ਸੱਤਿਆ ਮਾਸੀ ! ਮਾਂ ਸੀ !!

ਜਸਪਾਲ ਜੱਸੀ

(ਸਮਾਜ ਵੀਕਲੀ)

ਲਿਖਣਾ ਮੇਰਾ ਕੇਵਲ ਸ਼ੌਕ ਨਹੀਂ ਹੈ। ਮੇਰੀਆਂ ਲਿਖਤਾਂ ਮੇਰੇ ਜ਼ਖਮਾਂ ਦੀ ਦਵਾਈ, ਜੜ੍ਹੀ ਬੂਟੀ ਵਾਂਗ ਹਨ ਜਿੱਥੇ ਉਹ ਮੇਰੇ ਦਰਦਾਂ ਨੂੰ ਘਟਾਉਂਦੀਆਂ ਹਨ ਉੱਥੇ ਮੇਰੀਆਂ ਯਾਦਾਂ ਨੂੰ ਤਾਜ਼ਾ ਰੱਖਦੀਆਂ ਹਨ ਤੇ ਨਾਲ ਹੀ ਮੈਨੂੰ ਆਪਣੀ ਮਿੱਟੀ, ਮਾਂ ਬੋਲੀ ਤੇ ਜਜ਼ਬਿਆਂ ਤੇ ਸੰਸਕਾਰਾਂ ਨਾਲ ਜੋੜੀ ਰੱਖਦੀਆਂ ਹਨ। ਮੈਂ ਦੂਜੇ ਲੇਖਕਾਂ ਦੀਆਂ ਲਿਖਤਾਂ, ਕਥਾ, ਕਹਾਣੀਆਂ, ਕਵਿਤਾਵਾਂ, ਪਾਈਆਂ ਫੋਟੋਆਂ, ਵਿਚੋਂ ਜਿੱਥੇ ਆਪਣੇ ਅਕਸ਼ ਤਲਾਸ਼ਦਾ ਹਾਂ ਉੱਥੇ ਆਪਣਾ ਨਕਸ਼ ਤੇ ਮੁਹਾਂਦਰਾ ਵੀ ਬੀਤੇ ਵਕਤ ਦੇ ਸ਼ੀਸ਼ੇ ਵਿੱਚੋਂ ਵੇਖਦਾ ਹਾਂ।

ਪਿਛਲੇ ਦਿਨੀਂ ਸ਼ੋਸ਼ਲ ਮੀਡੀਆ ‘ਤੇ ਇੱਕ ਅਧਖੜ੍ਹ ਉਮਰ ਦੀ ਔਰਤ ਦੀ ਫ਼ੋਟੋ ਦੇਖੀ। ਜੋ ਪੰਜਾਬੀ ਦੇ ਲੇਖਕ “ਬੁੱਧ ਸਿੰਘ ਨੀਲੋਂ” ਨੇ ਸਾਂਝੀ ਕੀਤੀ ਸੀ। ਹਾਲਾਂ ਕਿ ਮੈਂ ਉਸ ਫ਼ੋਟੋ ਨੂੰ ਆਪਣੇ ਫੇਸਬੁੱਕ ਅਕਾਊਂਟ ‘ਤੇ “ਸਾਡੇ ਹਾਸਿਆਂ ਵਿਚ ਤ੍ਰੇੜਾਂ” ਟਾਈਟਲ ਨਾਲ ਕਵਿਤਾ ਦੇ ਰੂਪ ਵਿੱਚ ਪੇਸ਼ ਕੀਤਾ ਸੀ ਪਰ ਮੈਂ ਉਸ ਚੋਂ ਰੱਜ ਪ੍ਰਾਪਤ ਨਹੀਂ ਕਰ ਸਕਿਆ ਜੋ ਮੈਂ ਚਾਹੁੰਦਾ ਸੀ। ਅਸਲ ਵਿੱਚ ਸਾਡੇ ਸਭਨਾਂ ਦੇ ਜ਼ਿਹਨ ਅੰਦਰ ਦਰਦਾਂ ਦੇ ਸਮੁੰਦਰ ਨੱਕੋ ਨੱਕ ਭਰੇ ਹੁੰਦੇ ਹਨ। ਅਸੀਂ ਉਸ ਸਮੁੰਦਰ ਨੂੰ ਕੁਝ ਅੱਖਰਾਂ ਵਿਚ ਬੰਦ ਨਹੀਂ ਕਰ ਸਕਦੇ। ਹੋ ਸਕਦਾ ਹੈ ਕੁਝ ਵਿਦਵਾਨ ਲੇਖਕ ਇਹਨਾਂ ਵਿਸ਼ਿਆਂ ਨੂੰ ਹੱਥ ਪਾ ਕੇ ਪੇਸ਼ ਕਰਦੇ ਹੋਣ ਪਰ ਮੇਰਾ ਖ਼ਿਆਲ ਇਸ ਤਰ੍ਹਾਂ ਦਾ ਨਹੀਂ ਹੈ। ਇਸ ਤਰ੍ਹਾਂ ਦਾ ਸਿਲਸਿਲਾ ਨਿਰੰਤਰ ਚਲਦਾ ਰਹਿੰਦਾ ਹੈ।

ਅਸਲ ਵਿੱਚ ਮੈਂ ਜੋ ਗੱਲ ਕਰਨਾ ਚਾਹੁੰਦਾ ਹਾਂ। ਉਸ ਦਾ ਆਗਾਜ਼ ਮੇਰੇ ਅਣਭੋਲ ਬਚਪਨ ਤੋਂ ਸ਼ੁਰੂ ਹੁੰਦਾ ਹੈ। ਜਿੱਥੇ ਤੁਸੀਂ ਸੋਚਣਾ ਤਾਂ ਦੂਰ ਦੀ ਗੱਲ ਸ਼ਾਇਦ ਮਹਿਸੂਸਤਾ ਵੀ ਸੰਪੂਰਨ ਰੂਪ ਵਿੱਚ ਵਿਕਸਤ ਨਹੀਂ ਹੋਈ ਹੁੰਦੀ। ਸ਼ਾਇਦ ਮੈਂ ਸਾਲ, ਛੇ ਮਹੀਨੇ ਦਾ ਹੋਵਾ ਜਾਂ ਇਸ ਤੋਂ ਵੀ ਘੱਟ।
ਮੈਂ ਘਰ ਵਿਚ ਚਾਰ ਕੁੜੀਆਂ ਬਾਅਦ ਪੈਦਾ ਹੋਇਆ ਸੀ। ਮੈ ਆਪਣੇ ਮਾਂ ਪਿਉ ਦੀਆਂ ਸੰਤਾਨਾਂ ਵਿੱਚੋਂ ਸੱਤਵੇਂ ਨੰਬਰ ‘ਤੇ ਹੋਇਆ ਸੀ। ਮੈਥੋਂ ਇੱਕ ਵੱਡਾ ਭਰਾ ਤੇ ਇੱਕ ਵੱਡੀ ਭੈਣ ਮੇਰੇ ਜਨਮ ਤੋਂ ਪਹਿਲਾਂ ਇਸ ਦੁਨੀਆਂ ਤੋਂ ਜਾ ਚੁੱਕੇ ਸਨ। ਸਾਡੇ ਗੁਆਂਢ ਵਿੱਚ ਰਹਿੰਦੀ ਔਰਤ ਜਿਸ ਨੂੰ ਸਾਡੇ ਪਰਿਵਾਰ ਦੇ ਮੈਂਬਰ “ਸੱਤਿਆ ਮਾਸੀ “ਦੇ ਨਾਂ ਨਾਲ ਬੁਲਾਉਂਦੇ ਸਨ। ਹਾਲਾਂ ਕਿ ਦੂਸਰੇ ਮੁਹੱਲੇ ਦੇ ਲੋਕ ਉਸ ਨੂੰ “ਸੱਤਿਆ ਸੁਨਿਆਰੀ” ਦੇ ਨਾਮ ਨਾਲ ਪਹਿਚਾਣਦੇ।

ਸੱਤਿਆ ਮਾਸੀ ਦੇ ਲਗਾਤਾਰ ਦਸ, ਬਾਰਾਂ ਬੱਚੇ ਪੈਦਾ ਹੋਏ ਪਰ ਉਸ ਨੂੰ ਕਿਸੇ ਇੱਕ ਬੱਚੇ ਦਾ ਵੀ ਪਿਆਰ ਨਸੀਬ ਨਹੀਂ ਸੀ ਹੋਇਆ। ਸਾਰੇ ਇੱਕ ਇੱਕ ਕਰ ਕੇ ਇਸ ਜਹਾਨ ਤੋਂ ਚਲੇ ਗਏ। ਉਹ ਇਸ ਦੁਖਾਂਤ ਨੂੰ ਰੱਬ ਦੀ ਰਜ਼ਾ ਮੰਨ ਕੇ ਸਵੀਕਾਰਦੀ। ਸੱਤਿਆ ਮਾਸੀ ਤੇ ਉਸਦੇ ਘਰ ਵਾਲਾ ਕੁੰਦਨ ਜਿੱਥੇ ਖੂਬਸੂਰਤੀ ਦੀ ਮਿਸਾਲ ਸਨ, ਉੱਥੇ ਉਹ ਇਨਸਾਨੀ ਜਜ਼ਬੇ ਨਾਲ ਕੁੱਟ ਕੁੱਟ ਕੇ ਭਰੇ ਹੋਏ ਸਨ। ਹਲੀਮੀ ਤੇ ਪਿਆਰ ਉਨ੍ਹਾਂ ਦਾ ਗਹਿਣਾ ਸੀ। ਪਰ ਸਾਡੇ ਸਮਾਜ ਦਾ ਦੁਖਾਂਤ ਹੈ ਕਿ ਲੋਕ ਅੰਦਰੋਂ ਦੁਖੀਆ ਨੂੰ ਚੋਭਾ ਮਾਰ ਕੇ ਹੋਰ ਦੁਖੀ ਕਰਦੇ ਹਨ।

ਮੁਹੱਲੇ ਦੀਆਂ ਔਰਤਾਂ ਜਦੋਂ ਆਪਸ ਵਿਚ ਮਿਲਦੀਆਂ ਤਾਂ ਸੱਤਿਆ ਮਾਸੀ ਦੀ ਗੱਲ ਕਰਦਿਆਂ ਉਸ ਨੂੰ ਲੜੀ ਵਾਲੀ ਸੱਤਿਆ ਕਹਿ ਕੇ ਗੱਲ ਸ਼ੁਰੂ ਕਰਦੀਆਂ।( ਲੜੀਵਾਲੀ ਤੋਂ ਭਾਵ ਜਿਸ ਦੇ ਬੱਚਿਆਂ ਦੇ ਮਰਨ ਦੀ ਲੜੀ ਲੱਗੀ ਹੋਵੇ) ਜੇ ਉਹ ਆਪਣੇ ਬੱਚਿਆਂ ਨਾਲ ਹੁੰਦੀਆਂ ਤਾਂ ਮਾਸੀ ਨੂੰ ਦੇਖ ਕੇ ਆਪਣੇ ਬੱਚਿਆਂ ਦੇ ਸਿਰ ਤੇ ਚੁੰਨੀ ਪਾ ਲੈਂਦੀਆਂ ਜਿਵੇਂ ਉਹਨਾਂ ਦੇ ਬੱਚਿਆਂ ਤੇ ਉਸ ਦੀ ਪਰਛਾਈ ਨਾ ਪੈ ਜਾਵੇ। ਇਸ ਤਰ੍ਹਾਂ ਦਾ ਵਿਹਾਰ ਦੇਖ ਕੇ ਮੇਰੀ ਮਾਂ ਦਾ ਦਿਲ ਬਹੁਤ ਦੁਖੀ ਹੁੰਦਾ। ਸੱਤਿਆ ਮਾਸੀ ਸਾਰੇ ਮੁਹੱਲੇ ਚੋਂ ਮਾਂ ਕੋਲ ਹੀ ਆਉਂਦੀ। ਮਾਂ ਦੱਸਦੀ ਉਹ ਮੈਨੂੰ ਚੁੱਕ ਕੇ ਆਪਣੇ ਘਰ ਲੈ ਜਾਂਦੀ। ਇਸੇ ਬਹਾਨੇ ਮਾਂ ਘਰ ਦਾ ਕੰਮ ਨਬੇੜ ਲੈਂਦੀ।

ਮੁਹੱਲੇ ਵਾਲੀਆਂ ਔਰਤਾਂ ਮਾਂ ਨੂੰ ਕਹਿੰਦੀਆਂ, ਲੜੀ ਵਾਲੀ ਸੱਤਿਆ ਨੂੰ, ਆਪਣੇ ਬੱਚੇ ਨੂੰ ਨਾ ਫੜਾਇਆ ਕਰ , ਇੱਕ ਦਿਨ ਮੁੰਡੇ ਤੋਂ ਹੱਥ ਧੋ ਬੈਠੇਂਗੀ। ਪਰ ਮਾਂ ਸੱਤਿਆ ਮਾਸੀ ਦਾ ਬਹੁਤ ਸਤਿਕਾਰ ਕਰਦੀ ਉਸ ਦੇ ਨਾਲ ਰੱਬ ਦੀ ਰਜ਼ਾ ਦੀ ਗੱਲ ਕਰਦੀ ਤੇ ਮਾਂ ਆਂਢਣਾ ਗੁਆਂਢਣਾਂ ਨੂੰ ਵੀ ਖ਼ਰੀਆਂ ਖੋਟੀਆਂ ਸੁਣਾਉਂਦੀ। ਮੈਂ ‌ਮਾਸੀ ਸੱਤਿਆ ਨਾਲ ਪੂਰਨ ਰੂਪ ਵਿਚ ਰਚ ਮਿਚ ਗਿਆ ਸੀ। ਮੇਰਾ ਸਵੇਰਾ ਦੁਪਹਿਰਾ ਮਾਸੀ ਘਰ ਬੀਤਦਾ। ਮੈਨੂੰ ਥੋੜ੍ਹਾ ਥੋੜ੍ਹਾ ਯਾਦ ਆਉਂਦਾ ਹੈ ਜਦੋਂ ਮਾਸੀ ਗਰਮ ਗਰਮ ਦੁੱਧ ਪਿਲਾਉਂਦੀ। ਮੈਂ ਮਾਸੀ ਘਰ ਰੱਖੀ ਹੋਈ ਭੂਰੇ ਰੰਗ ਦੀ ਕੁੱਤੀ ਨਾਲ ਖੇਡਦਾ। ਜਦੋਂ ਸਕੂਲੋਂ ਆਉਂਦਾ ਮਾਸੀ ਕੋਲ ਰੁਕ ਜਾਂਦਾ। ਫੇਰ ਜਦੋਂ ਵੱਡਾ ਹੋਇਆ ਮਾਸੀ ਨੂੰ ਮਿਲਦਾ ਰਿਹਾ ਤੇ ਜਦੋਂ ਮੈਂ ਇੱਕ ਦਿਨ ਬਠਿੰਡਾ ਨੌਕਰੀ ਤੇ ਆ ਗਿਆ ਮੈਨੂੰ ਪਤਾ ਲੱਗਿਆ ਮਾਸੀ ਇਸ ਜਹਾਨ ਤੋਂ ਚਲੀ ਗਈ। ਕੋਈ ਮੋਬਾਈਲ ਫੋਨ ਦਾ ਸਾਧਨ ਵੀ ਨਹੀਂ ਸੀ। ਜਦੋਂ ਮੈਂ ਮਹੀਨੇ ਦੀ ਅਖ਼ੀਰਲੀ ਛੁੱਟੀ ‘ਤੇ ਬੁਢਲਾਡੇ ਪਿੰਡ ਗਿਆ ਉਦੋਂ ਤੱਕ ਮਾਸੀ ਦਾ ਭੋਗ ਵੀ ਪੈ ਚੁੱਕਿਆ ਸੀ ਤੇ ਨਾ ਹੀ ਕਿਸੇ ਘਰ ਦੇ ਬੰਦੇ ਨੇ ਮੈਨੂੰ ਇਹ ਦੱਸਣ ਲਈ ਚਾਰਾਜੋਈ ਕੀਤੀ।

ਮੈਂ ਮਾਸੜ ਕੁੰਦਨ ਕੋਲ ਅਫਸੋਸ ਕਰਕੇ ਆ ਗਿਆ। ਬਹੁਤ ਦਿਨ ਮੇਰੇ ਮਨ ਨੂੰ ਉੱਬ੍ਹਲ ਚਿੱਤੀ ਲੱਗੀ ਰਹੀ। ਮੇਰੇ ਕੋਲ ਮਾਸੀ ਦੀ ਕੋਈ ਫੋਟੋ ਵੀ ਨਹੀਂ ਸੀ। ਬਹੁਤ ਫੋਟੋਆਂ ਚੋਂ ਸੱਤਿਆ ਮਾਸੀ ਦਾ ਅਕਸ ਤਲਾਸ਼ਦਾ ਪਰ ਉਸ ਵਰਗੀ ਸੂਰਤ ਸੀਰਤ ਵਾਲੀ ਕੋਈ ਫੋਟੋ ਨਾ ਮਿਲੀ। ਅਸਲ ਵਿਚ ਫੋਟੋਆਂ ਤੇ ਲਿਖਣਾ ਮੈਨੂੰ ਚੰਗਾ ਲਗਦਾ ਹੈ। ਪਿਛਲੇ ਦਿਨੀਂ ਮੈਨੂੰ ਜਦੋਂ ਬੁੱਧ ਸਿੰਘ ਨੀਲੋਂ ਦੀ ਕੰਧ ਤੋਂ ਇੱਕ ਫੋਟੋ ਮਿਲੀ ਤਾਂ ਮੈਨੂੰ ਲੱਗਿਆ ਇਹ ਤਾਂ ਸੱਤਿਆ ਮਾਸੀ ਵਰਗੀ ਫੋਟੋ ਹੈ ਹਾਲਾਂਕਿ ਇਹ ਮੇਰੇ ਦਿਲ ਨੂੰ ਤਸੱਲੀ ਮਾਤਰ ਸੀ ਪਰ ਮੈਂ ਉਸ ਫ਼ੋਟੋ ਨੂੰ ਆਧਾਰ ਬਣਾ ਕੇ ਸੱਤਿਆ ਮਾਸੀ ਨੂੰ ਯਾਦ ਕਰਨਾ ਚਾਹੁੰਦਾ ਸੀ। ਉਸ ਦੀ ਯਾਦ ਮਾਂ ਵਾਂਗ ਹੀ ਦਿਲ ਵਿਚ ਰਹੇਗੀ।

ਜਸਪਾਲ ਜੱਸੀ
9463321125

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿਸ਼ਤੇ
Next articleਸਰਕਾਰੀ ਸਕੂਲ ਬਨਾਮ ਸਿੱਖਿਆ