ਹੋਲਾ ਮਹੱਲਾ

(ਸਮਾਜ ਵੀਕਲੀ)

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਈ: ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ ਜਿਸ ਰਾਹੀਂ ਨਵਾਂ ਪੰਥ ਨਵੀਂ ਕੌਮ ਦੀ ਸਿਰਜਣਾ ਹੋਈ ਜੋ ਸੂਰਬੀਰਤਾ ,ਪਿਆਰ ਮਿਠਾਸ, ਰੱਬੀ ਗੁਣਾਂ ਵਾਲੀ ਕੁਰਬਾਨੀਆਂ ਭਰਪੂਰ ਕੌਮ ਹੈ। ਖਾਲਸਾ ਹਮੇਸ਼ਾ ਜੁਲਮਾਂ  ਖ਼ਿਲਾਫ ਲੜਦਾ ਹੈ। ਖਾਲਸਾ ਪੰਥ ਨੇ ਦੱਬੇ ਕੁਚਲੇ ਤੇ ਲਿਤਾੜੇ ਜਾ ਰਹੇ ਆਮ ਲੋਕਾਂ ਵਿੱਚ ਸਵੈਮਾਨ ਜਗਾਇਆ ਤੇ ਸਭ ਤੋਂ ਉਪਰਲੀ ਕਤਾਰ ਤੇ ਲੈ ਆਂਦਾ ਹੈ।ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਹੋਲੀ ਦੇ ਤਿਉਹਾਰ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਂਦਾ ਹੈ। ਹੋਲਾ ਮਹੱਲਾ ਸਬਦ ਦੇ ਅਰਥ ਵਿਲੱਖਣ ਹਨ ਜੋ ਅਰਬੀ ਫ਼ਾਰਸੀ ਭਾਸ਼ਾ ਦੇ ਸ਼ਬਦਾਂ ਤੋਂ ਬਣੇ ਹਨ।ਹੋਲਾ ਅਰਬੀ  ਭਾਸ਼ਾ ਦੇ ਸ਼ਬਦ ਹੂਲ ਤੋਂ ਬਣਿਆ ਜਿਸਦਾ ਭਾਵ ਹੈ ਹੱਲਾ ਬੋਲਣਾ , ਨੇਕ ਤੇ ਭਲੇ ਦੇ ਕੰਮਾਂ ਲਈ  ਜੂਝਣਾਂ,ਤਲਵਾਰ ਦੀ ਧਾਰ ਤੇ ਚੱਲਣਾ, ਸੀਸ ਤਲੀ ਤੇ ਧਰ ਕੇ ਲੜਨਾ ਆਦਿ। ਪੰਜਾਬੀ ਲੋਕਧਾਰਾ ਵਿਸ਼ਵਕੋਸ਼ ਮੁਤਾਬਿਕ ਮਹੱਲਾ ਅਰਬੀ ਭਾਸ਼ਾ ਦੇ ਸ਼ਬਦ ਮਹੱਲਹੋ ਤੋਂ ਬਣਿਆ ਜਿਸ ਦਾ ਭਾਵ ਹੈ  ਜਿੱਤ ਪ੍ਰਾਪਤ ਕਰਕੇ ਫਤਿਹ ਵਾਲੀ ਦੀ ਥਾਂ ਤੇ ਪੜਾਅ ਕਰਨਾ। ਹੋਲਾ ਮਹੱਲਾ ਸੰਮਤ 1757 (1700  ਈ:) ਨੂੰ ਅਨੰਦਪੁਰ ਸਾਹਿਬ ਜੀ ਦੀ ਪਵਿੱਤਰ ਧਰਤੀ ਤੇ ਕਿਲਾ ਹੋਲਗੜ੍ਹ ਤੋਂ ਸ਼ੁਰੂ ਹੋਇਆ।ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਦਿੰਦੇ ਤੇ ਖ਼ਾਲਸਾਈ ਖੇਡਾਂ ਕਰਵਾਉਂਦੇ। ਬਨਾਉਟੀ ਲੜਾਈ ਨੂੰ ਮਨਸੂਈ ਵੀ ਕਹਿੰਦੇ ਹਨ। ਜਿਹੜਾ ਧੜਾ ਜਿੱਤ ਜਾਂਦਾ ਉਹਨਾਂ ਨੂੰ ਸਿਰੋਪਾਓ ਦਿੱਤੇ ਜਾਂਦੇ ਤੇ ਖ਼ੁਸ਼ੀ ਮਨਾਈ ਜਾਂਦੀ। ਗੁਰੂ ਗੋਬਿੰਦ ਸਿੰਘ ਜੀ ਆਪ ਮਨਸੂਈ ਲੜਾਈ ਵਿੱਚ ਸ਼ਾਮਿਲ ਹੁੰਦੇ । ਇੱਥੇ ਦੀਵਾਨ ਸਜਦੇ ਤੇ ਬੀਰ ਰਸ ਦੀਆਂ ਵਾਰਾਂ ਗਾਈਆਂ ਜਾਂਦੀਆਂ। ਇਸ ਸਮੇਂ ਜੋ ਲੋਕ ਵੇਖਣ ਲਈ ਆਉਂਦੇ ਉਹਨਾਂ ਦਾ ਜੀਵਨ ਬਦਲ ਜਾਂਦਾ ਤੇ ਅਣਖ ਜਾਗ ਪੈਂਦੀ। ਇਸ ਤਰਾਂ ਦੱਬੇ ਕੁਚਲੇ ਲਿਤਾੜੇ ਆਮ ਲੋਕ ਬਹਾਦਰ ਨਿੱਡਰ ਤੇ ਨਿਰਭੈ ਹੋ ਗਏ ਤੇ ਹਰ ਕੁਰਬਾਨੀ ਲਈ ਤਿਆਰ ਬਰ ਤਿਆਰ ਯੋਧੇ ਬਣ ਗਏ। ਹਰ ਪਾਸੇ ਚੜ੍ਹਦੀ ਕਲਾ ਦਾ ਮਹੌਲ ਹੁੰਦਾ ਤੇ ਖ਼ੁਸ਼ੀ ਦੇ ਜੈਕਾਰੇ ਗੂੰਜਦੇ। ਹੁਣ ਹੋਲੇ ਮਹੱਲੇ ਤੇ ਲੱਖਾਂ ਸੰਗਤਾਂ ਅਨੰਦਪੁਰ ਸਾਹਿਬ ਆਉਂਦੀਆਂ ਹਨ ਤੇ ਗੁਰੂ ਦੀ ਦੇ ਦਰਸ਼ਨ ਦੀਦਾਰੇ ਕਰਦੀਆਂ ਹਨ। ਸੰਗਤਾਂ ਇਕ ਦੂਜੇ ਤੇ ਰੰਗ ਪਾਉਂਦੀਆਂ ਤੇ ਖ਼ੁਸ਼ੀ ਮਨਾਉਂਦੀਆਂ ਹਨ। ਖਾਲਸਾਈ ਖੇਡਾਂ ਦਾ ਨਜ਼ਾਰਾ ਹੀ ਵੱਖਰਾ ਹੁੰਦਾ ਹੈ। ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਦੇ ਗੱਤਕੇ ਦੇ ਜੌਹਰ ਵੇਖਣ ਵਾਲੇ ਹੁੰਦੇ ਹਨ। ਸੰਗਤਾਂ ਗੱਤਕੇ ਦੇ ਜੌਹਰ ਵੇਖ ਕੇ ਹੈਰਾਨ ਤੇ ਖ਼ੁਸ਼ ਹੋ ਕੇ ਭਰਪੂਰ ਆਨੰਦਿਤ ਹੁੰਦੀਆਂ ਹਨ। ਇੱਥੇ ਲਗਦੇ ਲੰਗਰਾਂ ਦੀ ਖ਼ੁਸ਼ਬੋ ਤੇ ਸੁਆਦ ਦਾ ਵੱਖਰਾ ਹੀ ਅਨੰਦ ਹੈ। ਰੱਬੀ ਬਾਣੀ ਸੁਣ ਕੇ ਸੰਗਤਾ ਨਿਹਾਲ ਹੁੰਦੀਆਂ ਹਨ।
ਭਾਈ ਨੰਦ ਲਾਲ ਜੀ ਦੀ ਰਚਨਾ ਜੋ ਹੋਲੇ ਮਹੱਲੇ ਦੇ ਦਰਸ਼ਨ ਕਰਵਾਉਂਦੀ ਹੈ ਜਿਸ ਵਿੱਚ ਗੁਰੂ ਗੋਬਿੰਦ ਸਿੰਘ ਜੀ ਆਪ ਸ਼ਾਮਿਲ ਹੁੰਦੇ  —
”  ਗੁਲੇ ਹੋਲੀ ਬ ਬਾਗੇ ਦਰ ਬੂ ਕਰਦ। “
ਭਾਈ ਨੰਦ ਲਾਲ ਜੀ ਰਚਨਾ ਅਨੁਸਾਰ ਹੋਲੀ ਦੇ ਫੁੱਲ ਖਿੜਨ ਨਾਲ ਸਾਰਾ ਬਾਗ ਸੁਗੰਧੀਆਂ ਨਾਲ ਭਰ ਗਿਆ। ਦਸ਼ਮੇਸ਼ ਪਿਤਾ ਦਾ ਚਿਹਰਾ ਖਿੜ ਗਿਆ। ਅੰਬਰਾਂ ਤੋਂ ਮਾਨੋ ਗੁਲਾਬ ਕਸਤੂਰੀ ਦਾ ਮੀਂਹ ਵਰਸਣ ਲੱਗਾ। ਕੇਸਰ ਪਿਚਕਾਰੀ ਨੇ  ਸਫੈਦ ਕੱਪੜਿਆਂ ਨੂੰ ਰੰਗਾਂ ਨਾਲ ਭਰ ਦਿੱਤਾ। ਦਸ਼ਮੇਸ਼ ਪਿਤਾ ਜੀ ਦੁਆਰਾ ਕੀਤੀ ਗੁਲਾਲ ਦੀ ਵਰਖਾ ਨਾਲ ਧਰਤੀ ਤੇ ਅਕਾਸ਼ ਸੂਹਾ ਹੋ ਗਿਆ। ਇਸ ਤਰਾਂ ਸਭਨਾਂ ਦੇ ਚਿਹਰੇ ਪਾਤਿਸ਼ਾਹ ਦੇ ਦਰਸ਼ਨ ਤੇ ਰੱਬੀ ਨੂਰ ਦੀ ਵਰਖਾ ਨਾਲ ਖਿੜ ਗਏ।
ਗਿਆਨੀ ਪਿੰਦਰਪਾਲ ਸਿੰਘ ਜੀ ਨੇ ਹੋਲੇ ਮਹੱਲੇ ਦੀ ਸੀਨ ਸਾਨੂੰ ਬਖ਼ਸ਼ਿਸ਼ ਕੀਤਾ —
ਰੰਗ ਕੁਸੰਭੜਾ ਦੁਨੀਆ ਕੇਰਾ,
    ਦਿਵਸ ਚਾਰ ਬਸ ਰਹਿੰਦਾ।
ਰੰਗ ਮਜੀਠੜਾ ਸਤਿਗੁਰ ਕੇਰਾ,
    ਨਾ ਫਿਕਾ ਪਵੇ ਨਾ ਰਹਿੰਦਾ।
ਨਾਮ ਰੰਗ ਦੀ ਭਰ ਪਿਚਕਾਰੀ ,
       ਜਦ ਕਲਗੀ ਵਾਲੇ ਮਾਰੀ।
ਬੇਰੰਗੇ ਚੋਲੇ ਐਸੇ ਰੰਗੇ,
ਚੜ੍ਹ ਗਈ ਨਾਮ ਖੁਮਾਰੀ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੇਂਟ ਜੂਡਸ ਕਾਨਵੈਂਟ ਸਕੂਲ ਮਹਿਤਪੁਰ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਹੋਈ
Next articleRussia to propose 10-yr ban on foreign firms which don’t return by May 1