ਵਾਸ਼ਿੰਗਟਨ (ਸਮਾਜ ਵੀਕਲੀ): ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੁਲਕ ਭਾਰਤ ਵਿੱਚ ਹਾਲ ਹੀ ਵਿੱਚ ‘ਵਾਪਰੀਆਂ ਘਟਨਾਵਾਂ’ ਸਣੇ ਮਨੁੱਖੀ ਅਧਿਕਾਰਾਂ ਦੀਆਂ ਵਧ ਰਹੀਆਂ ਉਲੰਘਣਾਵਾਂ ਉੱਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਜ਼ੋਰ ਦੇ ਆਖਿਆ ਕਿ ਅਮਰੀਕਾ ਆਪਣੇ ਭਾਰਤੀ ਭਾਈਵਾਲਾਂ, ਜਿਨ੍ਹਾਂ ਨਾਲ ਉਹ ਜਮਹੂਰੀ ਕਦਰਾਂ ਕੀਮਤਾਂ ਸਾਂਝੀਆਂ ਕਰਦਾ ਹੈ, ਨਾਲ ਨਿਯਮਤ ਸੰਵਾਦ ਰਚਾਉਂਦਾ ਹੈ। ਬਲਿੰਕਨ ਨੇ ਇਹ ਟਿੱਪਣੀਆਂ ਰੱਖਿਆ ਮੰਤਰੀ ਲੌਇਡ ਅਸਟਿਨ ਅਤੇ ਭਾਰਤ ਦੇ ਆਪਣੇ ਹਮਰੁਤਬਾਵਾਂ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੰਤਰੀ ਪੱਧਰ ਦੀ ‘2+2’ ਵਾਰਤਾ ਮਗਰੋਂ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤੀਆਂ।
ਬਲਿੰਕਨ ਨੇ ਸ਼ੁਰੂਆਤੀ ਟਿੱਪਣੀਆਂ ਵਿੱਚ ਕਿਹਾ, ‘‘ਅਸੀਂ ਭਾਰਤ ਵਿੱਚ ਵਾਪਰੀਆਂ ਹਾਲੀਆ ਘਟਨਾਵਾਂ ’ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ, ਜਿਨ੍ਹਾਂ ਵਿੱਚ ਕੁਝ ਸਰਕਾਰੀ, ਪੁਲੀਸ ਤੇ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀਆਂ ਮਨੁੱਖੀ ਹੱਕਾਂ ਦੀਆਂ ਉਲੰਘਣਾਵਾਂ ਵੀ ਸ਼ਾਮਲ ਹਨ।’’ ਅਮਰੀਕੀ ਵਿਦੇਸ਼ ਮੰਤਰੀ ਨੇ ਹਾਲਾਂਕਿ ਇਨ੍ਹਾਂ (ਘਟਨਾਵਾਂ) ਬਾਰੇ ਬਹੁਤੀ ਤਫ਼ਸੀਲ ਦੇਣ ਤੋਂ ਨਾਂਹ ਕਰ ਦਿੱਤੀ। ਬਲਿੰਕਨ ਨੇ ਕਿਹਾ, ‘‘ਅਸੀਂ ਮਨੁੱਖੀ ਹੱਕਾਂ ਦੀ ਸੁਰੱਖਿਆ ਸਣੇ ਹੋਰ ਕਈ ਜਮਹੂਰੀ ਕਦਰਾਂ ਕੀਮਤਾਂ ਸਾਂਝੀਆਂ ਕਰਦੇ ਹਾਂ। ਇਨ੍ਹਾਂ ਕਦਰਾਂ ਕੀਮਤਾਂ ਨੂੰ ਲੈ ਕੇ ਅਸੀਂ ਇਕ ਦੂਜੇ ਨਾਲ ਨਿਯਮਤ ਸੰਵਾਦ ਰਚਾਉਂਦੇ ਹਾਂ।’’ ਦੱਸ ਦੇਈੲੇ ਕਿ ਮੁਲਕ ਵਿੱਚ ਮਨੁੱਖੀ ਹੱਕਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਲੈ ਕੇ ਵਿਦੇਸ਼ੀ ਸਰਕਾਰਾਂ ਤੇ ਮਨੁੱਖੀ ਅਧਿਕਾਰ ਸੰਗਠਨਾਂ ਵੱਲੋਂ ਕੀਤੀ ਨੁਕਤਾਚੀਨੀ ਨੂੰ ਭਾਰਤ ਨੇ ਪਹਿਲਾਂ ਵੀ ਖਾਰਜ ਕੀਤਾ ਹੈ। ਭਾਰਤ ਸਰਕਾਰ ਜ਼ੋਰ ਦੇ ਕੇ ਆਖਦੀ ਹੈ ਕਿ ਦੇਸ਼ ਵਿੱਚ ਮਨੁੱਖੀ ਹੱਕਾਂ ਦੀ ਰਾਖੀ ਲਈ ਮਜ਼ਬੂਤ ਤੇ ਸਥਾਪਤ ਪ੍ਰਬੰਧ ਹੈ ਅਤੇ ਭਾਰਤੀ ਸੰਵਿਧਾਨ ਵਿੱਚ ਵੀ ਵੱਖ ਵੱਖ ਕਾਨੂੰਨਾਂ ਤਹਿਤ ਲੋੜੀਂਦੀਆਂ ਵਿਵਸਥਾਵਾਂ ਮੌਜੂਦ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly