(ਸਮਾਜ ਵੀਕਲੀ)
ਕਈ ਰਾਤੀਂ ਪੀ-ਪੀ ਬੁੱਕਦੇ ਨੇ,
ਕਈ ਖ਼ਾਲੀ ਬੋਤਲਾਂ ਚੁੱਕਦੇ ਨੇ।
ਕਈ ਨੀਵੇਂ ਹੋ ਕੇ ਜਿਉਂਦੇ ਤੇ,
ਕਈ ਉੱਪਰ ਮੂੰਹ ਕਰਕੇ ਥੁੱਕਦੇ ਨੇ।
ਕਈ ਰਾਤੀਂ..
ਕਈ ਸੁੱਚਾ ਵੀ ਸੁੱਟ ਜਾਂਦੇ ਨੇ,
ਕਈ ਜੂਠਾ ਮੂੰਹ ਵਿੱਚ ਪਾਂਦੇ ਨੇ।
ਕਈ ਅਮੀਰੀ ‘ਚ ਐਸ਼ ਕਰਦੇ ਤੇ,
ਕਈ ਗਰੀਬੀ ‘ਚ ਹੀ ਮਰ ਜਾਂਦੇ ਨੇ।
ਕਈ ਖਾ-ਖਾ ਬਹੁਤਾ ਫ਼ੁੱਲੀ ਜਾਂਦੇ,
ਕਈ ਕਾਨਿਆਂ ਵਾਂਗ ਸੁੱਕਦੇ ਨੇ।
ਕਈ ਰਾਤੀਂ..
ਇੱਥੇ ਔਰਤ ਦਾ ਸਨਮਾਨ ਕਿਤੇ,
ਲੁੱਟ ਲੈਂਦੇ ਲੋਕ ਇਮਾਨ ਕਿਤੇ।
ਕੋਈ ਬੁਰਕੇ ਘੁੰਡ ਕੱਢਾਈ ਜਾਵੇ,
ਭਰੀ ਸਭਾ ‘ਚ ਹੁੰਦਾ ਅਪਮਾਨ ਕਿਤੇ।
ਕਈ ਸ਼ਰਮ ਨਾਲ਼ ਹੀ ਮਰ ਜਾਂਦੇ,
ਤੇ ਕਈ ਮਾਰਿਆ ਵੀ ਨਾ ਮੁੱਕਦੇ ਨੇ।
ਕਈ ਰਾਤੀਂ..
ਇਹ ਦੁਨੀਆਂ ਰੰਗ-ਬਿਰੰਗੀ ਏ,
ਕਿਤੇ ਮੰਦੀ ਤੇ ਕਿਤੇ ਚੰਗੀ ਏ।
ਕਿਤੇ ਨਫ਼ਰਤ ਮਾਰੋ-ਮਾਰ ਹੋਈ,
ਕਿਤੇ ਧਰਤੀ ਪਿਆਰ ‘ਚ ਰੰਗੀ ਏ।
ਕਈ ਅੰਦਰੋਂ ਰੱਬ ਨੂੰ ਪਾ ਲੈਂਦੇ ‘ਮਨਜੀਤ’,
ਤੇ ਕਈ ਬਾਹਰੋਂ ਐਵੀਂ ਝੁੱਕਦੇ ਨੇ।
ਕਈ ਰਾਤੀਂ ਪੀ-ਪੀ ਬੁੱਕਦੇ ਨੇ,
ਕਈ ਖ਼ਾਲੀ ਬੋਤਲਾਂ ਚੁੱਕਦੇ ਨੇ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly