ਬਠਿੰਡਾ (ਸਮਾਜ ਵੀਕਲੀ): ਕੱਲ੍ਹ ਮੌਸਮ ਦੇ ਬਦਲੇ ਮਿਜ਼ਾਜ ਤੇ ਝੱਖੜ ਕਿਣਮਣ ਕਾਣੀ ਤੋਂ ਬਾਅਦ ਕਿਸਾਨ ਆਪਣੀ ਕਣਕ ਨੂੰ ਢੱਕਦੇ ਦੇਖੇ ਗਏ ਸਨ ਜਿਸ ਕਾਰਨ ਜ਼ਿਲ੍ਹੇ ਦੇ ਮੰਡੀ ਬੋਰਡ ਦੇ ਪ੍ਰਬੰਧਾਂ ਦੀ ਫੂਕ ਨਿਕਲ ਗਈ ਸੀ। ਪੰਜਾਬੀ ਟ੍ਰਿਬਿਊਨ ਵੱਲੋਂ ਨਸ਼ਰ ਕਰਨ ਤੋਂ ਬਾਅਦ ਅੱਜ ਮੰਡੀ ਬੋਰਡ ਦੇ ਡੀਐਮਓ ਕੁੰਵਰਪ੍ਰੀਤ ਸਿੰਘ ਬਰਾੜ ਐਕਸ਼ਨ ਮੋਡ ਵਿੱਚ ਦਿੱਸੇ। ਉਨ੍ਹਾਂ ਵੱਲੋਂ ਗੋਨਿਆਣਾ ਬਲਾਕ ਦੇ ਪਿੰਡ ਮਹਿਮਾ ਸਰਜਾ ਦੇ ਜਿਣਸ ਕੇਂਦਰ ਕੇਂਦਰ ਸਮੇਤ ਗੋਨਿਆਣਾ ਮੁੱਖ ਮੰਡੀ, ਰਾਮਪੁਰਾ ਫੂਲ ਅਤੇ ਮੌੜ ਮੰਡੀ ਮੰਡੀ ਦੇ ਜਿਣਸ ਕੇਂਦਰਾਂ ਦਾ ਦੌਰਾ ਕੀਤਾ ਅਤੇ ਖੁੱਲ੍ਹੇ ’ਚ ਪਈ ਕਣਕ ਦਾ ਜਾਇਜ਼ਾ ਲਿਆ।
ਇਸ ਮੌਕੇ ਉਨ੍ਹਾਂ ਨਾਲ ਡੀਐਫਐਸਸੀ ਜਸਪ੍ਰੀਤ ਸਿੰਘ ਕਾਹਲੋਂ ਮਾਰਕੀਟ ਕਮੇਟੀ ਦੇ ਸੈਕਟਰੀ ਬਲਕਾਰ ਸਿੰਘ ਆਦਿ ਮੌਜੂਦ ਸਨ। ਉਨ੍ਹਾਂ ਦੌਰੇ ਮੌਕੇ ਮਾਰਕੀਟ ਕਮੇਟੀਆਂ ਨੂੰ ਸਖਤ ਹਦਾਇਤ ਕੀਤੀ ਕਿ ਆੜ੍ਹਤੀਆਂ ਨੂੰ ਹਦਾਇਤ ਜਾਰੀ ਕੀਤੀ ਜਾਵੇ ਕਿ ਉਹ ਪੱਕੀਆਂ ਤਰਪਾਲਾਂ ਦਾ ਪ੍ਰਬੰਧ ਕਰਨ ਨਹੀਂ ਤਾਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ੍ਰੀ ਬਰਾੜ ਨੇ ਦੱਸਿਆ ਕਿ ਅੱਜ ਮੰਡੀਆਂ ਦੇ ਦੌਰੇ ਸਮੇਂ 14 ਆੜ੍ਹਤੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ ਗੋਨਿਆਣਾ ਮੰਡੀ ਦੇ ਵਿੱਚ 2 ਆੜ੍ਹਤੀਆਂ ਤੇ ਮਹਿਮਾ ਸਰਜਾ ਵਿਚਲੇ ਜਿਣਸ ਕੇਂਦਰ ਦੇ 3 ਆੜ੍ਹਤੀਆਂ ਰਾਮਪੁਰਾ ਫੂਲ ਵਿੱਚ 5 ਤੇ ਮੌੜ ਵਿੱਚ 4 ਆੜ੍ਹਤੀਆਂ ਨੂੰ ਤਰਪਾਲਾਂ ਤੇ ਹੋਰ ਪ੍ਰਬੰਧਾਂ ਵਿੱਚ ਕਮੀ ਦੇ ਮਾਮਲੇ ਨੂੰ ਮੁੱਖ ਰੱਖਦਿਆਂ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ’ਚ ਹਰ ਆੜ੍ਹਤੀ ਨੂੰ ਸਖ਼ਤ ਹਦਾਇਤ ਕੀਤੀ ਗਈ ਹੈ ਕਿ ਕਿਸਾਨਾਂ ਦੀ ਫਸਲ ਲਈ ਹਰ ਢੁੱਕਵੇਂ ਪ੍ਰਬੰਧ ਕਰਨ ਨਹੀਂ ਤਾਂ ਲਾਇਸੈਂਸ ਰੱਦ ਕੀਤੇ ਜਾਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly