ਮਾਨਸਾ (ਸਮਾਜ ਵੀਕਲੀ): ਮਾਲਵਾ ਖੇਤਰ ਵਿੱਚ ਕਣਕ ਦੀ ਹੱਥੀ ਵਾਢੀ ਤੋਂ ਬਾਅਦ ਹੁਣ ਕੰਬਾਈਨਾਂ ਰਾਹੀਂ ਕਣਕ ਕੱਢਣ ਦਾ ਕਾਰਜ ਆਰੰਭ ਹੋ ਗਿਆ ਹੈ ਤੇ ਕਿਸਾਨ ਇਸ ਕਣਕ ਨੂੰ ਵੇਚਣ ਲਈ ਮੰਡੀਆਂ ਵਿੱਚ ਨਾਲੋ-ਨਾਲ ਲਿਆਉਣ ਲੱਗੇ ਹਨ। ਕਿਸਾਨ ਕੱਢੀ ਹੋਈ ਕਣਕ ਨੂੰ ਘਰੇ ਲਿਜਾਣ ਦੀ ਥਾਂ ਸਿੱਧਾ ਖਰੀਦ ਕੇਂਦਰਾਂ ਵਿੱਚ ਸੁੱਟਣ ਲੱਗੇ ਹਨ, ਜਦੋਂਕਿ ਸਰਕਾਰ ਵੱਲੋਂ ਦਿਹਾਤੀ ਖਰੀਦ ਕੇਂਦਰਾਂ ਦੀ ਥਾਂ ਸ਼ਹਿਰੀ ਅਨਾਜ ਮੰਡੀਆਂ ਵਿੱਚ ਕਣਕ ਦੀ ਬੋਲੀ ਲੁਆਉਣੀ ਆਰੰਭ ਕਰ ਦਿੱਤੀ ਹੈ। ਪੇਂਡੂ ਖਰੀਦ ਕੇਂਦਰਾਂ ’ਚ ਭਾਵੇਂ ਕਣਕ ਜਾਣੀ ਆਰੰਭ ਹੋ ਗਈ ਹੈ, ਪਰ ਅਜੇ ਤੱਕ ਸਰਕਾਰੀ ਅਧਿਕਾਰੀ ਮੰਡੀਆਂ ਤੋਂ ਦੂਰ ਹਨ।
ਮਾਲਵਾ ਖੇਤਰ ਦੀਆਂ ਬਹੁਤੀਆਂ ਮੰਡੀਆਂ ਵਿੱਚ ਅਜੇ ਤੱਕ ਬਾਰਦਾਨਾ ਵੀ ਨਹੀਂ ਪਹੁੰਚਿਆ ਤੇ ਨਾ ਹੀ ਆੜ੍ਹਤੀਆਂ ਨੇ ਆਪਣੇ ਆਰਜ਼ੀ ਤੰਬੂ ਲਾਏ ਹਨ, ਜਦੋਂਕਿ ਲਾਈਟਾਂ, ਪਾਣੀ ਤੇ ਹੋਰ ਪ੍ਰਬੰਧ ਵੀ ਅਧੂਰੇ ਹਨ। ਮਾਨਸਾ ਜ਼ਿਲ੍ਹੇ ਵਿੱਚ ਕਣਕ ਦੀ ਖਰੀਦ ਪ੍ਰਬੰਧਾਂ ਦੀ ਨਿਗਰਾਨੀ ਲਈ ਨਵੇਂ ਆਏ ਡਿਪਟੀ ਕਮਿਸ਼ਨਰ ਜ਼ਸਪ੍ਰੀਤ ਸਿੰਘ ਨੇ ਅੱਜ ਖੁਦ ਮੰਡੀਆਂ ਦਾ ਦੌਰਾ ਕੀਤਾ ਤੇ ਕਈ ਥਾਵਾਂ ’ਤੇ ਜਾ ਕੇ ਕਣਕ ਦੀ ਬੋਲੀ ਨੂੰ ਸ਼ੁਰੂ ਕਰਵਾਈ। ਉਨ੍ਹਾਂ ਕਿਹਾ ਕਿ ਕਿਸੇ ਵੀ ਅਨਾਜ ਮੰਡੀ ਵਿੱਚ ਕਿਸਾਨਾਂ, ਜਿੰਮੀਦਾਰਾਂ, ਆੜ੍ਹਤੀਆਂ, ਮਜ਼ਦੂਰਾਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸਨ ਇਸ ਪੱਖੋਂ ਪੂਰੀ ਤਰ੍ਹਾਂ ਮੁਸਤੈਦ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ’ਚ 117 ਪੱਕੇ ਖਰੀਦ ਕੇਂਦਰ ਅਤੇ 22 ਆਰਜ਼ੀ ਖਰੀਦ ਕੇਂਦਰ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਲਗਭਗ 6 ਲੱਖ 35 ਹਜ਼ਾਰ ਮੀਟਰਕ ਟਨ ਕਣਕ ਦੀ ਆਮਦ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਕਿਹਾ ਕਿ ਸਮੂਹ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕਣਕ ਦੀ ਖਰੀਦ ਪ੍ਰਕਿਰਿਆ ਦੌਰਾਨ ਕੋਈ ਸਮੱਸਿਆ ਪੇਸ਼ ਨਾ ਆਵੇ। ਉਨ੍ਹਾਂ ਕਿਹਾ ਕਿ ਮੰਡੀਆਂ ਦੇ ਵਿਚ ਲਾਈਟਾਂ, ਪੀਣ ਵਾਲੇ ਪਾਣੀ, ਪਖਾਨੇ ਤੇ ਚੌਕੀਦਾਰਾਂ ਦਾ ਪ੍ਰਬੰਧ ਹਰ ਥਾਂ ’ਤੇ ਕੀਤਾ ਜਾਵੇਗਾ। ਪਿੰਡ ਫਫੜੇ ਭਾਈਕੇ ਦੇ ਸਰਪੰਚ ਤੇ ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਇਕਬਾਲ ਸਿੰਘ ਸਿੱਧੂ ਨੇ ਕਿਹਾ ਕਿ ਅਜੇ ਤੱਕ ਪੇਂਡੂ ਖਰੀਦ ਕੇਂਦਰਾਂ ’ਚ ਅਧਿਕਾਰੀ ਗੇੜਾ ਨਹੀਂ ਮਾਰਨ ਲੱਗੇ ਤੇ ਨਾ ਹੀ ਬਾਰਦਾਨਾ ਪਹੁੰਚਿਆ ਹੈ। ਉਨ੍ਹਾਂ ਦੱਸਿਆ ਕਿ ਫਫੜੇ ਭਾਈਕੇ ਖਰੀਦ ਕੇਂਦਰ ਵਿੱਚ ਤਿੰਨ ਦਿਨਾਂ ਤੋਂ ਕਣਕ ਆ ਰਹੀ ਹੈ, ਪਰ ਅਜੇ ਤੱਕ ਕੋਈ ਖਰੀਦ ਅਧਿਕਾਰੀ ਨਹੀਂ ਆਇਆ। ਉਧਰ, ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਤੇ ਬੁਢਲਾਡਾ ਹਲਕੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਮੰਡੀਆਂ ’ਚ ਖੱਜਲ-ਖੁਆਰ ਨਹੀਂ ਹੋਣ ਦੇਵੇਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly