ਅੰਮ੍ਰਿਤਸਰ (ਸਮਾਜ ਵੀਕਲੀ): ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਲੰਘੀ ਰਾਤ ਸਥਾਨਕ ਬੱਸ ਅੱਡੇ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਲਗਪਗ 15 ਪ੍ਰਾਈਵੇਟ ਬੱਸਾਂ ਨੂੰ ਟੈਕਸ ਚੋਰੀ ਦੇ ਦੋਸ਼ ਹੇਠ ਰੋਕਿਆ ਗਿਆ। ਇਸ ਮੌਕੇ ਆਰਟੀਏ ਦੇ ਡਰਾਈਵਰ ਖ਼ਿਲਾਫ਼ ਕਥਿਤ ਰਿਸ਼ਵਤ ਲੈਣ ਦੇ ਲੱਗੇ ਦੋਸ਼ਾਂ ਦੀ ਵਿਜੀਲੈਂਸ ਜਾਂਚ ਕਰਵਾਉਣ ਵਾਸਤੇ ਆਖਿਆ ਗਿਆ।
ਟਰਾਂਸਪੋਰਟ ਮੰਤਰੀ ਨੇ ਸਥਾਨਕ ਅੰਤਰ-ਰਾਜੀ ਬੱਸ ਅੱਡੇ ’ਤੇ ਜਾਂਚ ਕਰਨ ਤੋਂ ਪਹਿਲਾਂ ਹੋਰ ਹੋਰ ਵੱਖ-ਵੱਖ ਥਾਵਾਂ ’ਤੇ ਵੀ ਜਾਂਚ ਕੀਤੀ। ਇਸ ਦੌਰਾਨ ਬਿਨਾ ਟੈਕਸ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਮੰਤਰੀ ਨੇ ਦੱਸਿਆ ਕਿ ਜਾਂਚ ਦੌਰਾਨ 15 ਤੋਂ 20 ਅਜਿਹੀਆਂ ਪ੍ਰਾਈਵੇਟ ਬੱਸਾਂ ਨੂੰ ਰੋਕਿਆ ਗਿਆ ਜਿਨ੍ਹਾਂ ਦੇ ਟੈਕਸ ਦਾ ਭੁਗਤਾਨ ਨਹੀਂ ਸੀ ਹੋਇਆ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਪ੍ਰਾਈਵੇਟ ਟਰਾਂਸਪੋਰਟਰ ਨੇ ਦੋਸ਼ ਲਾਇਆ ਕਿ ਉਹ ਪਿਛਲੇ ਪੰਜ ਸਾਲਾਂ ਤੋਂ ਆਰਟੀਏ ਦਫ਼ਤਰ ਦੇ ਇਕ ਕਰਮਚਾਰੀ ਨੂੰ ਪੈਸੇ ਦੇ ਰਿਹਾ ਹੈ। ਸ੍ਰੀ ਭੁੱਲਰ ਨੇ ਤੁਰੰਤ ਆਰਟੀਏ ਅਰਸ਼ਦੀਪ ਸਿੰਘ ਨੂੰ ਸੱਦ ਕੇ ਸ਼ਿਕਾਇਤ ਦਾ ਵੇਰਵਾ ਦਿੱਤਾ ਅਤੇ ਦੋਸ਼ਾਂ ਦੀ ਜਾਂਚ ਵਿਜੀਲੈਂਸ ਵਿਭਾਗ ਕੋਲੋਂ ਕਰਵਾਉਣ ਲਈ ਕਿਹਾ। ਇਸ ਦੌਰਾਨ ਉਨ੍ਹਾਂ ਆਰਟੀਏ ਦੇ ਡਰਾਈਵਰ ਜੋ ਪੁਲੀਸ ਵਿਭਾਗ ਤੋਂ ਇੱਥੇ ਡੈਪੂਟੇਸ਼ਨ ’ਤੇ ਨਿਯੁਕਤ ਹੈ, ਕੋਲੋਂ ਵੀ ਸਪੱਸ਼ਟੀਕਰਨ ਮੰਗਿਆ। ਪੁਲੀਸ ਮੁਲਾਜ਼ਮ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ। ਟਰਾਂਸਪੋਰਟ ਮੰਤਰੀ ਨੇ ਟੈਕਸ ਚੋਰੀ ਕਰਨ ਵਾਲੇ ਟਰਾਂਸਪੋਰਟਰਾਂ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਬਣਦੇ ਟੈਕਸ ਦਾ ਭੁਗਤਾਨ ਕਰਨ, ਨਹੀਂ ਤਾਂ ਉਨ੍ਹਾਂ ਦੀਆਂ ਬੱਸਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly