ਜਿੰਨਾ ਤੇਲ ਅਸੀਂ ਰੂਸ ਤੋਂ ਮਹੀਨੇ ’ਚ ਖਰੀਦਦੇ ਹਾਂ, ਯੂਰੋਪ ਇਕ ਦੁਪਹਿਰ ਨੂੰ ਖਰੀਦ ਲੈਂਦੈ: ਜੈਸ਼ੰਕਰ

ਵਾਸ਼ਿੰਗਟਨ (ਸਮਾਜ ਵੀਕਲੀ):  ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਅੱਜ ਕਿਹਾ ਕਿ ਭਾਰਤ ਇਕ ਮਹੀਨੇ ਵਿੱਚ ਜਿੰਨਾ ਤੇਲ ਰੂਸ ਤੋਂ ਖਰੀਦਦਾ ਹੈ, ਓਨਾ ਤਾਂ ਯੂਰੋਪ ਇਕ ਦੁਪਹਿਰ ਵਿੱਚ ਖਰੀਦ ਲੈਂਦਾ ਹੈ। ਭਾਰਤ ਵੱਲੋਂ ਰੂਸ ਤੋਂ ਖਰੀਦ ਕੀਤੇ ਤੇੇਲ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਜੈਸ਼ੰਕਰ ਨੇ ਕਿਹਾ, ‘‘ਜੇਕਰ ਤੁਸੀਂ ਰੂਸ ਤੋਂ ਖਰੀਦ ਕੀਤੀ ਜਾਂਦੀ ਊਰਜਾ ਨੂੰ ਵੇਖੋ ਤਾਂ ਮੈਂ ਤੁਹਾਨੂੰ ਸੁਝਾਅ ਦੇਵਾਂਗੇ ਕਿ ਤੁਹਾਡਾ ਧਿਆਨ ਯੂਰੋਪ ਵੱਲ ਹੋਣਾ ਚਾਹੀਦਾ ਹੈ। ਅਸੀਂ ਕੁਝ ਊਰਜਾ ਖਰੀਦਦੇ ਹਾਂ, ਜਿਹੜੀ ਕਿ ਸਾਡੀ ਊਰਜਾ ਸੁਰੱਖਿਆ ਲਈ ਲੋੜੀਂਦੀ ਹੈ। ਪਰ ਜਦੋਂ ਮੈਂ ਅੰਕੜਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹਾਂ, ਤਾਂ ਪਤਾ ਲੱਗਦਾ ਹੈ ਕਿ ਸਾਡੀ ਮਾਸਿਕ ਕੁੱਲ ਖਰੀਦ ਯੂਰੋਪ ਵੱਲੋਂ ਇਕ ਦੁਪਹਿਰ ਨੂੰ ਕੀਤੀ ਜਾਂਦੀ ਖਰੀਦ ਤੋਂ ਘੱਟ ਹੈ।’’

ਜੈਸ਼ੰਕਰ ਇਥੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਆਪਣੇ ਅਮਰੀਕੀ ਹਮਰੁਤਬਾਵਾਂ ਐਂਟਨੀ ਬਲਿੰਕਨ ਤੇ ਰੱਖਿਆ ਮੰਤਰੀ ਲੌਇਡ ਆਸਟਿਨ ਨਾਲ 2+2 ਮੰਤਰੀ ਪੱਧਰ ਦੀ ਮੀਟਿੰਗ ਮਗਰੋਂ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਜੈਸ਼ੰਕਰ ਨੇ ਰੂਸ-ਯੂਕਰੇਨ ਜੰਗ ਬਾਰੇ ਕਿਹਾ ਕਿ ਉਹ ਸੰਘਰਸ਼ ਦੇ ਖ਼ਿਲਾਫ਼ ਹਨ। ਉਹ ਗੱਲਬਾਤ ਤੇ ਕੂਟਨੀਤੀ ਦੇ ਹੱਕ ਵਿੱਚ ਹਨ। ਉਨ੍ਹਾਂ ਕਿਹਾ ਕਿ ਉਹ ਹਿੰਸਾ ਨੂੰ ਤੁਰੰਤ ਖਤਮ ਕਰਨ ਦੇ ਪੱਖ ਵਿੱਚ ਹਨ ਤੇ ਇਸ ਲਈ ਉਹ ਕਿਸੇ ਵੀ ਤਰ੍ਹਾਂ ਦਾ ਯੋਗਦਾਨ ਦੇਣ ਲਈ ਤਿਆਰ ਹਨ। ਇਸੇ ਦੌਰਾਨ ਰੱਖਿਆ ਮੰਤਰੀ ਨੇ ਕਿਹਾ ਕਿ ਭਾਰਤ-ਅਮਰੀਕਾ ਜਿਹੇ ਮਜ਼ਬੂਤ ਸਬੰਧ ਸਾਂਝੇ ਹਿੱਤਾਂ ਤੇ ਕਦਰਾਂ-ਕੀਮਤਾਂ ਨਾਲ ਅਤੇ ਇਨ੍ਹਾਂ ਨੂੰ ਉਤਸ਼ਾਹਿਤ ਕਰਨ ਨਾਲ ਬਣਦੇ ਹਨ। ਉਨ੍ਹਾਂ ਕਿਹਾ ਕਿ ਬਦਲਦੀ ਦੁਨੀਆ ’ਚ ਦੋਵੇਂ ਮੁਲਕਾਂ ਦੇ ਸਬੰਧ ਨਾ ਸਿਰਫ਼ ਅੱਗੇ ਵਧੇ ਹਨ ਬਲਕਿ ਅਸਲ ਵਿੱਚ ਵਿਸ਼ਵ ਸ਼ਾਂਤੀ ’ਚ ਮਹੱਤਵਪੂਰ ਯੋਗਦਾਨ ਪਾਉਣ ਵਜੋਂ ਵੀ ਉੱਭਰੇ ਹਨ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸਾਖੀ ਮਨਾਉਣ ਲਈ 1949 ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਰਵਾਨਾ
Next articleਅਮਰੀਕਾ ਦੇ ਰੇਲਵੇ ਸਬਵੇਅ ’ਤੇ ਗੋਲੀਬਾਰੀ; 16 ਜ਼ਖ਼ਮੀ