ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਵਿੱਚ ਵਿਰੋਧੀ ਧਿਰ ਦੀ ਆਗੂ ਮਰੀਅਮ ਨਵਾਜ਼ ਨੇ ਭਾਰਤ ਦੀ ਤਾਰੀਫ ਕਰਨ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜੇਕਰ ਉਹ ਗੁਆਂਢੀ ਮੁਲਕ ਨੂੰ ਇੰਨਾ ਜ਼ਿਆਦਾ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਉੱਥੇ ਹੀ ਚਲੇ ਜਾਣਾ ਚਾਹੀਦਾ ਹੈ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਮੀਤ ਪ੍ਰਧਾਨ ਮਰੀਅਮ ਨੇ ਇਹ ਵੀ ਕਿਹਾ ਕਿ ਖਾਨ ਨੂੰ ਭਾਰਤ ਦੀ ਇਹ ਮਿਸਾਲ ਵੀ ਦੇਣੀ ਚਾਹੀਦੀ ਹੈ ਕਿ ਉੱਥੇ ਕਿਸੇ ਵੀ ਪ੍ਰਧਾਨ ਮੰਤਰੀ ਨੇ ਬੇਭਰੋਸਗੀ ਮਤੇ ਦਾ ਸਾਹਮਣਾ ਕਰਦਿਆਂ ਸੰਵਿਧਾਨ ਦੀ ਉਲੰਘਣਾ ਨਹੀਂ ਕੀਤੀ।
ਇਮਰਾਨ ਦੀਆਂ ਭਾਰਤ ਬਾਰੇ ਟਿੱਪਣੀਆਂ ਦਾ ਜਵਾਬ ਦਿੰਦਿਆਂ ਮਰੀਅਮ ਨੇ ਕਿਹਾ ਕਿ ਖਾਨ ਦਾ ਦਿਮਾਗ ਖਰਾਬ ਹੋ ਗਿਆ ਹੈ। ਉਨ੍ਹਾਂ ਟਵੀਟ ਕੀਤਾ, ‘ਇਮਰਾਨ ਭਾਰਤ ਦੀ ਤਾਰੀਫ਼ ਕਰ ਰਹੇ ਹਨ। ਉਨ੍ਹਾਂ ਨੂੰ ਬੇਭਰੋਸਗੀ ਮਤੇ ’ਤੇ ਵੀ ਭਾਰਤ ਦੇ ਕਦਮਾਂ ’ਤੇ ਚੱਲਣਾ ਚਾਹੀਦਾ ਹੈ। ਭਾਰਤ ਦੇ ਵੱਖ ਵੱਖ ਪ੍ਰਧਾਨ ਮੰਤਰੀਆਂ ਖ਼ਿਲਾਫ਼ ਤਕਰੀਬਨ 27 ਬੇਭਰੋਸਗੀ ਮਤੇ ਪੇਸ਼ ਕੀਤੇ ਗਏ। ਉਨ੍ਹਾਂ (ਖਾਨ) ਦੀ ਤਰ੍ਹਾਂ ਕਿਸੇ ਨੇ ਸੰਵਿਧਾਨ, ਲੋਕਤੰਤਰ ਤੇ ਕਦਰਾਂ-ਕੀਮਤਾਂ ਨਾਲ ਖਿਲਵਾੜ ਨਹੀਂ ਕੀਤਾ। ਵਾਜਪਾਈ ਸਿਰਫ਼ ਇੱਕ ਵੋਟ ਨਾਲ ਬੇਭਰੋਸਗੀ ਮਤਾ ਹਾਰ ਗਏ ਸਨ ਪਰ ਉਨ੍ਹਾਂ ਖਾਨ ਦੀ ਤਰ੍ਹਾਂ ਸੰਵਿਧਾਨ ਤੇ ਦੇਸ਼ ਨੂੰ ਬੰਦੀ ਨਹੀਂ ਬਣਾਇਆ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly