ਜਲੰਧਰ (ਸਮਾਜ ਵੀਕਲੀ): ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਮਾਮਲੇ ਨੂੰ ਪੂਰੀ ਤਰ੍ਹਾਂ ਚੁੱਪ-ਚੁਪੀਤੇ ਰੱਖਦਿਆਂ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਅਧਿਕਾਰੀਆਂ ਨੇ ਬੀਤੇ ਦਿਨ ਜਲੰਧਰ ਸਥਿਤ ਜ਼ੋਨਲ ਦਫ਼ਤਰ ਵਿੱਚ ਉਨ੍ਹਾਂ ਤੋਂ ਕਰੀਬ ਸਾਢੇ ਚਾਰ ਘੰਟੇ ਪੁੱਛ-ਪੜਤਾਲ ਕੀਤੀ। ਚਰਨਜੀਤ ਚੰਨੀ ਪੰਜਾਬ ਦੇ ਪਹਿਲੇ ਸਾਬਕਾ ਮੁੱਖ ਮੰਤਰੀ ਹਨ ਜਿਨ੍ਹਾਂ ਨੂੰ ਈਡੀ ਨੇ ਸੰਮਨ ਭੇਜ ਕੇ ਤਲਬ ਕੀਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਈਡੀ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਪਹਿਲਾਂ ਵੀ ਕਈ ਵਾਰ ਸੰਮਨ ਭੇਜੇ ਸਨ ਪਰ ਉਹ ਪੇਸ਼ ਨਹੀਂ ਹੋਏ ਸਨ ਪਰ ਕੱਲ੍ਹ ਉਹ ਚੁਪ-ਚੁਪੀਤੇ ਹੀ ਈਡੀ ਕੋਲ ਪੇਸ਼ ਹੋ ਗਏ। ਉਨ੍ਹਾਂ ਦੇ ਭਾਣਜੇ ਭੁਪਿੰਦਰ ਸਿੰਘ ਹਨੀ ਵਿਰੁੱਧ ਦਾਇਰ ਕੀਤੀ ਗਈ ਚਾਰਜਸ਼ੀਟ ਤੋਂ ਬਾਅਦ ਹੀ ਈਡੀ ਨੇ ਇਹ ਸੰਮਨ ਭੇਜੇ ਸਨ।
ਦਿਲਚਸਪ ਗੱਲ ਇਹ ਰਹੀ ਕਿ ਚੰਨੀ ਨੇ ਆਪ ਹੀ ਟਵੀਟ ਕਰਕੇ ਈਡੀ ਅੱਗੇ ਪੇਸ਼ ਹੋਣ ਦੀ ਗੱਲ ਕਬੂਲ ਕੀਤੀ ਹੈ ਜਦਕਿ ਮੀਡੀਆ ਨੂੰ ਉਨ੍ਹਾਂ ਦੀ ਪੇਸ਼ੀ ਬਾਰੇ ਭਿਣਕ ਨਹੀਂ ਪਈ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੁੱਧਵਾਰ ਸਵੇਰੇ ਸਾਢੇ 11 ਵਜੇ ਆਪਣੇ ਸੁਰੱਖਿਆ ਮੁਲਜ਼ਮਾਂ ਤੋਂ ਬਿਨਾਂ ਹੀ ਈਡੀ ਦਫ਼ਤਰ ਪਹੁੰਚੇ। ਚੰਨੀ ਦੀ ਗੱਡੀ ਦੇ ਡਰਾਈਵਰ ਨੇ ਈਡੀ ਦਫਤਰ ਤੋਂ ਦੂਰ ਹੀ ਖੜ੍ਹੀ ਕੀਤੀ ਸੀ। ਈਡੀ ਦੇ ਸਹਾਇਕ ਡਾਇਰੈਕਟਰ ਈਡੀ ਰਿਤੇਸ਼ ਸ੍ਰੀਵਾਸਤਵ ਵੱਲੋਂ ਸਾਬਕਾ ਮੁੱਖ ਮੰਤਰੀ ਕੋਲੋਂ ਪੁੱਛ-ਪੜਤਾਲ ਕੀਤੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੰਨੀ ਨੇ ਜਾਂਚ ਅਧਿਕਾਰੀ ਕੋਲ ਆਪਣੇ ਬੈਂਕ ਖਾਤਿਆਂ ਦੇ ਵੇਰਵੇ, ਆਈਟੀ ਰਿਟਰਨ ਅਤੇ ਹੋਰ ਜਾਇਦਾਦ ਦੇ ਦਸਤਾਵੇਜ਼ ਪੇਸ਼ ਕੀਤੇ ਹਨ। ਖਣਨ ਕਾਰੋਬਾਰ ਅਤੇ ਬਦਲੀਆਂ ਦੇ ਸਬੰਧ ਵਿੱਚ ਇੱਕ ਪ੍ਰਸ਼ਨਾਵਲੀ ਤਿਆਰ ਕੀਤੀ ਗਈ ਸੀ ਜਿਸ ਮੁਤਾਬਕ ਸਾਬਕਾ ਮੁੱਖ ਮੰਤਰੀ ਚੰਨੀ ਤੋਂ ਪੁੱਛ-ਪੜਤਾਲ ਹੁੰਦੀ ਰਹੀ। ਸਾਬਕਾ ਮੁੱਖ ਮੰਤਰੀ ਸ਼ਾਮ 4 ਵਜੇ ਦੇ ਕਰੀਬ ਈਡੀ ਦਫ਼ਤਰ ਤੋਂ ਚਲੇ ਗਏ। ਪਤਾ ਲੱਗਾ ਹੈ ਕਿ ਚੰਨੀ ਨੇ ਪਹਿਲਾਂ ਹੀ ਤਿਆਰ ਕੀਤਾ ਲਿਖਤੀ ਬਿਆਨ ਈਡੀ ਅਧਿਕਾਰੀਆਂ ਨੂੰ ਸੌਂਪਿਆ ਹੈ। ਸੂਤਰਾਂ ਅਨੁਸਾਰ ਈਡੀ ਨੇ ਹੁਣ ਚੰਨੀ ਤੋਂ ਹਨੀ ਨਾਲ ਸਬੰਧਾਂ ਬਾਰੇ ਅਤੇ ਕੁਝ ਵਿਸ਼ੇਸ਼ ਮੁਲਾਕਾਤਾਂ ਬਾਰੇ ਪੁੱਛ ਪੜਤਾਲ ਕੀਤੀ ਹੈ। ਇਸ ਸਬੰਧੀ ਚੰਨੀ ਨੇ ਆਪਣੇ ਟਵੀਟ ਵਿੱਚ ਲਿਖਿਆ, “ਮੈਨੂੰ ਈਡੀ ਨੇ ਕੱਲ੍ਹ ਮਾਈਨਿੰਗ ਮਾਮਲੇ ਨੂੰ ਲੈ ਕੇ ਸੰਮਨ ਭੇਜਿਆ ਸੀ। ਮੈਂ ਹਾਜ਼ਰੀ ਭਰੀ ਅਤੇ ਉਨ੍ਹਾਂ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਆਪਣੀ ਉੱਤਮ ਜਾਣਕਾਰੀ ਅਨੁਸਾਰ ਦਿੱਤੇ।’’
ਮਾਫ਼ੀਆ ਨੇ ਪੰਜਾਬ ਤਬਾਹ ਕੀਤਾ: ਸਿੱਧੂ
ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਅੱਜ ਟਵੀਟ ਕਰਕੇ ਅਸਿੱਧੇ ਤਰੀਕੇ ਨਾਲ ਸਾਬਕਾ ਮੁੱਖ ਮੰਤਰੀ ਚੰਨੀ ’ਤੇ ਹੱਲਾ ਬੋਲਿਆ ਹੈ। ਨਵਜੋਤ ਸਿੱਧੂ ਨੇ ਕਿਹਾ ਹੈ ਕਿ ਉਨ੍ਹਾਂ ਦੀ ਲੜਾਈ ਪੰਜਾਬ ਲਈ ਸੀ ਨਾ ਕਿ ਰੇਤ ਲਈ। ਉਨ੍ਹਾਂ ਕਿਹਾ ਕਿ ਜ਼ਮੀਨ, ਰੇਤ ਅਤੇ ਸ਼ਰਾਬ ਮਾਫ਼ੀਆ ਚਲਾਉਣ ਵਾਲਿਆਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਸਰਕਾਰੀ ਖ਼ਜ਼ਾਨੇ ਨੂੰ ਲੁੱਟ ਕੇ ਪੰਜਾਬ ਨੂੰ ਤਬਾਹ ਕਰ ਦਿੱਤਾ ਹੈ। ਉਹ ਆਪਣੀ ਲੜਾਈ ਜਾਰੀ ਰੱਖਣਗੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly