ਜਗਰਾਉਂ (ਸਮਾਜ ਵੀਕਲੀ): ਅਨੁਸੂਚਿਤ ਪਰਿਵਾਰ ਦੀ ਕੁਲਵੰਤ ਕੌਰ ਰਸੂਲਪੁਰ ਦੀ ਚਾਰ ਮਹੀਨੇ ਪਹਿਲਾਂ ਮੌਤ ਤੋਂ ਬਾਅਦ ਡੀਐੱਸਪੀ ਸਮੇਤ ਚਾਰ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਹੋਣ ਤੋਂ ਬਾਅਦ ਗ੍ਰਿਫ਼ਤਾਰੀਆਂ ਨਾ ਹੋਣ ਦਾ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਦੇ ਦਰਬਾਰ ’ਚ ਪਹੁੰਚ ਜਾਣ ਦੇ ਬਾਵਜੂਦ ਥਾਣਾ ਸਿਟੀ ਮੂਹਰੇ ਧਰਨਾ ਅੱਜ ਵਿਸਾਖੀ ਵਾਲੇ ਦਿਨ ਵੀ ਜਾਰੀ ਰਿਹਾ। ਯਾਦ ਰਹੇ ਕਿ ਡੇਢ ਦਹਾਕਾ ਪਹਿਲਾਂ ਕਥਿਤ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਣ ਮਗਰੋਂ ਮੰਜੇ ਨਾਲ ਲੱਗ ਜਾਣ ਵਾਲੀ ਲੜਕੀ ਦੀ ਚਾਰ ਕੁ ਮਹੀਨੇ ਪਹਿਲਾਂ ਮੌਤ ਹੋ ਗਈ ਸੀ। ਜਨਤਕ ਜਥੇਬੰਦੀਆਂ ਪਹਿਲਾਂ ਤਾਂ ਡੇਢ ਦਹਾਕੇ ਦੀ ਦੇਰੀ ਨਾਲ ਮਾਮਲਾ ਦਰਜ ਕਰਨ ਤੋਂ ਖਫ਼ਾ ਹਨ ਤੇ ਉਸ ਤੋਂ ਬਾਅਦ ਪਰਚਾ ਦਰਜ ਕਰ ਲਏ ਜਾਣ ਦੇ ਬਾਵਜੂਦ ਗ੍ਰਿਫ਼ਤਾਰੀਆਂ ਨਾ ਹੋਣ ਦੇ ਰੋਸ ਵਜੋਂ 23 ਦਿਨ ਤੋਂ ਧਰਨੇ ’ਤੇ ਹਨ।
ਲੜਕੀ ਦੀ 75 ਸਾਲਾ ਮਾਤਾ ਸੁਰਿੰਦਰ ਕੌਰ ਨੇ ਧਰਨੇ ਵਾਲੀ ਥਾਂ ’ਤੇ ਹੀ ਭੁੱਖ ਹੜਤਾਲ ਸ਼ੁਰੂ ਕੀਤੀ ਹੋਈ ਹੈ ਜੋ ਅੱਜ 16ਵੇਂ ਦਿਨ ਵੀ ਜਾਰੀ ਰਹੀ। ਬੀਤੇ ਕੱਲ੍ਹ ਹਲਕਾ ਵਿਧਾਇਕ ਸਰਵਜੀਤ ਕੌਰ ਮਾਣੂੰਕੇ ਨੇ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਸੀ ਅਤੇ ਕਾਰਵਾਈ ਦੀ ਮੰਗ ਵੀ ਕੀਤੀ ਸੀ। ਉਨ੍ਹਾਂ ਭੁੱਖ ਹੜਤਾਲ ’ਤੇ ਬੈਠੀ ਸੁਰਿੰਦਰ ਕੌਰ ਵੱਲੋਂ ਮੁੱਖ ਮੰਤਰੀ ਦੇ ਨਾਂ ਖ਼ੂਨ ਨਾਲ ਲਿਖੀ ਚਿੱਠੀ ਵੀ ਭਗਵੰਤ ਮਾਨ ਨੂੰ ਸੌਂਪੀ ਸੀ। ਬੁਲਾਰਿਆਂ ਨੇ ਕਿਹਾ ਕਿ ਉਨ੍ਹਾਂ ਨਵੇਂ ਆਏ ਜ਼ਿਲ੍ਹਾ ਪੁਲੀਸ ਮੁਖੀ ਦੀਪਕ ਹਿਲੋਰੀ ਤੋਂ ਵੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ। ਦੇਰ ਸ਼ਾਮ ਧਰਨੇ ਵਾਲੀ ਥਾਂ ਐੱਸਪੀ (ਐੱਚ) ਪ੍ਰਿਥੀਪਾਲ ਸਿੰਘ ਹੋਰ ਪੁਲੀਸ ਅਧਿਕਾਰੀਆਂ ਸਮੇਤ ਪਹੁੰਚੇ। ਉਨ੍ਹਾਂ ਭੁੱਖ ਹੜਤਾਲ ਖ਼ਤਮ ਕਰਨ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly