ਸਿਰਸਾ (ਸਤੀਸ਼ ਬਾਂਸਲ) (ਸਮਾਜ ਵੀਕਲੀ): ਡਾ. ਬੀ.ਆਰ.ਅੰਬੇਦਕਰ ਕੌਮ ਨੂੰ ਸਮਰਪਿਤ ਮਹਾਨ ਸ਼ਖਸੀਅਤ ਸਨ। ਉਹਨਾਂ ਨੇ ਜ਼ਿੰਦਗੀ ਵਿਚ ਅੱਗੇ ਵਧਣ ਲਈ ਤਿੰਨ ਮੰਤਰ ਦਿੱਤੇ ਸਨ- ਪੜ੍ਹੇ, ਸੰਘਰਸ਼ ਕਰੋ ਅਤੇ ਇਕਜੁੱਟ ਰਹੋ। ਇਹ ਮੰਤਰ ਅੱਜ ਵੀ ਸਮਾਜ ਦੇ ਹਰ ਵਰਗ ਲਈ ਪ੍ਰੇਰਨਾ ਸਰੋਤ ਹੈ ਅਤੇ ਸਮਾਜ ਨੂੰ ਇਸ ਵਿਚਾਰਧਾਰਾ ਦਾ ਪਾਲਣ ਕਰਨਾ ਚਾਹੀਦਾ ਹੈ, ਤਾਂ ਹੀ ਦੇਸ਼ ਵਿੱਚ ਏਕਤਾ ਹੋਵੇਗੀ ਅਤੇ ਦੇਸ਼ ਤਰੱਕੀ ਕਰੇਗਾ। ਇਹ ਗੱਲ ਇਨੈਲੋ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਭਾਗੀਰਾਮ ਨੇ ਅੱਜ ਸਿਰਸਾ ਦੇ ਅੰਬੇਡਕਰ ਚੌਕ ਵਿਖੇ ਬਾਬਾ ਸਾਹਿਬ ਅੰਬੇਡਕਰ ਦਾ 131 ਵੀਂ ਜੈਅੰਤੀ ‘ਤੇ ਉਨ੍ਹਾਂ ਨੂੰ ਨਮਨ ਕਰਦੇ ਹੋਏ ਕਹੀ । ਉਨ੍ਹਾਂ ਕਿਹਾ ਕਿ ਅੰਬੇਡਕਰ ਨੇ ਸਮਾਜ ਦੇ ਦੱਬੇ ਕੁਚਲੇ ਅਤੇ ਦਲਿਤ ਹਿੱਤਾਂ ਲਈ ਕੰਮ ਕੀਤਾ, ਜਿਸ ਦੀ ਬਦੌਲਤ ਅੱਜ ਸਮਾਜ ਵਿੱਚ ਦਲਿਤ ਸਮਾਜ ਦੇ ਲੋਕ ਸਿਰ ਉੱਚਾ ਕਰਕੇ ਜੀਅ ਰਹੇ ਹਨ।
ਇਨੈਲੋ ਦੇ ਜ਼ਿਲ੍ਹਾ ਪ੍ਰਧਾਨ ਕਸ਼ਮੀਰ ਸਿੰਘ ਕਰੀਵਾਲਾ ਨੇ ਵੀ ਅੰਬੇਡਕਰ ਦੀ ਮੂਰਤੀ ‘ਤੇ ਫੁੱਲ ਮਾਲਾਵਾਂ ਭੇਟ ਕੀਤੀਆਂ ਅਤੇ ਕਿਹਾ ਕਿ ਡਾ. ਅੰਬੇਡਕਰ ਨੇ ਸੰਵਿਧਾਨ ਬਣਾ ਕੇ ਸਮਾਜ ਨੂੰ ਏਕਤਾ ਦੇ ਧਾਗੇ ਵਿੱਚ ਬੰਨ੍ਹਿਆ ਅਤੇ ਕਾਨੂੰਨ ਦੀ ਸਥਾਪਨਾ ਕੀਤੀ| ਊਚ-ਨੀਚ ਦੇ ਵਿਤਕਰੇ ਨੂੰ ਮਿਟਾ ਕੇ ਸਮਾਜ ਨੂੰ ਇੱਕ ਮੰਚ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਅਤੇ ਵਿਤਕਰੇ ਵਿਰੁੱਧ ਸੰਘਰਸ਼ ਕੀਤਾ । ਬਾਬਾ ਸਾਹਿਬ ਜਾਤ ਪਾਤ ਵਿਰੁੱਧ ਲੜੇ । ਉਹਨਾਂ ਦੇਸ਼ ਦੇ ਵਿਕਾਸ ਲਈ ਭਾਰਤ ਦੇ ਸਭ ਤੋਂ ਵੱਡੇ ਖੇਤੀਬਾੜੀ ਉਦਯੋਗ ਨੂੰ ਲਾਭਦਾਇਕ ਬਣਾਉਣ ਲਈ ਉਸ ਸਮੇਂ ਦੀਆਂ ਸਰਕਾਰਾਂ ਨੂੰ ਨਹਿਰਾਂ ਨੂੰ ਜੋੜਨ ਅਤੇ ਡੈਮਾਂ ਨੂੰ ਬਣਾਉਣ ਲਈ ਪ੍ਰੇਰਿਤ ਕੀਤਾ। ਅੱਜ ਉਨ੍ਹਾਂ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਲੋੜ ਹੈ। ਇਸ ਮੌਕੇ ਇਨੈਲੋ ਦੇ ਸੂਬਾ ਕਾਰਜਕਾਰਨੀ ਮੈਂਬਰ ਜਸਬੀਰ ਸਿੰਘ ਜੱਸਾ, ਸਰਪੰਚ ਗੁਰਵਿੰਦਰ ਸਿੰਘ ਗਿੱਲ, ਇਨੈਲੋ ਦੇ ਜ਼ਿਲ੍ਹਾ ਪ੍ਰੈਸ ਬੁਲਾਰੇ ਮਹਾਂਵੀਰ ਸ਼ਰਮਾ, ਪ੍ਰਦੀਪ ਮਹਿਤਾ ਐਡਵੋਕੇਟ, ਆੜ੍ਹਤੀਆ ਐਸੋਸੀਏਸ਼ਨ ਸਿਰਸਾ ਦੇ ਪ੍ਰਧਾਨ ਮਨੋਹਰ ਮਹਿਤਾ, ਬਾਰ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਰਮੇਸ਼ ਮਹਿਤਾ ਐਡਵੋਕੇਟ, ਜੋਗਿੰਦਰ ਸਿੰਘ ਤੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly