ਸ਼ਾਲਾ ਬਸੰਤੀ ਰੰਗ ਪੰਜਾਬ ਤੇ ਪੰਜਾਬੀਅਤ ਲਈ ਸਵੰਢਣਾ ਹੋਵੇ

(ਸਮਾਜ ਵੀਕਲੀ)-ਜਿੱਥੇ 10 ਮਾਰਚ 1876 ਨੂੰ ਅਲੈਗਜੈਂਡਰ ਗ੍ਰਾਹਮਬੈੱਲ ਦੁਆਰਾ ਥਾਮਸ ਵੈਟਸਨ ਨੂੰ ਮਾਰੀ ਪਹਿਲੀ ਫੋਨ ਕਾਲ ਦੀ ਘੰਟੀ ਨੇ ਦੁਨੀਆਂ ਭਰ ਦੇ ਇਤਿਹਾਸ ਵਿੱਚ ਟੈਲੀਫੋਨ ਰਾਹੀਂ ਗੱਲਬਾਤ ਕਰਨ ਦੇ ਸੁਨਹਿਰੀ ਯੁੱਗ ਦੀ ਸ਼ੁਰੂਆਤ ਕੀਤੀ। ਉੱਥੇ ਪੰਜਾਬ ਦੇ ਲੋਕਾਂ ਦੁਆਰਾ ,20 ਫਰਵਰੀ 2022 ਨੂੰ ਈ ਵੀ ਐਮ ਦੀਆਂ ਵਜਾਈਆਂ ਘੰਟੀਆਂ ਤੇ 10 ਮਾਰਚ ਨੂੰ ਉਹਨਾਂ ਘੰਟੀਆਂ ਦੀ ਹੋਈ ਗਿਣਤੀ ਰਾਹੀਂ ਜਦੋਂ ਰਿਵਾਇਤੀ ਸਿਆਸੀ ਪਾਰਟੀਆਂ ਨੂੰ ਦਰਕਿਨਾਰ ਕਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਇਤਿਹਾਸਕ ਫਤਵਾ ਦਿੱਤਾ ਤਾਂ ਇਹ ਦਿਨ ਵੀ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੀ ਯੁੱਗ ਦੀ ਸ਼ੁਰੂਆਤ ਹੋਣ ਦੀ ਆਸ ਵਜੋਂ ਦੇਖਿਆ ਜਾਣ ਲੱਗਾ। ਜੇਕਰ ਮਾਰਚ ਮਹੀਨੇ ਦੇ ਇਤਿਹਾਸ ਨੂੰ ਕੁਝ ਅਗਾਂਹ ਫਰੋਲੀਏ ਤਾਂ ਦੇਸੀ ਸਾਲ ਦੀ ਸ਼ੁਰੂਆਤ ਇਸੇ ਮਹੀਨੇ ਦੀ ਸੰਗਰਾਂਦ (ਇੱਕ ਚੇਤ) ਤੋਂ ਹੁੰਦੀ ਹੈ।

ਸਿੱਖ ਇਤਿਹਾਸ ਵਿੱਚ ਖਾਲਸੇ ਦਾ ਹੋਲਾ ਮੁਹੱਲਾ ਆਨੰਦਪੁਰ ਸਾਹਿਬ ਵਿੱਚ ਇਸੇ ਮਹੀਨੇ ਦੌਰਾਨ ਪੂਰੇ ਜਾਹੋ-ਜਲਾਲ ਨਾਲ ਮਨਾਇਆ ਜਾਂਦਾ ਹੈ।ਇਸ ਤੋਂ ਇਲਾਵਾ ਭਾਰਤ ਦੀ ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ 23 ਮਾਰਚ ਦਾ ਦਿਨ ਭਾਰਤ ਮਾਤਾ ਦੇ ਮਹਾਨ ਸਪੂਤਾਂ ਸ਼ਹੀਦ-ਏ-ਆਜਮ ਭਗਤ ਸਿੰਘ,ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਦੇ ਦਿਨ ਵਜੋਂ ਦਰਜ ਹੈ। ਜਿਹਨਾਂ ਦੀ ਸੋਚ ਤੇ ਖਰੇ ਉਤਰਨ ਜਾਂ ਪਹਿਰਾ ਦੇਣ ਲਈ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਉਸ ਮਹਾਨ ਸ਼ਹੀਦ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ 16 ਮਾਰਚ ਦਿਨ ਬੁੱਧਵਾਰ ਨੂੰ ਪਹੁੰਚਣ ਦਾ ਸੱਦਾ ਦਿੱਤਾ। ਪੰਜਾਬੀਆਂ ਨੇ ਆਪਣੀ ਕਹਾਵਤ “ਬੁੱਧ ਕੰਮ ਸ਼ੁੱਧ ” ਤੇ ਚੱਲਦਿਆਂ ਵੱਡੀ ਗਿਣਤੀ ਵਿੱਚ ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਤੇ ਚੁੰਨੀਆਂ ਲੈ ਉਸ ਧਰਤੀ ਨੂੰ ਜਾ ਸੀਸ ਨਿਵਾਇਆ।

ਹੁਣ ਜੇ ਥੋੜਾ ਗਹੁ ਨਾਲ ਖਟਕੜ ਕਲਾਂ ਦੇ ਇਤਿਹਾਸ ਤੇ ਨਜਰ ਮਾਰੀਏ ਤਾਂ ਸ਼ਹੀਦ-ਏ-ਆਜਮ ਭਗਤ ਸਿੰਘ ਦੇ ਭਾਣਜੇ ਪ੍ਰੋਫੈਸਰ ਜਗਮੋਹਣ ਸਿੰਘ ਹੁਰਾਂ ਦੇ ਕਥਨ ਅਨੁਸਾਰ ਭਗਤ ਸਿੰਘ ਦੇ ਦਾਦਾ ਅਰਜਨ ਸਿੰਘ ਨੇ ਖਟਕੜ ਕਲਾਂ ਵਿੱਚ ਘਰ ਬੜੀ ਚਿੰਤਾ ਨਾਲ ਲਿਆ ਸੀ। ਉਹਨਾਂ ਨੇ ਉੱਥੋਂ ਛੂਆ- ਛਾਤ ਖਤਮ ਕੀਤੀ ਤੇ ਅੰਗਰੇਜ ਪ੍ਰਸਤ ਲੋਕਾਂ ਦੁਆਰਾ ਪ੍ਰਚੱਲਤ ਕੀਤੀ ਪਰਿਵਾਰ ਚ ਜਨਮੀ ਪਹਿਲੀ ਕੁੜੀ ਨੂੰ ਮਾਰਨ ਦੀ ਪ੍ਰਥਾ ਖਿਲਾਫ ਆਵਾਜ਼ ਉਠਾਈ ਤੇ ਔਰਤ ਦੇ ਜੀਣ ਦੇ ਹੱਕਾਂ ਖਾਤਰ ਲੜੇ। ਉਸ ਤੋਂ ਵੀ ਅੱਗੇ ਜਾ ਕੇ ਭਗਤ ਸਿੰਘ ਦੀ ਮਾਤਾ ਇੰਦ ਕੌਰ ਨੂੰ ਵਿੱਦਿਆਵਤੀ ਬਣਾਉਣ ਪਿੱਛੇ ਲੜਕੀਆਂ ਨੂੰ ਵਿੱਦਿਆ ਦਾ ਹੱਕ ਦੇਣ ਦੀ ਗੱਲ ਕੀਤੀ। ਖਟਕੜ ਕਲਾਂ ਦੀਆਂ ਚਾਰ ਪੁਸਤਾਂ ਨੂੰ ਆਪਣੇ ਨਾਲ ਜੋੜ ਅੰਗਰੇਜ ਨੂੰ ਭਾਰਤ ਚੋਂ ਕੱਢਣ ਤੱਕ ਯੋਗਦਾਨ ਪਾਇਆ।

ਹੁਣ ਜੇਕਰ ਵਿਚਾਰ ਭਗਤ ਸਿੰਘ ਦੀ ਸੋਚ ਬਾਰੇ ਕੀਤੇ ਜਾਣ ਤਾਂ ਉਸ ਵੀਹ ਸਾਲ ਦੇ ਮੁੰਡੇ ਨੇ ਆਪਣੇ ਸਾਢੇ ਅਠਾਰਾਂ ਸਾਲ ਦੇ ਸਾਥੀ ਬੀ ਕੇ ਦੱਤ ਨਾਲ ਰਲ ਅੰਗਰੇਜ ਨੂੰ ਲਲਕਾਰਿਆ। 1926 ਵਿੱਚ ਨੌਜਵਾਨ ਭਾਰਤ ਸਭਾ ਦਾ ਗਠਨ ਕੀਤਾ। ਫਿਰ 9 ਸਤੰਬਰ 1928 ਨੂੰ ਦਿੱਲੀ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿੱਚ ਕ੍ਰਾਂਤੀਕਾਰੀ ਨੌਜਵਾਨਾਂ ਦੀ ਹੋਈ ਬੈਠਕ ,ਜਿਸ ਵਿੱਚ ਚੰਦਰ ਸ਼ੇਖਰ ਆਜ਼ਾਦ ਨੇ ਵੀ ਹਿੱਸਾ ਲਿਆ ਸੀ,ਵਿੱਚ ਸੰਗਠਿਤ ਕੀਤੇ ‘ਹਿੰਦੁਸਤਾਨ ਸਮਾਜਵਾਦੀ ਪ੍ਰਜਾਤੰਤਰ ਸੰਘ ‘ ਦਾ ਪ੍ਰਧਾਨ ਵੀ ਭਗਤ ਸਿੰਘ ਨੂੰ ਬਣਾਇਆ ਗਿਆ। ਉਹਨਾਂ ਦੀ ਸੋਚ ਤੇ ਕੰਮਾਂ ਨੂੰ ਦੇਖ ਮਹਾਤਮਾ ਗਾਧੀ ਹੁਣਾਂ ਨੇ ਵੀ ਕਿਹਾ ਸੀ ਕਿ ਨੌਜਵਾਨ ਸ਼ਕਤੀ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ? ਭਗਤ ਸਿੰਘ ਅਨੁਸਾਰ ਕ੍ਰਾਂਤੀ ਦਾ ਅਰਥ ਉਸ ਵਿਵਸਥਾ ਨੂੰ ਬਦਲਨਾ ਸੀ, ਜੋ ਅਨਿਆਂ ਤੇ ਅਧਾਰਿਤ ਹੈ।ਉਹ ਯੂਰਪੀ ਕ੍ਰਾਂਤੀਕਾਰੀ ਅੰਦੋਲਨ ਤੇ ਮਾਰਕਸਵਾਦ ਤੋਂ ਕਾਫੀ ਪ੍ਰਭਾਵਿਤ ਸੀ। ਜੇਲ੍ਹ ਵਿੱਚ ਆਪਣੇ ਹੱਥੀਂ ਲਿਖੇ ਨੋਟ “ਮੈਂ ਨਾਸਤਿਕ ਕਿਉਂ ਹਾਂ? ” ਵਿੱਚ ਉਹ ਨਾਸਤਿਕ ਹੋਣ ਦੀ ਸ਼ਰੇਆਮ ਘੋਸਣਾ ਕਰਦਾ ਹੈ ।ਪੂਰਵ ਕ੍ਰਾਂਤੀਕਾਰੀਆਂ ਦੇ ਤਤਕਾਲੀਨ ਉਦੇਸ਼ ਭਾਰਤ ਚੋਂ ਬ੍ਰਿਟਿਸ਼ ਰਾਜ ਦਾ ਖਾਤਮਾ ਕਰਨ ਦੀ ਬਜਾਏ, ਉਸ ਦਾ ਉਦੇਸ਼, ਉਸ ਤੋਂ ਅੱਗੇ ਦਾ ਸਮਾਜ ਕਿਹੋ ਜਿਹਾ ਸਿਰਜਿਆ ਜਾਏਗਾ , ਦਾ ਸੀ।

ਉਸ ਦੀ ਸੋਚ ਨੂੰ ਪ੍ਰਣਾਏ ਤੇ ਲੰਮੇ ਚੱਲੇ ਕਿਸਾਨੀ ਸੰਘਰਸ਼ ਸਦਕਾ ਮੰਝੇ ਹੋਏ ਪੰਜਾਬ ਦੇ ਹਜਾਰਾਂ ਨੌਜਵਾਨਾਂ ਸਮੇਤ ਪੰਜਾਬੀਆਂ ਨੇ ਵੀ ਆਪਣੇ ਚੰਗੇਰੇ ਭਵਿੱਖ ਦੀ ਤਲਾਸ਼ ਵਿਚ 70 ਸਾਲਾਂ ਤੋਂ ਚੱਲੀ ਆ ਰਹੀ ਵੰਸ਼ਵਾਦੀ ਵਿਵਸਥਾ ਨੂੰ ਬਦਲਣ ਵਿਚ ਆਪਣਾ ਵੱਧ ਚੜ੍ਹ ਕੇ ਯੋਗਦਾਨ ਪਾਇਆ। ਉਸ ਵੰਸ਼ਵਾਦੀ ਸਿਆਸਤ ਨੂੰ ਖੂੰਜੇ ਲਾਇਆ,ਜਿਸ ਨੇ ਪੰਜਾਬ ਦੀ ਨੌਜਵਾਨੀ ਨੂੰ ਨਸ਼ੇੜੀ/ਗੈਂਗਸਟਰ ਬਣਾਉਣ ਦੇ ਨਾਲ-ਨਾਲ ਕੁਝ ਨੂੰ ਮਜਬੂਰ ਕਰ ਵਿਦੇਸ਼ੀਂ ਧੱਕ ਕੇ “ਉੱਤਰ ਕਾਟੋ ਮੈਂ ਚੜ੍ਹਾਂ ” ਦੀ ਖੇਡ ਖੇਡਣ ਤੇ ਦੋ- ਦੋ ਢਾਈ- ਢਾਈ ਦਹਾਕੇ ਰਾਜ ਕਰਨ ਦੇ ਸੁਪਨੇ ਵੀ ਪਾਲੇ। ਪਰ ਭਗਤ ਸਿੰਘ ਦੇ ਵਾਰਸਾਂ ਨੇ ਜਿਉਂਦੇ ਹੋਣ ਦਾ ਸਬੂਤ ਦਿੱਤਾ। ਪੰਜਾਬੀਆਂ ਖਾਸਕਰ ਨੌਜਵਾਨਾਂ ਨੇ ਆਪਣਾ ਕੰਮ ਤਾਂ ਕਰ ਦਿੱਤਾ ਤੇ ਨਵੇਂ ਚੁਣੇ ਨੁਮਾਇੰਦਿਆਂ ਨੇ ਵੀ ਬਸੰਤੀ ਪੱਗਾਂ ਪਹਿਨ ਉਸ ਦੇ ਵਾਰਸ ਹੋਣ ਦਾ ਹੋਕਾ ਦਿੱਤਾ। ਪੰਜਾਬ ਨੂੰ ਅੱਜ ਲੋੜ ਹੈ ਬਸੰਤੀ ਰੰਗ ਦੀਆਂ ਪੱਗਾਂ ਹੇਠੋਂ ਭਗਤ ਸਿੰਘ ਦੀ ਸੋਚ ਨੂੰ ਕੱਢਣ ਦੀ! ਅੱਜ ਹਰ ਪੰਜਾਬੀ ਨੂੰ ਆਸ ਹੈ ਕਿ ਉਸ ਦੇ ਧੀ-ਪੁੱਤ ਨੂੰ ਚੰਗੀ ਤਾਲੀਮ ਮਿਲੇ। ਹਰ ਧੀ-ਪੁੱਤ ਨੂੰ ਆਸ ਹੈ ਕਿ ਉਸ ਦੇ ਮਾਂ-ਬਾਪ ਦਾ ਬੁਢਾਪਾ ਮਹਿੰਗੇ ਇਲਾਜਾਂ ਖੁਣੋਂ ਨਾ ਰੁਲੇ। ਅੱਜ ਹਰ ਪੰਜਾਬਣ ਦੀ ਆਸ ਹੈ ਕਿ ਉਸ ਦੇ ਸਿਰ ਦਾ ਸਾਂਈਂ,ਉਸ ਦਾ ਪੁੱਤ,ਉਸ ਦਾ ਭਰਾ ਕਰਜੇ ਦੀ ਪੰਡ ਹੇਠ ਦੱਬਿਆ ਮੌਤ ਦੇ ਰੱਸੇ ਨੂੰ ਹੱਥ ਨਾ ਪਾਏ। ਸਾਰਾ ਪੰਜਾਬ ਚਾਹੁੰਦਾ ਹੈ ਕਿ ਕਿਸੇ ਦਾ ਵੀ ਧੀ-ਪੁੱਤ, ਪੰਜਾਬ ਦੀ ਵੰਨ-ਸੁਵੰਨੇ ਮੌਸਮਾਂ ਵਾਲੀ ਉਪਜਾਊ ਧਰਤੀ ਨੂੰ ਛੱਡ ਤੇ ਚੰਗੇਰਾ ਭਵਿੱਖ ਤਲਾਸ਼ਣ ਲਈ, ਛੇ-ਛੇ ਸੱਤ-ਸੱਤ ਮਹੀਨੇ ਬਰਫ ਨਾਲ ਢਕੇ ਰਹਿਣ ਵਾਲੇ ਦੇਸ਼ਾਂ ਵੱਲ ਵੇਖਣ ਲਈ ਮਜਬੂਰ ਨਾ ਹੋਵੇ।

ਅੱਜ ਆਸ ਹੈ ਹਰ ਪੰਜਾਬੀ ਨੂੰ ਕਿ ਪੰਜਾਬ ਵਿੱਚ ਨਿਰਮਲ ਮਿੱਠੇ ਜਲ ਦੇ ਦਰਿਆ ਮੁੜ ਵਗਣ,ਸ਼ੁੱਧ ਤੇ ਸੀਤ ਹਵਾਵਾਂ ਇਹਦੀ ਫਿਜ਼ਾ ਚ ਸੁਗੰਧੀਆਂ ਖਿਲਾਰਨ। ਛਿੰਝਾਂ ਪੈਣ,ਅਖਾੜੇ ਲੱਗਣ ,ਮੱਲ ਪੈਦਾ ਹੋਣ। ਸ਼ੁੱਧ ਦੁੱਧ ਦਹੀਂ ਦੀਆਂ ਨਹਿਰਾਂ ਵਗਣ। ਮਾਂ ਖੇਡ ਪੰਜਾਬੀ ਦੇ ਧਰੂ ਤਾਰੇ ਸੰਦੀਪ ਨੰਗਲ ਅੰਬੀਆਂ ਵਾਂਗ ਹੋਰ ਨੌਜਵਾਨ ਮਾੜੇ ਸਿਸਟਮ ਦਾ ਸ਼ਿਕਾਰ ਨਾ ਹੋਣ ਤੇ ਆਪਣੀ ਮਾਂ ਖੇਡ ਨੂੰ ਜਿੰਦਾ ਰੱਖ ਸਕਣ। ਕਿਸੇ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਸ ਮਹਾਨ ਸ਼ਹੀਦ ਦੀ ਜਨਮ ਸਤਾਬਦੀ ਸਮੇਂ ਵੀ ਹਾਕਮਾਂ ਨੇ ਨੌਜਵਾਨੀ ਨੂੰ ਚਿੱਟੇ ਕੁੜਤੇ ਪਜਾਮੇ ਤੇ ਬਸੰਤੀ ਪੱਗਾਂ ਵੰਡ ਉਸ ਦੀ ਸੋਚ ਦੇ ਹਾਣੀ ਹੋਣ ਦਾ ਭਰਮ ਪਾਲਿਆ ਸੀ ਤੇ ਇੱਕ ਨੇ ਤਾਂ ਉਸ ਦੇ ਜੱਦੀ ਪਿੰਡ ਦੀ ਮਿੱਟੀ ਦੀਆਂ ਕਸਮਾਂ ਵੀ ਖਾਧੀਆਂ ਸਨ। ਪਰ ਪੰਜਾਬ,ਪੰਜਾਬ ਹੈ। ਇਸ ਦਾ ਚਰਿੱਤਰ ਹੋਰਨਾਂ ਤੋਂ ਅਲੱਗ ਹੈ। ਸੋ ਨਵਾਂ ਪੰਜਾਬ ਸਿਰਜਣ ਦੇ ਰਾਹ ਤੁਰਨ ਵਾਲੇ ਹਰੇਕ ਪੰਜਾਬੀ ਨੂੰ ਮੁਬਾਰਕਬਾਦ।
ਸ਼ਾਲਾ ਬਸੰਤੀ ਰੰਗ ਪੰਜਾਬ ਤੇ ਪੰਜਾਬੀਅਤ ਲਈ ਸਵੰਢਣਾ ਹੋਵੇ !

ਬਲਵੀਰ ਸਿੰਘ ਬਾਸੀਆਂ
ਪਿੰਡ ਤੇ ਡਾਕ ਬਾਸੀਆਂ ਬੇਟ (ਲੁਧਿ:)
8437600371

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਹੀਦੇ ਆਜ਼ਮ ਭਗਤ ਸਿੰਘ
Next articleਦਸਮੇਸ਼ ਪੰਜਾਬੀ ਲਾਇਬ੍ਰੇਰੀ ਵੱਲੋਂ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਸੈਮੀਨਾਰ 23 ਨੂੰ