ਗੁਰੂਸਰ ਸੁਧਾਰ (ਸਮਾਜ ਵੀਕਲੀ): ਇੱਥੋਂ 10 ਕਿੱਲੋਮੀਟਰ ਦੂਰ ਪਿੰਡ ਹੇਰਾਂ ਵਿੱਚ ਅੱਜ ਬਾਅਦ ਦੁਪਹਿਰ ਕਰੀਬ 3 ਵਜੇ ਤੇਜ਼ ਹਨੇਰੀ ਕਾਰਨ ਡਿੱਗੇ ਟਰਾਂਸਫ਼ਾਰਮਰ ਤੋਂ ਨਿਕਲੇ ਚੰਗਿਆੜੇ ਭਾਂਬੜ ਬਣਨ ਨੂੰ ਦੇਰ ਨਾ ਲੱਗੀ ਅਤੇ ਪਿੰਡ ਛੱਜਾਵਾਲ ਵਾਲੇ ਪਾਸੇ ਤੋਂ ਸ਼ੁਰੂ ਹੋਈ ਅੱਗ ਨੇ ਪਿੰਡ ਹੇਰਾਂ ਵੱਲ ਨੂੰ ਵਧਣਾ ਸ਼ੁਰੂ ਕੀਤਾ ਅਤੇ ਦੇਖਦਿਆਂ ਹੀ ਕਰੀਬ 350 ਏਕੜ ਕਣਕ ਦੀ ਖੜ੍ਹੀ ਫ਼ਸਲ ਨੂੰ ਤਬਾਹ ਕਰ ਦਿੱਤਾ। ਐੱਸਡੀਐੱਮ ਰਾਏਕੋਟ ਗੁਰਬੀਰ ਸਿੰਘ ਕੋਹਲੀ ਅਨੁਸਾਰ ਨੁਕਸਾਨੀ ਫ਼ਸਲ ਦਾ ਜਾਇਜ਼ਾ ਲੈਣ ਲਈ ਮਾਲ ਵਿਭਾਗ ਦੀਆਂ ਟੀਮਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ, ਉਨ੍ਹਾਂ ਦੱਸਿਆ ਕਿ ਅੱਗ ’ਤੇ ਕਾਬੂ ਪਾਉਣ ਲਈ ਜਗਰਾਉਂ, ਮੋਗਾ, ਲੁਧਿਆਣਾ, ਹਲਵਾਰਾ ਅਤੇ ਰਾਏਕੋਟ ਦੇ ਅੱਗ ਬੁਝਾਊ ਦਸਤੇ ਮੌਕੇ ’ਤੇ ਪਹੁੰਚੇ, ਦੋ ਘੰਟੇ ਤੋਂ ਵੀ ਵਧੇਰੇ ਸਮੇਂ ਵਿਚ ਅੱਗ ’ਤੇ ਕਾਬੂ ਪਾਇਆ ਜਾ ਸਕਿਆ ਹੈ।
ਮੌਕੇ ’ਤੇ ਮੌਜੂਦ ਲੋਕਾਂ ਅਨੁਸਾਰ ਤੇਜ਼ ਹਨੇਰੀ ਕਾਰਨ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਕਿਸੇ ਨੂੰ ਸਮਝ ਹੀ ਨਹੀਂ ਆਈ। ਪਰ ਇਲਾਕੇ ਦੇ ਕਿਸਾਨ ਵੱਡੀ ਗਿਣਤੀ ਆਪਣੇ ਟਰੈਕਟਰ ਅਤੇ ਪਾਣੀ ਵਾਲੀਆਂ ਟੈਂਕੀਆਂ ਲੈ ਕੇ ਪੁੱਜੇ ਅਤੇ ਉਨ੍ਹਾਂ ਸਖ਼ਤ ਮੁਸ਼ੱਕਤ ਨਾਲ ਅੱਗ ’ਤੇ ਕਰੀਬ ਢਾਈ ਘੰਟਿਆਂ ਵਿੱਚ ਕਾਬੂ ਪਾਇਆ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਨੇੜਲੇ 5 ਸਟੇਸ਼ਨਾਂ ਤੋਂ ਅੱਗ ਬੁਝਾਊ ਦਸਤੇ ਸਹਾਇਤਾ ਲਈ ਪਹੁੰਚੇ ਪਰ ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੁਝ ਗੱਡੀਆਂ ਤਾਂ ਬਿਨਾਂ ਪਾਣੀ ਹੀ ਮੌਕੇ ’ਤੇ ਆਈਆਂ ਅਤੇ ਕਈ ਗੱਡੀਆਂ ਅੱਗ ਬੁੱਝਣ ਤੋਂ ਬਾਅਦ ਪਹੁੰਚੀਆਂ। ਸਰਪੰਚ ਪ੍ਰੀਤਮ ਸਿੰਘ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ 15 ਏਕੜ ਖੜ੍ਹੀ ਕਣਕ ਅੱਗ ਦੀ ਲਪੇਟ ਵਿੱਚ ਆਈ ਹੈ ਜਦਕਿ ਦਰਜਨਾਂ ਕਿਸਾਨਾਂ ਦੀ ਢਾਈ ਤੋਂ ਦਸ ਏਕੜ ਤੱਕ ਫ਼ਸਲ ਨੁਕਸਾਨੀ ਗਈ ਹੈ।
ਉਧਰ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਵੀ ਦੇਰ ਸ਼ਾਮ ਘਟਨਾ ਸਥਾਨ ਲਈ ਰਵਾਨਾ ਹੋਏ ਅਤੇ ਉਨ੍ਹਾਂ ਕਿਹਾ ਕਿ ਪ੍ਰਭਾਵਿਤ ਕਿਸਾਨਾਂ ਦੀ ਮੱਦਦ ਲਈ ਉਹ ਹਰ ਸੰਭਵ ਯਤਨ ਕਰਨਗੇ। ਉਧਰ ਲੁਧਿਆਣਾ ਬਠਿੰਡਾ ਰਾਜ ਮਾਰਗ ਉਪਰ ਰਾਏਕੋਟ ਦੇ ਸਤਸੰਗ ਭਵਨ ਨੇੜੇ ਕਿਸਾਨ ਪਿੰਦਰ ਗਰੇਵਾਲ ਦੀ 12 ਏਕੜ ਖੜ੍ਹੀ ਕਣਕ ਅਤੇ ਕੁਝ ਹੋਰ ਕਿਸਾਨਾਂ ਦੀ 11 ਏਕੜ ਨਾੜ ਵੀ ਅੱਗ ਦੀ ਲਪੇਟ ਵਿੱਚ ਆਉਣ ਦੀ ਜਾਣਕਾਰੀ ਮਿਲੀ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly