ਸ੍ਰੀ ਗੋਇੰਦਵਾਲ ਸਾਹਿਬ (ਸਮਾਜ ਵੀਕਲੀ): ਗੋਇੰਦਵਾਲ ਸਾਹਿਬ ਅਧੀਨ ਆਉਂਦੇ ਪਿੰਡ ਨੌਰੰਗਾਬਾਦ ਵਿੱਚ ਫੀਡ ਫੈਕਟਰੀ ’ਚ ਗਰਮ ਸੀਰਾ ਸਟੋਰ ਕਰਨ ਲਈ ਬਣਾਏ ਖੱਡੇ ਵਿੱਚ ਡਿੱਗਣ ਕਰ ਕੇ ਫੈਕਟਰੀ ਮਾਲਕ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਇਕ ਜਣਾ ਗੰਭੀਰ ਜ਼ਖਮੀ ਹੋ ਗਿਆ। ਮਾਰੇ ਗਏ ਵਿਅਕਤੀਆਂ ਦੀ ਪਛਾਣ ਫੈਕਟਰੀ ਮਾਲਕ ਦਿਲਬਾਗ ਸਿੰਘ, ਉਸ ਦਾ ਚਾਚਾ ਹਰਭਜਨ ਸਿੰਘ ਵਾਸੀ ਮੱਲ ਮੋਹਰੀ ਅਤੇ ਦਿਲਬਾਗ ਸਿੰਘ ਵਾਸੀ ਢੋਟੀਆਂ ਵਜੋਂ ਹੋਈ ਹੈ। ਜ਼ਖ਼ਮੀ ਦੀ ਪਛਾਣ ਜਗਰੂਪ ਸਿੰਘ ਵਾਸੀ ਮੱਲ ਮੋਹਰੀ ਵਜੋਂ ਦੱਸੀ ਗਈ ਹੈ। ਇਨ੍ਹਾਂ ਚਾਰਾਂ ਨੂੰ ਤਰਨ ਤਾਰਨ ਦੇ ਗੁਰੂ ਨਾਨਕ ਸੁਪਰ ਸਪੈਸ਼ਲਿਟੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਸੀ, ਜਿੱਥੇ ਡਾਕਟਰਾਂ ਨੇ ਤਿੰਨ ਜਣਿਆਂ ਨੂੰ ਮ੍ਰਿਤ ਲਿਆਂਦਾ ਐਲਾਨ ਦਿੱਤਾ।
ਜਾਣਕਾਰੀ ਅਨੁਸਾਰ ਪਿੰਡ ਨੌਰੰਗਾਬਾਦ ਸਥਿਤ ਬੀਐੱਸ ਐਗਰੋ ਨਾਂ ਦੀ ਫੀਡ ਫੈਕਟਰੀ ਵਿੱਚ ਮਾਲਕ ਸਮੇਤ ਕੰਮ ਕਰਦੇ ਚਾਰ ਵਿਅਕਤੀ ਫੀਡ ਬਣਾਉਣ ਲਈ ਵਰਤੇ ਜਾਂਦੇ ਗਰਮ ਸੀਰੇ ਵਾਲੇ ਖੱਡੇ ਵਿੱਚ ਡਿੱਗਣ ਕਾਰਨ ਬੁਰੀ ਤਰ੍ਹਾਂ ਝੁਲਸ ਗਏ। ਮੌਕੇ ’ਤੇੇ ਪੁੱਜੀ ਪੁਲੀਸ ਟੀਮ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਸਥਾਨਕ ਲੋਕਾਂ ਦੇ ਸਹਿਯੋਗ ਨਾਲ ਕਾਫ਼ੀ ਮੁਸ਼ੱਕਤ ਮਗਰੋਂ ਇਨ੍ਹਾਂ ਨੂੰ ਖੱਡੇ ’ਚੋਂ ਬਾਹਰ ਕੱਢਿਆ। ਇਨ੍ਹਾਂ ਚਾਰਾਂ ਵਿਅਕਤੀਆਂ ਨੂੰ ਐਬੂਲੈਂਸ ਰਾਹੀਂ ਤਰਨ ਤਾਰਨ ਦੇ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ। ਫੀਡ ਫੈਕਟਰੀ ਵਿੱਚ ਕੰਮ ਦੌਰਾਨ ਫੈਕਟਰੀ ਮਾਲਕ ਅਤੇ ਉਸ ਦਾ ਚਾਚਾ ਸੀਰੇ ਵਾਲੇ ਖੱਡੇ ਵਿੱਚ ਡਿੱਗ ਗਏ। ਇਨ੍ਹਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਦੋ ਮਜ਼ਦੂਰ ਹੋਰ ਖੱਡੇ ਵਿੱਚ ਜਾ ਡਿੱਗੇ, ਜਿਨ੍ਹਾਂ ਨੂੰ ਬੜੀ ਮੁਸ਼ੱਕਤ ਨਾਲ ਕੱਢ ਕੇ ਹਸਪਤਾਲ ਲਿਜਾਇਆ ਗਿਆ। ਤਰਨ ਤਾਰਨ ਸਿਟੀ ਦੇ ਡੀਐਸਪੀ ਸੁੱਚਾ ਸਿੰਘ ਬੱਲ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਫੈਕਟਰੀ ਮਾਲਕ ਸਣੇ ਤਿੰਨ ਜਣਿਆਂ ਦੀ ਮੌਤ ਹੋ ਗਈ ਜਦੋਂਕਿ ਇਕ ਮਜ਼ਦੂਰ ਦੀ ਹਾਲਤ ਗੰਭੀਰ ਬਣੀ ਹੋਈ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly