(ਸਮਾਜ ਵੀਕਲੀ)-ਤਕਰੀਬਨ ਦੋ ਸਾਲ ਪਹਿਲੇ ਕੋਵਿਡ ਮਹਾਮਾਰੀ ਨੇ ਭਾਰਤ ਵਿੱਚ ਦਸਤਕ ਦਿੱਤੀ। ਜਿਸ ਕਾਰਨ ਦੇਸ਼ ਵਿਚ 22 ਮਾਰਚ,2020 ਤੋਂ ਤਾਲਾਬੰਦੀ ਕਰ ਦਿੱਤੀ ਗਈ ਸੀ। ਵਾਤਾਵਰਣ ਸਾਫ਼-ਸੁਥਰਾ ਹੋ ਚੁਕਿਆ ਸੀ। ਜੀਵ ਜੰਤੂ ਆਜ਼ਾਦ ਸਨ। ਮਨੁੱਖ ਕੈਦ ਵਿਚ ਸੀ। ਗੰਗਾ, ਯਮੁਨਾ, ਘੱਗਰ ਦਰਿਆ ਤਕ ਸਾਫ-ਸਥਰੇ ਹੋ ਚੁੱਕੇ ਸਨ। ਲੁਧਿਆਣੇ ਦਾ ਬੁੱਢਾ ਨਾਲਾ ਵੀ ਸਾਫ ਸੁਥਰਾ ਹੋ ਚੁਕਿਆ ਸੀ। ਸਤਲੁਜ ਬਿਆਸ ਦਰਿਆ ਵਿੱਚ ਜੀਵ ਅਠਖੇਲੀਆਂ ਕਰਦੇ ਹੋਏ ਨਜ਼ਰ ਆ ਰਹੇ ਸਨ। ਕਿਉਂਕਿ ਫੈਕਟਰੀਆਂ ਦੀ ਰਹਿੰਦ-ਖੂਹਿੰਦ ਦਰਿਆਵਾਂ ਵਿੱਚ ਸੁੱਟ ਦਿੱਤੀ ਜਾਂਦੀ ਸੀ। ਤਾਲਾਬੰਦੀ ਕਾਰਨ ਫੈਕਟਰੀਆਂ ਨਾ ਬਰਾਬਰ ਚਲ ਰਹੀਆਂ ਸਨ। ਕਸ਼ਮੀਰ ਤੋਂ ਲੈ ਕੇ ਕੰਨਿਆਕੁਮਾਰੀ ਤੱਕ ਮੌਸਮ ਬਿਲਕੁਲ ਸਾਫ਼-ਸੁਥਰਾ ਹੋ ਚੁੱਕਿਆ ਸੀ। ਕੁਦਰਤ ਨਵੀਂ ਵਹੁਟੀ ਦੀ ਤਰ੍ਹਾਂ ਸੱਜ ਗਈ ਸੀ। ਹਰਿਆਲੀ ਹੀ ਹਰਿਆਲੀ ਛਾ ਗਈ ਸੀ। ਡੂੰਮਣੇ ਦੇ ਛੱਤੇ ਆਮ ਦਰਖਤਾਂ ਤੇ ਲੱਗੇ ਹੋਏ ਦੇਖੇ ਜਾ ਰਹੇ ਸਨ। ਅਕਸਰ ਕਿਹਾ ਵੀ ਜਾਂਦਾ ਹੈ ਕਿ ਜਦੋਂ ਪ੍ਰਦੂਸ਼ਣ ਨਹੀਂ ਹੁੰਦਾ ,ਤਾਂ ਡੂਮਣੇ ਦੇ ਛੱਤੇ ਦਰੱਖਤਾਂ ਤੇ ਲੱਗ ਜਾਂਦੇ ਹਨ ।ਸ਼ਹਿਰੀ ਖੇਤਰਾਂ ਤੋਂ ਬਰਫ਼ ਤੋਂ ਲੱਦੇ ਹੋਏ ਪਹਾੜ ਆਮ ਦੇਖਣ ਨੂੰ ਮਿਲੇ ਸਨ। ਜੀਵ ਜੰਤੂ, ਪਸ਼ੂ-ਪੰਛੀ ਖੁੱਲ੍ਹੇ ਵਿਚ ਘੁੰਮ ਰਹੇ ਸਨ। ਫਜ਼ੂਲ ਖਰਚੀ ਨੂੰ ਬਹੁਤ ਠੱਲ ਪਈ ਸੀ। ਸਾਦੇ ਵਿਆਹਾਂ ਤੇ ਸਾਦੇ ਭੋਗਾਂ ਨੂੰ ਤਰਜੀਹ ਦਿੱਤੀ ਗਈ।
ਮਹਾਮਾਰੀ ਦੀਆਂ ਦੋਵੇਂ ਲਹਿਰਾਂ ਕਾਰਨ ਆਮ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਦੇਸ਼ ਦੇ ਅਰਥਚਾਰੇ ਨੂੰ ਕਾਫ਼ੀ ਡੂੰਘੀ ਸੱਟ ਪਹੁੰਚੀ ਹੈ। ਦੇਸ਼ ਦਾ ਅਰਥਚਾਰਾ ਮੂਧੇ ਮੂੰਹ ਡਿੱਗ ਗਿਆ ਹੈ।ਜਿਸ ਕਾਰਨ ਸਨਅੱਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਲੱਖਾਂ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ । ਸੀਮਿਤ ਲੋਕਾਂ ਨੂੰ ਹੁਣ ਤੱਕ ਰੋਜ਼ਗਾਰ ਮਿਲ ਸਕਿਆ ਹੈ। ਮਹਿੰਗਾਈ ਨੇ ਆਮ ਜਨਤਾ ਦਾ ਲੱਕ ਤੋੜ ਦਿੱਤਾ ਹੈ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਹ ਤਾਂ ਚਲੋ ਹੁਣ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ ਹੋਣ ਕਰਕੇ ਪੈਟਰੋਲ ਡੀਜ਼ਲ ਦੇ ਰੇਟਾਂ ਨੂੰ ਅੱਗ ਨਹੀਂ ਲੱਗੀ ਹੈ। ਜਿਵੇਂ ਜਿਵੇਂ ਤਾਲਾਬੰਦੀ ਵਿਚ ਖੁੱਲ੍ਹ ਦਿੱਤੀ ਗਈ, ਗੱਡੀ ਮੁੜ ਲੀਹ ਤੇ ਆਉਣੀ ਸ਼ੁਰੂ ਹੋ ਗਈ। ਜਿਸ ਕਾਰਨ ਗਿਣਵੇਂ-ਚੁਣਵੇਂ ਲੋਕਾਂ ਨੂੰ ਹੁਣ ਤੱਕ ਰੋਜ਼ਗਾਰ ਮਿਲ ਸਕਿਆ ਹੈ।ਜਿਸ ਕਾਰਨ ਬੇਰੁਜ਼ਗਾਰੀ ਵਧ ਗਈ ਹੈ। ਲੋਕਾਂ ਨੂੰ ਦੋ ਸਮੇਂ ਦੀ ਰੋਟੀ ਦਾ ਹਿੱਲਾ ਵਸੀਲਾ ਕਰਨ ਲਈ ਡਰ ਸਤਾਉਣ ਲੱਗ ਗਿਆ । ਜਦੋਂ ਪਹਿਲੀ ਤਾਲਾਬੰਦੀ ਕੀਤੀ ਗਈ ਤਾਂ ਲੋਕਾਂ ਨੇ ਆਪਣੇ ਪਰਦੇਸਾਂ ਨੂੰ ਚਾਲੇ ਪਾ ਲਏ। ਰੇਲਵੇ ਲਾਈਨਾਂ ਤੇ ਕਈ ਮਜ਼ਦੂਰ ਟ੍ਰੇਨਾਂ ਦੇ ਥੱਲੇ ਆ ਕੇ ਮਰ ਗਏ। ਕਿਉਂ ਕਿ ਸੜਕੀ ਮਾਰਗ ਰਾਹੀਂ ਪੁਲਿਸ ਉਨ੍ਹਾਂ ਤੇ ਡਾਂਗਾ ਵਰਸਾ ਰਹੀ ਸੀ , ਤਾਂ ਹੀ ਮਜ਼ਦੂਰਾਂ ਨੇ ਆਪਣੇ ਪਰਦੇਸਾਂ ਨੂੰ ਪੈਦਲ ਹੀ ਚਾਲੇ ਪਾ ਲਏ ਸਨ। ਕਈ ਔਰਤਾਂ ਨੇ ਤਾਂ ਰਸਤੇ ਵਿੱਚ ਹੀ ਬੱਚਿਆਂ ਨੂੰ ਜਨਮ ਦੇ ਦਿੱਤਾ ਸੀ। ਕਈ ਪਰਦੇਸੀਆਂ ਦੇ ਤਾਂ ਭੁੱਖਣ ਭਾਣੇ,ਪਿਆਸੇ ਹੀ ਰਸਤੇ ਵਿੱਚ ਹੀ ਪ੍ਰਾਣ ਨਿਕਲ ਗਏ। ਰੱਬ ਨਾ ਕਰੇ ਅਜਿਹਾ ਕਿਸੀ ਤੇ ਮਾੜਾ ਸਮਾਂ ਆ ਜਾਵੇ।
ਤਕਰੀਬਨ ਸਾਰੇ ਸਕੂਲ ,ਕਾਲਜ ,ਯੂਨੀਵਰਸਿਟੀਆਂ ਬੰਦ ਹੋ ਗਈਆਂ। ਘਰ ਤੋਂ ਹੀ ਬੱਚਿਆਂ ਦੀ ਪੜ੍ਹਾਈ ਜਾਰੀ ਹੋ ਗਈ। ਜਦੋਂ ਕੇਸਾਂ ਦੀ ਗਿਣਤੀ ਘੱਟਣ ਲੱਗੀ ਤਾਂ ਸਰਕਾਰਾਂ ਰਾਹੀਂ ਸਕੂਲ ਖੋਲ੍ਹਣ ਦਾ ਫ਼ੈਸਲਾ ਕੀਤਾ ਗਿਆ। ਜਦੋਂ ਕਰੋਨਾ ਦੀ ਦੂਜੀ ਲਹਿਰ ਨੇ ਪਿਛਲੇ ਸਾਲ ਅਪਰੈਲ ਵਿੱਚ ਦਸਤਕ ਦਿੱਤੀ ਤਾਂ ਫਿਰ ਸਕੂਲ ਬੰਦ ਹੋ ਗਏ। ਖਬਰਾਂ ਵੀ ਦੇਖਣ ਨੂੰ ਮਿਲਿਆ ਕਿ ਸ਼ਮਸ਼ਾਨਘਾਟ ਵਿੱਚ ਸੰਸਕਾਰ ਕਰਨ ਲਈ ਲੋਕਾਂ ਨੂੰ 3ਜਾ 4 ਦਿਨ ਦਾ ਇੰਤਜਾਰ ਕਰਨਾ ਪਿਆ। ਯੂਪੀ ਵਰਗੇ ਸੂਬਿਆਂ ਤੋਂ ਖ਼ਬਰਾਂ ਦੇਖਣ ਤੇ ਸੁਨਣ ਨੂੰ ਮਿਲਿਆ ਕਿ ਲੋਕਾਂ ਨੇ ਗੰਗਾ ਦੇ ਨੇੜੇ ਹੀ ਲਾਸ਼ਾਂ ਨੂੰ ਦਫਨਾ ਦਿੱਤਾ। ਚਾਰੇ ਪਾਸੇ ਹਾਹਾਕਾਰ ਮਚ ਚੁੱਕੀ ਸੀ। ਮੈਡੀਕਲ ਦੁਕਾਨਾਂ ਵਾਲਿਆ ਨੇ ਖੂਬ ਕਾਲਾਬਾਜ਼ਾਰੀ ਕੀਤੀ। ਇਨਸਾਨੀਅਤ ਵੀ ਸ਼ਰਮਸਾਰ ਹੋਈ। ਰਾਜਸਥਾਨ ਸੂਬੇ ਦੇ ਕਿਸੇ ਪਿੰਡ ਵਿੱਚ ਇੱਕ ਕੁੜੀ ਦੇ ਮਾਂ-ਬਾਪ ਦੀ ਮਹਾਮਾਰੀ ਕਾਰਨ ਮੌਤ ਹੋ ਗਈ। ਮਜਾਲ ਹੈ ਜੇ ਪਿੰਡ ਦਾ ਕੋਈ ਵੀ ਇਨਸਾਨ ਉਸ ਕੁੜੀ ਦੇ ਨੇੜੇ ਲੱਗਾ ਹੋਵੇ। ਕੁੜੀ ਨੇ ਅੰਤਿਮ ਰਸਮਾਂ ਆਪ ਨਿਭਾਈਆਂ।ਜਦੋਂ ਪਹਿਲੀ ਲਹਿਰ ਆਈ ਤਾਂ ਉਸ ਤੋਂ ਬਾਅਦ ਜਿਵੇਂ-ਜਿਵੇਂ ਤਾਲਾਬੰਦੀ ਨੂੰ ਖੁੱਲ੍ਹ ਦਿੱਤੀ ਗਈ, ਮਹਿੰਗਾਈ ਵਧਦੀ ਗਈ। ਘਰਾਂ ਵਿੱਚ ਰਹਿ ਕੇ ਲੋਕਾਂ ਦਾ ਸੁਭਾਅ ਚਿੜਚਿੜਾ ਹੋ ਗਿਆ। ਖਾਸ ਕਰ ਬਜ਼ੁਰਗ ਜੋ ਆਪਣੇ ਦੋਸਤ ਨਾਲ ਪਾਰਕਾਂ ਵਿੱਚ ਬੈਠਦੇ ਸਨ, ਮਾਨਸਿਕਤਾ ਦਾ ਸ਼ਿਕਾਰ ਹੋ ਗਏ। ਆਤਮ ਹੱਤਿਆ ਦਾ ਰੁਝਾਨ ਬਹੁਤ ਵਧੀਆ।ਬੱਚਿਆਂ ਨੂੰ ਮਾਂ ਬਾਪ ਨਾਲ ਗੱਲ ਕਰਨ ਦਾ ਸਲੀਕਾ ਹੀ ਭੁੱਲ ਗਿਆ। ਕੁਝ ਸਮਾਂ ਬਾਅਦ ਜਦੋਂ ਸਕੂਲ ਦੁਬਾਰਾ ਖੁੱਲ੍ਹੇ ਫਿਰ ਬੱਚਿਆਂ ਨੇ ਸਕੂਲ ਵਿੱਚ ਜਾਣਾ ਸ਼ੁਰੂ ਕਰ ਦਿੱਤਾ। ਪਿਛਲੇ ਸਾਲ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਦੇਸ਼ ਵਿੱਚ ਆਕਸੀਜਨ ਦੀ ਕਮੀ ਪੈਦਾ ਹੋ ਗਈ। ਮੈਡੀਕਲ ਉਪਕਰਨਾਂ ਦੀ ਜੰਮ ਕੇ ਕਾਲਾਬਾਜ਼ਾਰੀ ਹੋਈ। ਵਿਚਾਰਨ ਵਾਲੀ ਗੱਲ ਹੈ ਕਿ ਇਕ ਤਾਂ ਪਰਿਵਾਰ ਤੇ ਮੁਸੀਬਤ ਪਈ ,ਦੂਜਾ ਕਾਲਾਬਾਜ਼ਾਰੀ ਕਰਨ ਵਾਲਿਆਂ ਦਾ ਖੂਬ ਦਾਅ ਲੱਗਿਆ। ਹਸਪਤਾਲਾਂ ਵਿਚ ਬੈਡਾਂ, ਡਾਕਟਰ, ਆਕਸੀਜਨ ਹੋਰ ਕਈ ਤਰ੍ਹਾਂ ਤਰ੍ਹਾਂ ਦੀ ਘਾਟ ਮਹਿਸੂਸ ਕੀਤੀ ਗਈ। ਵੱਡੇ-ਵੱਡੇ ਸ਼ਹਿਰਾਂ ਵਿੱਚ ਸਹੂਲਤਾਂ ਨਾਲ ਲੈਸ ਹਸਪਤਾਲਾਂ ਦਾ ਨਿਰਮਾਣ ਕਰਨਾ ਚਾਹੀਦਾ ਹੈ। ਡਾਕਟਰਾਂ ਦੀ ਕਮੀ ਨੂੰ ਪੂਰਾ ਕਰਨਾ ਚਾਹੀਦਾ ਹੈ। ਮਾੜਾ ਸਮਾਂ ਕੋਈ ਦੱਸ ਕੇ ਥੋੜ੍ਹਾ ਆਉਂਦਾ ਹੈ। ਕੇਂਦਰ ਸਰਕਾਰ ਨੂੰ ਇਸ ਮਹਾਮਾਰੀ ਤੋਂ ਸਬਕ ਲੈ ਕੇ ਵੱਡੇ ਵੱਡੇ ਹਸਪਤਾਲ ਤੇ ਮੈਡੀਕਲ ਸਟਾਫ਼ ਦੀ ਕਮੀ ਨੂੰ ਪੂਰਾ ਕਰਨਾ ਚਾਹੀਦਾ ਹੈ। ਤਾਂ ਜੋ ਅਜਿਹੀ ਆਫਤਾਂ ਤੋਂ ਨਜਿੱਠਿਆ ਜਾ ਸਕੇ।
ਸੰਜੀਵ ਸਿੰਘ ਸੈਣੀ, ਮੋਹਾਲੀ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly