੜਾਕ ਸੁਣ ਕੇ ਅੰਦਰੋਂ ਕੋਈ ਹਲਚਲ ਹੋਈ। ਮੈਂ ਉਸ ਛੱਪੜੀ ਦੇ ਆਲੇ ਦੁਆਲੇ ਜਿੱਥੋਂ ਤਕ ਵੀ ਮੇਰੀ ਨਜ਼ਰ ਗਈ , ਰੇਤ ਬੰਜਰ ਜ਼ਮੀਨ ਕਿਤੇ ਕਿਤੇ ਕੋਈ ਕਰੰਗ ,ਜੋ ਗਲੇ ਸੜੇ ਪਏ ਸਨ,ਦਿਖਾਈ ਦਿੱਤੇ ਇਸ ਤੋਂ ਇਲਾਵਾ ਕੁਝ ਵੀ ਦਿਖਾਈ ਨਾ ਦਿੱਤਾ ।
ਮੈਂ ਹੈਰਾਨ ਹੋਏ ਬਿਨਾਂ ਨਾ ਰਹਿ ਸਕਿਆ ਕਿਉਂਕਿ ਪਿੰਡੋਂ ਬਾਹਰਵਾਰ ਏਨੀ ਦੂਰ ਇਸ ਛੱਪਰੀ ਵਿਚ ਕੌਣ ਰਹਿੰਦਾ ਹੋਵੇਗਾ ? ਜਿੱਥੇ ਸਾਰੇ ਪਿੰਡ ਵਿੱਚ ਸਾਇਦ ਕੋਈ ਪਰਲੋ ਆਈ ਹੋਈ ਸੀ ਲੋਕ ਮਰ ਰਹੇ ਸੀ,ਲੋਕ ਪਾਣੀ ਲਈ ਤਰਸ ਰਹੇ ਸੀ, ਪਾਣੀ ਮੰਗਣ ਤੇ ਜ਼ਹਿਰ ਦੇ ਪਿਆਲੇ ਲਿਆ ਕੇ ਫੜਾ ਰਹੇ ਸੀ ।ਰੱਬ ਨੂੰ ਅਰਜ਼ੋਈਆਂ ਕਰ ਰਹੇ ਸੀ । ਆਪਸ ਵਿੱਚ ਇਕੱਠੇ ਹੋ ਕੇ ਡੂੰਘੀਆਂ ਵਿਚਾਰਾਂ ਕਰ ਰਹੇ ਸੀ। ਉੱਥੇ ਇਸ ਛੱਪਰੀ ਵਿੱਚ ਕੌਣ ਬੈਠਾ ਹੋਵੇਗਾ ? ਇਨ੍ਹੇ ਨੂੰ ਉਸ ਭੋਰੇ ਨੁਮਾ ਛਪਰੀ ਵਿਚੋਂ ਇਕ ਦਰਸ਼ਨੀ ਬਜ਼ੁਰਗ ਨਿਕਲ ਕੇ ਬਾਹਰ ਆਇਆ । ਜਿਸ ਦਾ ਭਰਵਾਂ ਦਾਹੜਾ ਪ੍ਰਕਾਸ਼ ਸੀ । ਸਿਰ ਉਪਰ ਸਾਢੇ ਤਿੰਨ ਗਜ਼ ਦਾ ਕੱਪੜਾ ਬੰਨ੍ਹਿਆ ਹੋਇਆ ਸੀ।
ਇਕ ਚਾਦਰਾ ਤੇੜ ਬੰਨ੍ਹਿਆ ਹੋਇਆ ਸੀ ਤੇ ਦੂਸਰੇ ਚਾਦਰੇ ਦੀ ਬੁੱਕਲ ਮਾਰ ਕੇ ਉੱਪਰ ਲਿਆ ਹੋਇਆ ਸੀ । ਉਸ ਬਜ਼ੁਰਗ ਦੇ ਨੈਣ ਨਕਸ਼ ਬਿਲਕੁਲ ਬਾਬੇ ਨਾਨਕ ਦੀ ਮੰਨੀ ਜਾਂਦੀ ਫੋਟੋ ਦੇ ਨਾਲ ਮਿਲਦੇ ਸਨ । ਪਾਣੀ ਤੋਂ ਬਿਨਾਂ ਮੈਂ ਤਿਹਾਇਆ ਮਰ ਰਿਹਾ ਸੀ ਅਜੇ ਤਕ ਮੈਨੂੰ ਇੱਕ ਬੂੰਦ ਵੀ ਪਾਣੀ ਪੀਣ ਲਈ ਨਹੀਂ ਸੀ ਮਿਲਿਆ । ਦੂਸਰਾ ਲੋਕਾਂ ਦੀ ਹਾਲਤ ਵੱਲ ਵੇਖ ਕੇ ਮੈਂ ਹੈਰਾਨ ਪ੍ਰੇਸ਼ਾਨ ਸੀ । ਉਸ ਤੋਂ ਜ਼ਿਆਦਾ ਦੁਖੀ ਮੈ ਇਸ ਗੱਲ ਨੂੰ ਲੈ ਕੇ ਸੀ ਕਿ ਲੋਕ ਪੁੱਛਣ ਤੇ ਵੀ ਮੈਨੂੰ ਕੁਝ ਦੱਸ ਨਹੀਂ ਰਹੇ ਸਨ। ਇਸ ਕਰਕੇ ਕਿਸੇ ਸਿਆਣੇ ਬਜ਼ੁਰਗ ਦਾ ਇਸ਼ਾਰਾ ਸਮਝ ਕੇ ਮੈ ਇਸ ਬੰਜਰ ਧਰਤੀ ਤੇ ਸਿਰਫ਼ ਇਕ ਟਾਹਲੀ ਦੇ ਦਰੱਖਤ ਥੱਲੇ ਪਾਈ ਹੋਈ ਛਪਰੀ ਵੱਲ ਆ ਗਿਆ ਸੀ।
ਉਹ ਬਜ਼ੁਰਗ ਸਾਇਦ ਮੇਰੇ ਮਨ ਦੀ ਗਤੀ ,ਅੰਦਰਲੀ ਤੇ ਬਾਹਰਲੀ ਪਿਆਸ ਤੋ ਗਿਆਤ ਸੀ ਉਹ ਇਹ ਵੀ ਜਾਣ ਗਿਆ ਹੋਵੇਗਾ ਕਿ ਇਧਰ ਮੈ ਪਾਣੀ ਪੀਣ ਵਾਸਤੇ ਆਇਆ ਹਾਂ। ਉਸ ਨੇ ਮੇਰੇ ਬਿਨਾਂ ਮੰਗੇ ਹੀ ਇਕ ਕੜੀ ਵਾਲਾ ਗਲਾਸ ਠੰਢੇ ਸੀਤਲ ਜਲ (ਮੈਂ ਇਥੇ ਉਸ ਜਲ ਨੂੰ ਪਾਣੀ ਨਾ ਕਹਿ ਕੇ ਜਲ ਹੀ ਆਖਾਂਗਾ ਕਿਉਂਕਿ ਜਦੋਂ ਮੈਂ ਉਹ ਸੀਤਲ ਜਲ ਪੀਤਾ , ਮੈਨੂੰ ਸਾਰੀ ਜ਼ਿੰਦਗੀ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦਾ ਸੁਖ ਭੋਗਣ ਤੇ ਖਾਣ ਪੀਣ ਦਾ ਆਨੰਦ ਨਹੀਂ ਆਇਆ , ਜਿੰਨਾ ਉਹ ਇੱਕ ਗਲਾਸ ਜਲ ਛੱਕ ਕੇ ਆਇਆ ) ਛਕਿਆ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਜਲ ਜ਼ਰੂਰ ਕੋਈ ਅੰਮ੍ਰਿਤ ਜਾਂ ਆਬ-ਏ-ਹਯਾਤ ਹੋਵੇਗਾ ਜਿਸ ਨੂੰ ਪੀ ਕੇ ਸਵਰਗਾਂ ਤੋਂ ਵੀ ਵੱਧ ਆਨੰਦ ਆਇਆ ਜਾ ਫਿਰ ਜ਼ਰੂਰ ਉਹ ਕੋਈ ਮਹਾਨ ਹਸਤੀ ਹੋਵੇਗੀ ਜਿਸ ਦੇ ਹੱਥਾਂ ਨਾਲ ਲੱਗ ਕੇ ਉਹ ਪਾਣੀ ਵੀ ਅੰਮ੍ਰਿਤ ਬਣ ਗਿਆ ਹੋਵੇਗਾ।
ਸੋ ਖ਼ੈਰ, ਉਸ ਬਜ਼ੁਰਗ ਨੇ ਮੈਨੂੰ ਬੜੇ ਸਲੀਕੇ ,ਅਦਬ ਸਤਿਕਾਰ ਦੇ ਨਾਲ ਉਹ ਜਲ ਦਾ ਗਲਾਸ ਫੜਾਇਆ ।ਉਸ ਬਜ਼ੁਰਗ ਦਾ ਚਿਹਰਾ ਦੁਨੀਆਂ ਦੇ ਸਾਰੇ ਚਿਹਰਿਆਂ ਤੋਂ ਵੱਖਰਾ ਸੀ। ਅਲਾਹੀ ਨੂਰ ,ਦਰਗਾਹੀ , ਜਾਹੋ ਜਲਾਲ ,ਰੱਬੀ ਰਿਸ਼ਮ ਪ੍ਰਤੱਖ ਗਿਆਨ ਤੇ ਸਦਗੁਣਾਂ ਦਾ ਪ੍ਰਕਾਸ਼ ਸੀ । ਮੇਰੀ ਜ਼ਿੰਦਗੀ ਉਸ ਦਿਨ ਧੰਨ ਹੋ ਗਈ। ਸੋ ਮੇਰੇ ਹਜ਼ਾਰਾਂ ਸੁਆਲ ਜੋ ਪਿੰਡ ਦੇ ਪ੍ਰਤੀ ਬਣੇ ਸੀ ਮੈ ਉਨ੍ਹਾਂ ਦੇ ਜੁਆਬ ਲੈਣ ਲਈ ਬੜਾ ਉਤਾਵਲਾ ਸੀ। ਉਸ ਬਜ਼ੁਰਗ ਨੇ ਮੈਨੂੰ ਇਸ਼ਾਰੇ ਨਾਲ ਆਪਣੇ ਪਿੱਛੇ ਪਿੱਛੇ ਆਉਣ ਲਈ ਕਿਹਾ ਮੈਂ ਉਹਦੇ ਪਿੱਛੇ ਹੋ ਤੁਰਿਆ ਉਹ ਆਪਣੇ ਪਲੰਘ ਤੇ ਚੌਂਕੜਾ ਮਾਰ ਕੇ ਬੈਠ ਗਿਆ । ਮੈਂ ਵੀ ਉਸ ਭਲੇ ਪੁਰਸ਼ ਦੇ ਚਰਨਾਂ ਚ ਬੈਠ ਗਿਆ ਉਸ ਨੇ ਮੈਨੂੰ ਪੁੱਛਿਆ ਭਾਈ ਇੱਥੇ ਕਿਸ ਲਈ?????
ਪਤਾ ਨਹੀਂ ਜੀ।। ਮੈਂ ਇੰਨੇ ਸ਼ਬਦ ਕਹਿ ਕੇ ਚੁੱਪ ਕਰ ਗਿਆ। ਕਿਉਂਕਿ ਮੈਨੂੰ ਵਾਕਈ ਪਤਾ ਨਹੀਂ ਸੀ ਮੈਂ ਇੱਥੇ ਕਿਉਂ ਹਾਂ ਤੇ ਕਿਵੇ ਆਇਆ ਹਾ। ਫਿਰ ਮੈਂ ਪੁੱਛਿਆ ਕਿ ਪਿੰਡ ਦੇ ਲੋਕਾਂ ਤੋਂ ਮੈਂ ਬਹੁਤ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੀ ਐਸੀ ਹਾਲਤ ਕਿਉਂ ਹੈ?? ਪਰ ਮੈਂ ਹੈਰਾਨ ਸੀ ਕਿ ਉਨ੍ਹਾਂ ਨੇ ਮੈਨੂੰ ਕੋਈ ਜੁਆਬ ਨਾ ਦਿੱਤਾ।
ਪਿੰਡ ਦੇ ਇੱਕ ਬਜ਼ੁਰਗ ਨੇ ਤੁਹਾਡੇ ਇਸ ਅਸਥਾਨ ਵੱਲ ਇਸ਼ਾਰਾ ਕਰਕੇ ਇੱਧਰ ਆਉਣ ਲਈ ਕਿਹਾ । ਤੂੰ ਭਾਈ ! ਉਸ ਦੁਨੀਆਂ ਦਾ ਵਿਕਾਸ ਦੇਖਦਾ ਫਿਰਦੈਂ । ਜਿਹੜਾ ਵਿਕਾਸ ਹਾਲੇ ਤੁਹਾਡੀ ਦੁਨੀਆਂ ਵਿੱਚ ਹੋਣਾ ਹੈ ।ਉਨ੍ਹਾਂ ਨੇ ਬਹੁਤ ਗੰਭੀਰ ਹੋ ਕੇ ਇਹ ਬਚਨ ਕਹੇ।
ਬਹੁਤ ਹੈਰਾਨ ਹੁੰਦਿਆਂ ਮੈਂ ਪੁੱਛਿਆ ,”ਇਹ ਤੁਸੀਂ ਕੀ ਕਹਿ ਰਹੇ ਹੋ? ਕੀ ਮੈਂ ਕਿਸੇ ਹੋਰ ਦੁਨੀਆਂ ਚ ਫਿਰਦਾ ਹਾਂ??
ਬਿਲਕੁਲ । ਉਨ੍ਹਾਂ ਨੇ ਜਵਾਬ ਦਿੱਤਾ। ਤੁਹਾਡੀ ਦੁਨੀਆਂ ਦੇ ਵਿੱਚ ਵੀ ਇਹ ਵਿਕਾਸ ਬਹੁਤ ਜਲਦ ਵੇਖਣ ਨੂੰ ਮਿਲੇਗਾ ।ਉਨ੍ਹਾਂ ਦੀਆਂ ਗੱਲਾਂ ਸੁਣ ਕੇ ਮੈਂ ਹੈਰਾਨ ਤਾਂ ਹੋਣਾ ਹੀ ਸੀ ਡਰ ਵੀ ਗਿਆ ਸੀ। ਮੈਂ ਸੋਚਣ ਲੱਗਿਆ ਕਿ ਆਪਣੇ ਪੰਜਾਬ ਵਿੱਚ ਵੀ ਕਦੀ ਪਾਣੀ ਤੋਂ ਬਿਨਾ ਇਸੇ ਤਰ੍ਹਾਂ ਲੋਕ ਮਰਨਗੇ। ਇਸੇ ਤਰ੍ਹਾਂ ਲੋਕ ਪਾਣੀ ਦੀ ਬੂੰਦ ਬੂੰਦ ਲਈ ਤਰਸਣਗੇ। ਪਾਣੀ ਦੀ ਥਾਂ ਤੇ ਗਾਰ ਪੇਸ਼ ਕਰਨਗੇ । ਅਸੀਂ ਪਾਣੀ ਦੀ ਜੋ ਦੁਰਵਰਤੋਂ ਕਰ ਰਹੇ ਹਾ। ਜਲ ਦੇਵਤੇ ਦੀ ਜੋ ਨਿਰਾਦਰੀ ਕਰ ਰਹੇ ਹਾਂ। ਇਸਦਾ ਖਮਿਆਜ਼ਾ ਸਾਨੂੰ ਤਿਲ ਤਿਲ ਕਰਕੇ ਮਰਨ ਨਾਲ ਭੁਗਤਣਾ ਪਏਗਾ ।
ਕਿ ਜਿਸ ਤਰ੍ਹਾਂ ਅਸੀਂ ਧਰਤੀ ਦੇ ਪਾਣੀ ਨੂੰ ਗੰਧਲਾ ਕਰ ਰਹੇ ਹਾਂ। ਪਾਣੀ ਦੀ ਨਿਰਾਦਰੀ ਕਰ ਰਹੇ ਹਾਂ । ਕੀ ਸਾਨੂੰ ਰੱਬ ਦੀ ਕਰੋਪੀ ਦਾ ਵੀ ਸਾਹਮਣਾ ਕਰਨਾ ਪਵੇਗਾ । ਕੀ ਸਾਡੀ ਹਾਲਤ ਇਨ੍ਹਾਂ ਲੋਕਾਂ ਵਰਗੀ ਹੋ ਜਾਵੇਗੀ। ਕੀ ਅਸੀਂ ਆਪਣੀਆਂ ਆਉਣ ਵਾਲੀਆਂ ਪੀਡ਼੍ਹੀਆਂ ਨੂੰ ਰਿਜ਼ਕ ਰਿਜ਼ਕ ਕੇ ਮਰਦੇ ਦੇਖਾਂਗੇ । ਸਾਡੇ ਵੱਲੋਂ ਕੀਤੀ ਹੋਈ ਪਾਣੀ ਦੀ ਬਰਬਾਦੀ ਕੀ ਸਾਡੇ ਲਈ ਦੰਡ ਵਿਧਾਨ ਬਣ ਜਾਵੇਗੀ.. ਇਨ੍ਹਾਂ ਗੱਲਾਂ ਨੂੰ ਸੋਚਦਾ ਹੋਇਆ ਮੈਂ ਚਿੰਤਾ ਦੀ ਨਦੀ ਵਿੱਚ ਡੁੱਬ ਗਿਆ ।
ਮੈਨੂੰ ਹਲੂਣ ਕੇ ਉਸ ਬਜ਼ੁਰਗ ਨੇ ਪਾਣੀ ਬਾਰੇ ਜੋ ਗੱਲਾਂ ਕਹੀਆਂ ਉਹ ਇਸ ਤਰ੍ਹਾਂ ਸੀ ।
ਤੁਸੀਂ ਉਹ ਪਾਣੀ ਨੂੰ ਬਰਬਾਦ ਕਰ ਰਹੇ ਹੋ
ਜੋ ਪਾਣੀ ਇਕ ਪਿਤਾ ਦਾ ਰੋਲ ਅਦਾ ਕਰਦਾ ਹੈ ।
ਜੋ ਪਾਣੀ ਧਰਤੀ ਤੇ ਪਹਿਲਾ ਜੀਵ ਹੈ ।
ਜੋ ਪਾਣੀ ਸੁੰਦਰਤਾ ਦਾ ਰਾਜ਼।
ਜੋ ਪਾਣੀ ਸਭੇ ਦੁੱਖਾਂ ਰੋਗਾ ਦੀ ਦਵਾਈ ਹੈ।
ਜੋ ਪਾਣੀ ਇੱਕ ਪੂਰਾ ਸਰੀਰ ਬਣਉਣ ਦੀ ਸਮਰੱਥਾ ਰੱਖਦਾ ਹੈ। ਜਿਸ ਪਾਣੀ ਜਿਸ ਨਾਲ ਇਹ ਸਰੀਰ ਵਧਦਾ ਫੁੱਲਦਾ ਹੈ।
ਜਿਸ ਪਾਣੀ ਕਰਕੇ ਸਾਡੀ ਜ਼ਿੰਦਗੀ ਹੈ।
ਜਿਸ ਪਾਣੀ ਕਰਕੇ ਧਰਤੀ ਦੇ ਤਮਾਮ ਜੀਵਾਂ ਦਾ ਵਜੂਦ ਹੈ ।
ਜੋ ਪਾਣੀ ਤਪਦਿਆਂ ਹੋਇਆਂ ਨੂੰ ਠੰਢਿਆਂ ਕਰ ਦਿੰਦਾ ।
ਜਿਸ ਪਾਣੀ ਦਾ 75% ਹਿੱਸਾ ਲੈ ਕੇ ਕੋਈ ਸਰੀਰ, ਜੀਵ ਜੰਤੂ, ਫਲ , ਆਦਿ ਪੈਦਾ ਹੁੰਦਾ ।
ਜਿਸ ਪਾਣੀ ਦਾ ਕੋਈ ਰੰਗ ਰੂਪ ਨਹੀਂ ਹੈ ।
ਜਿਸ ਪਾਣੀ ਨੂੰ ਕੋਈ ਸਾੜ ਨਹੀਂ ਸਕਦਾ ।
ਜਿਸ ਪਾਣੀ ਦੀ ਕੋਈ ਨਸਲ ਨਹੀਂ ਹੈ।
ਜਿਸ ਪਾਣੀ ਤੋਂ ਬਿਨਾਂ ਜੀਵ ਜੰਤੂ ਜਿਉਂਦਾ ਨਹੀਂ ਰਹਿ ਸਕਦਾ।
ਜਿਸ ਪਾਣੀ ਨੂੰ ਭਾਰਤੀ ਸੰਸਕ੍ਰਿਤੀ ਵਿੱਚ ਦੇਵਤਾ ਕਿਹਾ ਗਿਆ ਹੈ।
ਜਿਸ ਪਾਣੀ ਦੀ ਮਦਦ ਦੇ ਨਾਲ ਧਰਤੀ ਬਣੀ ।
ਜਿਸ ਪਾਣੀ ਨੇ ਮਨੁੱਖ ਨੂੰ ਪਿਤਾ ਦੀ ਤਰ੍ਹਾਂ ਪਾਲਿਆ ਅਤੇ ਵੱਡਾ ਕੀਤਾ।ਜਿਸ ਪਾਣੀ ਨੇ ਖਾਣ ਲਈ ਅੰਨ ਅਨਾਜ ਪਦਾਰਥ ਫਲ ਸਬਜ਼ੀਆ ਪੈਦਾ ਕਰਨ ਚ ਸਹਾਇਤਾ ਕੀਤੀ। ਇਹ ਅਤਿ ਗੁਣਕਾਰੀ ਸੈਅ ਵਿਧਾਤਾ ਨੇ ਬਿਲਕੁਲ ਮੁਫ਼ਤ ਵਿਚ ਦਿੱਤੀ।
ਉਸ ਰੱਬੀ ਸ਼ੈਅ ਨੂੰ ਤੁਸੀਂ ਖ਼ਰਾਬ ਕਰ ਦਿੱਤਾ ।ਵੇਚ ਦਿੱਤਾ। ਸਾੜ ਦਿੱਤਾ। ਬਦਬੋ ਪੈਦਾ ਕਰ ਦਿੱਤੀ ਹੈ। ਧਰਤੀ ਹੇਠੋਂ ਚੂਸ ਲਿਆ ਹੋਇਐ। ਉਸ ਪਾਣੀ ਦੀ ਤੁਸੀਂ ਕਦਰ ਨਹੀਂ ਕਰਦੇ।
ਕਿਸੇ ਸਮੇਂ ਇਸ ਪਾਣੀ ਦੀ ਤੁਸੀਂ ਬੂੰਦ ਬੂੰਦ ਨੂੰ ਤਰਸਣੈ। ਇਸ ਪਾਣੀ ਦੀ ਸੰਭਾਲ ਕਰ ਲਓ । ਉਨ੍ਹਾਂ ਦਾ ਖਾਲੀ ਗਿਲਾਸ ਪਾਣੀ ਪੀ ਕੇ ਪੜਾਉਣ ਹੀ ਲੱਗਾ ਸੀ ਕਿ ਮੇਰੇ ਪੈਰਾਂ ਹੇਠੋਂ ਧਰਤੀ ਪਾਟ ਗਈ ਅਤੇ ਮੈਂ ਪਤਾਲ ਵਿਚ ਜਾ ਡਿੱਗਾ ।
ਮੇਰੀ ਅੱਖ ਖੁੱਲ੍ਹੀ!!!!!! ਝੋਨਾ ਲਾਉਣ ਵਾਸਤੇ ਮੋਟਰਾਂ ਛੱਡ ਕੇ ਮੈਂ ਨਿੰਮ ਦੇ ਦਰੱਖਤ ਥੱਲੇ ਸੁੱਤਾ ਪਿਆ ਸੀ। ਪਿਤਾ ਜੀ ਪਾਣੀ ਦੀਆਂ ਬਾਲਟੀਆਂ ਭਰ ਭਰ ਕੇ ਖੇਤ ਵਾਲੇ ਕੋਠੇ ਦੇ ਆਲੇ ਦੁਆਲੇ ਛਿੜਕ ਰਹੇ ਸਨ। ……..
ਮੰਗਤ ਸਿੰਘ ਲੌਂਗੋਵਾਲ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly