ਅੰਮ੍ਰਿਤਸਰ, (ਸਮਾਜ ਵੀਕਲੀ): ਇੱਥੋਂ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੱਜ ਕੇਂਦਰ ਦੇ ਜਲ ਸਰੋਤ ਤੇ ਨਹਿਰੀ ਵਿਕਾਸ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਅਤੇ ਅੱਪਰਬਾਰੀ ਦੁਆਬ ਨਹਿਰ (ਯੂਬੀਡੀਸੀ) ਦੀ ਲਾਈਨਿੰਗ (ਪਟੜੀ) ਦਾ ਵਿਕਾਸ ਕਰਨ ਲਈ ਮੰਗ ਪੱਤਰ ਦਿੱਤਾ। ਇਹ 400 ਕਿਲੋਮੀਟਰ ਲੰਬੀ ਯੂਬੀਡੀਸੀ ਸਾਲ 1853 ਵਿੱਚ ਬਣਾਈ ਗਈ ਸੀ, ਜਿਸ ਦਾ ਮੰਤਵ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ ਅਤੇ ਤਰਨ ਤਾਰਨ ਜ਼ਿਲ੍ਹਿਆਂ ਦੇ 13 ਲੱਖ 50 ਹਜ਼ਾਰ ਏਕੜ ਰਕਬੇ ਦੀ ਸਿੰਜਾਈ ਕਰਨਾ ਹੈ।
ਇਹ ਰਾਵੀ ਦਰਿਆ ਤੋਂ ਚਾਰ ਹਜ਼ਾਰ ਕਿਊਸਿਕ ਪਾਣੀ ਨੂੰ ਸੱਤ ਛੋਟੀਆਂ ਨਹਿਰਾਂ ਤੇ 247 ਸ਼ਾਖਾਵਾਂ ਰਾਹੀਂ 2,400 ਕਿਲੋਮੀਟਰ ਮੈਦਾਨੀ ਇਲਾਕੇ ਵਿੱਚ ਪਹੁੰਚਾਉਣ ਲਈ ਸਹਾਈ ਹੁੰਦੀ ਹੈ। ਕੇਂਦਰੀ ਜਲ ਕਮਿਸ਼ਨ ਤੇ ਪੰਜਾਬ ਸਿੰਚਾਈ ਵਿਭਾਗ ਵੱਲੋਂ ਸਾਲ 2017 ਵਿੱਚ ਯੂਬੀਡੀਸੀ ਦੇ ਬੰਨੇ ਪੱਕੇ ਕਰਨ ਲਈ ਕੇਂਦਰ ਤੋਂ 1,112 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ ਪਰ ਪੰਜ ਸਾਲ ਦੀ ਦੇਰੀ ਕਾਰਨ ਇਸ ਪ੍ਰਾਜੈਕਟ ’ਤੇ ਖਰਚਾ ਵਧ ਕੇ 1,600 ਕਰੋੜ ਹੋ ਗਿਆ ਹੈ। ਔਜਲਾ ਨੇ ਕੇਂਦਰੀ ਮੰਤਰੀ ਤੋਂ ਇਹ ਪ੍ਰਾਜੈਕਟ ਜਲਦੀ ਮੁਕੰਮਲ ਕਰਵਾਉਣ ਦੀ ਮੰਗ ਕੀਤੀ। ਉਨ੍ਹਾਂ ਮੁਤਾਬਕ ਕੇਂਦਰੀ ਮੰਤਰੀ ਨੇ ਮੰਗ ਪੂਰੀ ਕਰਨ ਬਾਰੇ ਹੁੰਗਾਰਾ ਭਰਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly