ਉਹ ਦਿਨ ਸਭ ਤੋਂ ਖ਼ਰਾਬ ਹੁੰਦਾ ਹੈ ਜੋ ਬਿਨਾਂ ਹੱਸੇ ਲੰਘ ਜਾਵੇ।

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਹੱਸਣਾ ਇਕ ਨਿਆਮਤ ਹੈ।ਹੱਸਣਾ ਜ਼ਿੰਦਗੀ ਦੀ ਜ਼ਰੂਰਤ ਹੈ।ਹੱਸਦਿਆਂ ਖੇਡਦਿਆਂ ਜ਼ਿੰਦਗੀ ਲੰਘ ਜਾਵੇ ਹੋਰ ਕੀ ਚਾਹੀਦਾ ਹੈ।ਹੱਸਦਿਆਂ ਨੂੰ ਵੇਖ ਕੇ ਬਦੋਬਦੀ ਹਾਸਾ ਆ ਜਾਂਦਾ ਹੈ।ਕਈ ਵਾਰ ਤਾਂ ਅਸੀਂ ਹੱਸਣ ਤੋਂ ਬਾਅਦ ਵਜ੍ਹਾ ਪੁੱਛਦੇ ਹਾਂ ਕਿ ਤੁਸੀਂ ਹੱਸ ਕਿਉਂ ਰਹੇ ਸੀ।ਹੱਸਣਾ ਇੱਕ ਅਜਿਹੀ ਪ੍ਰਕਿਰਿਆ ਹੈ ਜੋ ਮਨ ਦਾ ਭਾਰ ਹੌਲਾ ਕਰਦੀ ਹੈ।ਮਨੁੱਖ ਨੂੰ ਸਾਰੇ ਦੁੱਖ ਤਕਲੀਫ਼ ਭੁਲਾ ਦਿੰਦੀ ਹੈ।ਚਿਹਰੇ ਤੇ ਆਈ ਛੋਟੀ ਜਿਹੀ ਮੁਸਕਾਨ ਰੂਪ ਰੰਗ ਹੀ ਬਦਲ ਦਿੰਦੀ ਹੈ।ਹੱਸਣ ਵਾਲੇ ਦਾ ਸਾਥ ਹਰ ਕਿਸੇ ਨੂੰ ਪਸੰਦ ਹੈ।ਜਿਹੜਾ ਸਾਰਾ ਦਿਨ ਰੋਂਦਾ ਰਹਿੰਦਾ ਹੈ ਉਸ ਕੋਲ ਕੋਈ ਬੈਠਣਾ ਪਸੰਦ ਨਹੀਂ ਕਰਦਾ।ਹੱਸਦੇ ਚਿਹਰੇ ਖੁਸ਼ਨੁਮਾ ਲੱਗਦੇ ਹਨ।ਹਾਸਾ ਪ੍ਰਮਾਤਮਾ ਦਾ ਸਭ ਤੋਂ ਵੱਡਾ ਤੋਹਫ਼ਾ ਹੈ।ਖੁੱਲ੍ਹ ਕੇ ਹੱਸਣ ਤੋਂ ਬਾਅਦ ਮਨ ਹਲਕਾ ਫੁੱਲ ਜਿਹਾ ਹੋ ਜਾਂਦਾ ਹੈ।ਕੁਝ ਪਲਾਂ ਲਈ ਸਾਰੇ ਦੁੱਖ ਤਕਲੀਫ਼ ਭੁੱਲ ਜਾਂਦੇ ਹਨ।ਕਈ ਵਾਰ ਅਸੀਂ ਬਹੁਤ ਸੰਜੀਦਾ ਜਿਹੇ ਮੂਡ ਵਿੱਚ ਹੁੰਦੇ ਹਾਂ।ਮਨ ਤੇ ਭਾਰੂ ਸੋਚ ਵਿਚਾਰ ਕੁਝ ਉਦਾਸ ਕਰ ਦਿੰਦੇ ਹਨ।ਅਜਿਹੇ ਵਿੱਚ ਕੋਈ ਹਸਮੁੱਖ ਦੋਸਤ ਮਿਲਦਾ ਹੈ ਤੇ ਕੋਈ ਲਤੀਫਾ ਸੁਣਾਉਂਦਾ ਹੈ।ਹਾਸਾ ਬਦੋ ਬਦੀ ਨਿਕਲ ਜਾਂਦਾ ਹੈ।ਉਹ ਪਲ ਜ਼ਿੰਦਗੀ ਦਾ ਸਭ ਤੋਂ ਹਸੀਨ ਪਲ ਹੁੰਦਾ ਹੈ ਜਦੋਂ ਅਸੀਂ ਹੱਸਦੇ ਹਾਂ।ਇਸ ਲਈ ਕਿਹਾ ਗਿਆ ਹੈ

ਹੱਸਦਿਆਂ ਦੇ ਘਰ ਵਸਦੇ

ਬਿਲਕੁਲ ਸਹੀ ਹੈ ਕਿ ਹੱਸਦਿਆਂ ਦੇ ਘਰ ਵੱਸਦੇ ਹਨ।ਗੱਲਾਂ ਨੂੰ ਨਜ਼ਰਅੰਦਾਜ਼ ਕਰਕੇ ਹੱਸ ਕੇ ਟਾਲ ਦੇਣ ਵਾਲਾ ਆਪ ਵੀ ਖੁਸ਼ ਰਹਿੰਦਾ ਹੈ ਤੇ ਦੂਜਿਆਂ ਨੂੰ ਵੀ ਖੁਸ਼ ਰੱਖਦਾ ਹੈ।ਦੁੱਖ ਤੇ ਤਕਲੀਫ਼ਾਂ ਹਰ ਕਿਸੇ ਨੂੰ ਹਨ ਪਰ ਜੋ ਚਿਹਰੇ ਤੇ ਮੁਸਕਾਨ ਰੱਖਦਾ ਹੈ ਉਹ ਹਰ ਕਿਸੇ ਨੂੰ ਆਕਰਸ਼ਿਤ ਕਰਦਾ ਹੈ।ਦਿਲ ਤਾਂ ਲੱਗ ਹੀ ਜਾਂਦਾ ਹੈ ਇਹ ਤੁਹਾਡੀ ਮਰਜ਼ੀ ਹੈ ਕਿ ਇਸ ਨੂੰ ਹੱਸ ਕੇ ਬਿਤਾਉਣਾ ਹੈ ਜਾਂ ਰੋ ਕੇ।ਪ੍ਰੇਸ਼ਾਨੀ ਦੇ ਆਲਮ ਵਿੱਚ ਬੁਝੇ ਮਨ ਨਾਲ,ਚਿਹਰੇ ਤੇ ਪ੍ਰੇਸ਼ਾਨੀ ਦੀਆਂ ਲਕੀਰਾਂ ਲੈ ਕੇ ਜਿਹੜਾ ਸਮੱਸਿਆ ਹੱਲ ਹੋ ਜਾਂਦੀ ਹੈ।ਜ਼ਿੰਦਗੀ ਹੈ ਜਨਾਬ ਉੱਪਰ ਨੀਚੇ ਚੱਲਦਾ ਰਹਿੰਦਾ ਹੈ।ਕਦੀ ਸੁੱਖ ਹੈ ਤਾਂ ਕਦੀ ਦੁੱਖ।ਪਰ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਬੀਤਿਆ ਹੈ ਕੋਈ ਵੀ ਪਲ ਦੁਬਾਰਾ ਨਹੀਂ ਆਉਂਦਾ ਤੇ ਇਹ ਵੀ ਨਹੀਂ ਪਤਾ ਕਿ ਕਿਹੜਾ ਪਲ ਸਾਡਾ ਆਖ਼ਰੀ ਪਲ ਹੋਵੇ।ਇਸ ਲਈ ਜ਼ਰੂਰੀ ਹੈ ਕਿ ਹਰ ਪਲ ਨੂੰ ਰੱਜ ਕੇ ਜੀਵਿਆ ਜਾਏ।ਮੁਸਕਰਾਉਂਦੇ ਚਿਹਰੇ ਤੇ ਖਿੜੇ ਹੋਏ ਫੁੱਲ ਸਭ ਨੂੰ ਪਸੰਦ ਹਨ।ਮੰਨਿਆ ਤੁਸੀਂ ਬਹੁਤ ਪਰੇਸ਼ਾਨੀ ਵਿਚ ਹੋ ਪਰ ਆਪਣੇ ਚਿਹਰੇ ਤੇ ਮੁਸਕਾਨ ਰੱਖੋ।ਮਨੋਵਿਗਿਆਨ ਕਹਿੰਦਾ ਹੈ ਕਿ ਚਿਹਰੇ ਦੀ ਮੁਸਕਾਨ ਤੁਹਾਡੇ ਦਿਮਾਗ ਨੂੰ ਖੁਸ਼ ਹੋਣ ਦਾ ਭੁਲੇਖਾ ਪਾਉਂਦੀ ਹੈ ਤੁਸੀਂ ਸਮੱਸਿਆਵਾਂ ਤੋਂ ਪਾਰ ਜ਼ਿੰਦਗੀ ਦਾ ਮਜ਼ਾ ਉਠਾ ਲੈਂਦੇ ਹੋ।ਕਿਸੇ ਵੀ ਚੀਜ਼ ਨੂੰ ਆਪਣੇ ਤੇ ਹਾਵੀ ਨਾ ਹੋਣ ਦਿਓ।ਕੋਈ ਵੀ ਐਸੀ ਸਮੱਸਿਆ ਨਹੀਂ ਜਿਸ ਦਾ ਹੱਲ ਨਹੀਂ।ਜੇ ਹੱਲ ਨਹੀਂ ਸੁਝਦਾ ਤਾਂ ਉਸਨੂੰ ਬਰਦਾਸ਼ਤ ਕਰੋ।ਪਰ ਉਸ ਵਿੱਚ ਗਲਤਾਨ ਹੋ ਕੇ ਇਸ ਬੇਸ਼ਕੀਮਤੀ ਜ਼ਿੰਦਗੀ ਨੂੰ ਬਰਬਾਦ ਨਾ ਕਰੋ।ਹਰ ਪਲ ਦਾ ਆਨੰਦ ਉਠਾਓ।ਕਈ ਵਾਰ ਪ੍ਰੇਸ਼ਾਨੀ ਦੇ ਆਲਮ ਵਿੱਚ ਇੱਕ ਛੋਟਾ ਜਿਹਾ ਬੱਚਾ ਜਦੋਂ ਆ ਕੇ ਆਪਣੀ ਤੋਤਲੀ ਜ਼ੁਬਾਨ ਵਿੱਚ ਗੱਲ ਕਰਦਾ ਹੈ ਤਾਂ ਅਸੀਂ ਮੁਸਕਰਾ ਪੈਂਦੇ ਹਾਂ।ਉਸ ਪਲ ਨੂੰ ਯਾਦ ਕਰੋ।ਮੁਸਕਰਾਓ ਕਿਉਂਕਿ ਜ਼ਿੰਦਗੀ ਇਹੀ ਹੈ।ਪਰੇਸ਼ਾਨੀਆਂ ਤੋਂ ਘਬਰਾਓ ਨਾ ਬਲਕਿ ਹੱਸ ਕੇ ਇਨ੍ਹਾਂ ਦਾ ਸਾਹਮਣਾ ਕਰੋ।ਯਕੀਨ ਜਾਣੋ ਇੱਕ ਮੁਸਕਰਾਹਟ ਹਜ਼ਾਰਾਂ ਪਰੇਸ਼ਾਨੀਆਂ ਨੂੰ ਭਜਾ ਦਿੰਦੀ ਹੈ।ਮੁਸਕਰਾਹਟ ਦੇ ਜਾਦੂ ਦੀ ਤਾਕਤ ਦੇਖਣਾ ਚਾਹੁੰਦੇ ਹੋ ਤਾਂ ਚਿਹਰੇ ਤੇ ਮੁਸਕੁਰਾਹਟ ਰੱਖੋ।ਕੋਈ ਵੀ ਦਿਨ ਜੋ ਬਿਨਾਂ ਮੁਸਕਰਾਏ ਬਿਨਾਂ ਹੱਸੇ ਬੀਤਦਾ ਹੈ ਉਹ ਜ਼ਿੰਦਗੀ ਵਿੱਚੋਂ ਮਨਫ਼ੀ ਹੁੰਦਾ ਹੈ ਨਾਲ ਹੀ ਨਾਲ ਸਾਡੇ ਵਿੱਚੋਂ ਵੀ ਬਹੁਤ ਕੁਝ ਮਨਫ਼ੀ ਕਰ ਜਾਂਦਾ ਹੈ। ਖੁੱਲ੍ਹ ਕੇ ਹੱਸੋ।ਕੋਈ ਸਮੱਸਿਆ ਇੰਨੀ ਵੱਡੀ ਨਹੀਂ ਕਿ ਤੁਹਾਡੇ ਹੱਸਦੇ ਚਿਹਰੇ ਦੇ ਸਾਹਮਣੇ ਟਿਕ ਜਾਏ।ਹਰ ਪਲ ਹੱਸਦੇ ਰਹੋ।ਇਹ ਤੁਹਾਡਾ ਹੱਕ ਵੀ ਹੈ ਅਤੇ ਜ਼ਰੂਰਤ ਵੀ।ਖੁੱਲ੍ਹ ਕੇ ਹੱਸੋ ਤੇ ਰੱਜ ਕੇ ਜੀਓ।

ਹਰਪ੍ਰੀਤ ਕੌਰ ਸੰਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਠਫੋੜਾ ਤੇ ਚਿੜੀ
Next articleਵਿਸ਼ਵ ਕਵਿਤਾ ਦਿਵਸ