(ਸਮਾਜ ਵੀਕਲੀ): ਬੱਸੀ ਪਠਾਣਾਂ ਤੋਂ ਹਾਰੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਚੰਨੀ ਨੂੰ ਹਾਰ ਲਈ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਂਦਾ ਤਾਂ ਪਾਰਟੀ 50 ਸੀਟਾਂ ਜਿੱਤ ਲੈਂਦੀ। ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਨ੍ਹਾਂ ਨੂੰ ਬਿਨਾਂ ਕਿਸੇ ਕਸੂਰ ਦੇ ਹੀ ਕੈਬਨਿਟ ’ਚੋਂ ਹਟਾਇਆ ਗਿਆ। ਉਨ੍ਹਾਂ ਕਿਹਾ ਕਿ ਸਿੱਧੂ ਤੇ ਚੰਨੀ ਵਿਚ ਕੋਈ ਤਾਲਮੇਲ ਨਹੀਂ ਸੀ ਅਤੇ ਦੋਵਾਂ ਦੀ ਬੋਲਬਾਣੀ ਕਾਂਗਰਸ ਨੂੰ ਲੈ ਡੁੱਬੀ। ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ ਨੇ ਕਿਹਾ ਕਿ ਇਹ ਮੰਥਨ ਕਰਨ ਦੀ ਲੋੜ ਹੈ ਪੰਜਾਬ ਵਿਚ ਦਲਿਤ ਨੂੰ ਮੁੱਖ ਮੰਤਰੀ ਬਣਾਏ ਜਾਣ ਦਾ ਪਾਰਟੀ ਨੂੰ ਸਿਆਸੀ ਲਾਹਾ ਕਿਉਂ ਨਹੀਂ ਮਿਲਿਆ।
ਭਾਰਤ ਭੂਸ਼ਨ ਆਸ਼ੂ ਨੇ ਕਿਹਾ ਕਿ ਇਸ ਵੇਲੇ ਪਾਰਟੀ ਨੂੰ ਖੜ੍ਹਾ ਕਰਨ ਦੀ ਲੋੜ ਹੈ ਅਤੇ ਹਾਰਿਆਂ ਨੂੰ ਤਕੜੇ ਕਰਨ ਦੀ ਲੋੜ ਹੈ। ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਨੇ ਕਿਹਾ ਕਿ ਕਾਂਗਰਸ ਦੀ ਅੰਦਰੂਨੀ ਲੜਾਈ ਪਾਰਟੀ ਲਈ ਨੁਕਸਾਨ ਦਾ ਕਾਰਨ ਬਣੀ ਹੈ। ਦਰਸ਼ਨ ਬਰਾੜ ਅਤੇ ਰਾਜਾ ਵੜਿੰਗ ਨੇ ਵੀ ਇਹੋ ਕਿਹਾ। ਪਰਗਟ ਸਿੰਘ ਨੇ ਕਿਹਾ ਕਿ ਚੋਣਾਂ ਵਿਚ ਨਮੋਸ਼ੀਜਨਕ ਹਾਰ ਦੀ ਸਮੂਹਿਕ ਰੂਪ ਵਿਚ ਜ਼ਿੰਮੇਵਾਰੀ ਲੈਂਦਿਆਂ ਇੱਕ ਦੂਜੇ ’ਤੇ ਇਲਜ਼ਾਮਤਰਾਸ਼ੀ ਤੋਂ ਗੁਰੇਜ਼ ਕੀਤਾ ਜਾਵੇ। ਹਰੀਸ਼ ਚੌਧਰੀ ਨੇ ਕਿਹਾ ਕਿ ਉਹ ਪੰਜਾਬ ਚੋਣਾਂ ਵਿਚ ਮਿਲੀ ਹਾਰ ਦੀ ਜ਼ਿੰਮੇਵਾਰੀ ਲੈਂਦੇ ਹਨ ਅਤੇ ਉਹ ਸਭਨਾਂ ਤੋਂ ਫੀਡ ਬੈਕ ਲੈ ਕੇ ਹਾਈਕਮਾਨ ਨੂੰ ਰਿਪੋਰਟ ਦੇਣਗੇੇ।