ਇਸਲਾਮਾਬਾਦ (ਸਮਾਜ ਵੀਕਲੀ): ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਮੁਲਕ ਇਕ ਜ਼ਿੰਮੇਵਾਰ ਪ੍ਰਮਾਣੂ ਤਾਕਤ ਹੈ ਪਰ ਹਮਲਾ ਹੋਣ ’ਤੇ ‘ਪੂਰੀ ਤਾਕਤ’ ਨਾਲ ਜਵਾਬ ਦੇਵੇਗਾ। ਅਲਵੀ ਨੇ ਕਿਹਾ ਕਿ ਪਾਕਿਸਤਾਨ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਤੇ ਖ਼ੁਸ਼ਹਾਲ ਬਣਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਸਲਾਮਾਬਾਦ ਵਿਚ ‘ਪਾਕਿਸਤਾਨ ਡੇਅ ਪਰੇਡ’ ਨੂੰ ਸੰਬੋਧਨ ਕਰਦਿਆਂ ਅਲਵੀ ਨੇ ਕਿਹਾ ਕਿ ਦੇਸ਼ ਆਜ਼ਾਦੀ ਦੇ 75ਵੇਂ ਵਰ੍ਹੇ ਵਿਚ ਹੈ ਤੇ ਆਪਣੀ ਆਜ਼ਾਦੀ ਨੂੰ ਬਰਕਰਾਰ ਰੱਖਣ ਲਈ ਦੇਸ਼ਵਾਸੀ ਸਭ ਕੁਝ ਕਰਨ ਨੂੰ ਤਿਆਰ ਹਨ। ਜ਼ਿਕਰਯੋਗ ਹੈ ਕਿ ‘ਪਾਕਿਸਤਾਨ ਡੇਅ’ 23 ਮਾਰਚ, 1940 ਨੂੰ ਲਾਹੌਰ ਮਤਾ ਪਾਸ ਹੋਣ ਉਤੇ ਮਨਾਇਆ ਜਾਂਦਾ ਹੈ। ਇਸ ਮਤੇ ਵਿਚ ਆਲ-ਇੰਡੀਆ ਮੁਸਲਿਮ ਲੀਗ ਨੇ ਬਰਤਾਨਵੀ ਸਾਮਰਾਜ ਤੋਂ ਮੁਸਲਮਾਨਾਂ ਲਈ ਅਲੱਗ ਮੁਲਕ ਮੰਗਿਆ ਸੀ। ਅਲਵੀ ਨੇ ਕਿਹਾ ਕਿ ਪਾਕਿਸਤਾਨ ਸਾਰੇ ਮੁਲਕਾਂ ਨਾਲ ਸ਼ਾਂਤੀ ਚਾਹੁੰਦਾ ਹੈ ਤੇ ਉਨ੍ਹਾਂ ਦੀ ਖ਼ੁਦਮੁਖਤਿਆਰੀ ਦਾ ਸਨਮਾਨ ਕਰਦਾ ਹੈ। ਪਰ ਇਹ ਆਪਣੀ ਆਜ਼ਾਦੀ ਨਾਲ ਕਦੇ ਵੀ ਸਮਝੌਤਾ ਨਹੀਂ ਕਰੇਗਾ, ਕਿਸੇ ਵੀ ਹੱਲੇ ਦਾ ਜ਼ੋਰਦਾਰ ਜਵਾਬ ਦਿੱਤਾ ਜਾਵੇਗਾ। ਰਾਸ਼ਟਰਪਤੀ ਨੇ ਕਿਹਾ ਕਿ ਪਾਕਿਸਤਾਨ ਅਤਿਵਾਦ, ਆਬਾਦੀ ਤੇ ਝੂਠੀਆਂ ਜਾਣਕਾਰੀਆਂ ਦੇ ਸੰਕਟ ਨਾਲ ਜੂਝ ਰਿਹਾ ਹੈ। ਇਸ ਮੌਕੇ ਅੱਜ ਪਾਕਿਸਤਾਨ ਦੇ ਤਿੰਨਾਂ ਹਥਿਆਰਬੰਦ ਬਲਾਂ ਨੇ ਮਾਰਚ ਪਾਸਟ ਕੀਤਾ। ਪਾਕਿਸਤਾਨ ਵੱਲੋਂ ਚੀਨ ਤੋਂ ਲਏ ਜੇ-10ਸੀ ਜਹਾਜ਼ਾਂ ਨੇ ਵੀ ਏਅਰ ਸ਼ੋਅ ਵਿਚ ਹਿੱਸਾ ਲਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly